ਸਾਬਕਾ ਕਪਤਾਨ ਜੈਸੂਰਿਆ ਸ੍ਰੀਲੰਕਾ ਦਾ ਅੰਤਰਿਮ ਕੋਚ ਨਿਯੁਕਤ
ਕੋਲੰਬੋ, 8 ਜੁਲਾਈ
ਸ੍ਰੀਲੰਕਾ ਦੇ ਸਾਬਕਾ ਕਪਤਾਨ ਸਨਤ ਜੈਸੂਰਿਆ ਨੂੰ ਇਸ ਮਹੀਨੇ ਦੇ ਅਖੀਰ ਵਿੱਚ ਭਾਰਤ ਖ਼ਿਲਾਫ਼ ਹੋਣ ਵਾਲੀ ਸੀਮਿਤ ਓਵਰਾਂ ਦੀ ਘਰੇਲੂ ਲੜੀ ਤੋਂ ਪਹਿਲਾਂ ਟੀਮ ਦਾ ਅੰਤਰਿਮ ਮੁੱਖ ਕੋਚ ਨਾਮਜ਼ਦ ਕੀਤਾ ਗਿਆ ਹੈ। ਦੇਸ਼ ਦੇ ਕ੍ਰਿਕਟ ਬੋਰਡ ਅਨੁਸਾਰ ਅਗਲੇ ਕੁੱਝ ਮਹੀਨਿਆਂ ਵਿੱਚ ਸਥਾਈ ਹੱਲ ਮਿਲਣ ਤੱਕ ਉਹ ਟੀਮ ਦਾ ਮਾਰਗਦਰਸ਼ਨ ਕਰਨ ਲਈ ਸਹੀ ਵਿਅਕਤੀ ਹੈ। ਭਾਰਤੀ ਟੀਮ 27 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਤਿੰਨ ਟੀ20 ਕੌਮਾਂਤਰੀ ਅਤੇ ਇੰਨੇ ਹੀ ਇੱਕ ਰੋਜ਼ਾ ਮੈਚਾਂ ਲਈ ਸ੍ਰੀਲੰਕਾ ਦਾ ਦੌਰਾ ਕਰੇਗੀ। ਸ੍ਰੀਲੰਕਾ ਕ੍ਰਿਕਟ (ਐੱਸਐੱਲਸੀ) ਨੇ ਇੱਥੇ ਬਿਆਨ ਜਾਰੀ ਕਰਦਿਆਂ ਕਿਹਾ, ‘‘ਸ੍ਰੀਲੰਕਾ ਕ੍ਰਿਕਟ ਸਨਤ ਜੈਸੂਰਿਆ ਨੂੰ ਰਾਸ਼ਟਰੀ ਟੀਮ ਦੇ ‘ਅੰਤਰਿਮ ਮੁੱਖ ਕੋਚ’ ਵਜੋਂ ਨਿਯੁਕਤ ਕਰਨ ਦਾ ਐਲਾਨ ਕਰਦਾ ਹੈ। ਉਹ ਸਤੰਬਰ, 2024 ਵਿੱਚ ਸ੍ਰੀਲੰਕਾ ਦੇ ਇੰਗਲੈਂਡ ਦੌਰੇ ਦੇ ਪੂਰੇ ਹੋਣ ਤੱਕ ਇਸ ਅਹੁਦੇ ’ਤੇ ਸੇਵਾਵਾਂ ਨਿਭਾਉਣਗੇ।’’ ਸ਼ਾਨਦਾਰ ਬੱਲੇਬਾਜ਼ੀ ਨਾਲ ਸਪਿੰਨ ਗੇਂਦਬਾਜ਼ੀ ਕਰਨ ਵਾਲਾ 55 ਸਾਲਾ ਸਾਬਕਾ ਖਿਡਾਰੀ ਜੈਸੂਰਿਆ ਇੰਗਲੈਂਡ ਦੇ ਕ੍ਰਿਸ ਸਿਲਵਰਵੁੱਡ ਦੀ ਥਾਂ ਅੰਤਰਿਮ ਆਧਾਰ ’ਤੇ ਟੀਮ ਦੀ ਜ਼ਿੰਮੇਵਾਰੀ ਸੰਭਾਲੇਗਾ। ਸਿਲਵਰਵੁੱਡ ਨੇ ਟੀ20 ਵਿਸ਼ਵ ਕੱਪ ਵਿੱਚ ਟੀਮ ਦੇ ਮਾੜੇ ਪ੍ਰਦਰਸ਼ਨ ਮਗਰੋਂ ਅਸਤੀਫਾ ਦੇ ਦਿੱਤਾ ਸੀ। ਐੱਸਐੱਲਸੀ ਦੇ ਸੀਈਓ ਐਸ਼ਲੇ ਡੀ ਸਿਲਵਾ ਨੇ ਕਿਹਾ, ‘‘ਜੈਸੂਰਿਆ ਦੀ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ।’’ -ਪੀਟੀਆਈ