ਭਾਰਤ ਨੇ ਸ਼ੇਖ ਹਸੀਨਾ ਦੇ ਵੀਜ਼ੇ ਦੀ ਮਿਆਦ ਵਧਾਈ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 8 ਜਨਵਰੀ
ਭਾਰਤ ਨੇ ਬੰਗਲਾਦੇਸ਼ ਦੀ ਬਰਖ਼ਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇੇ ਵੀਜ਼ੇ ਦੀ ਮਿਆਦ ਵਧਾ ਦਿੱਤੀ ਹੈ। ਹਸੀਨਾ ਪਿਛਲੇ ਸਾਲ ਅਗਸਤ ਤੋਂ ਭਾਰਤ ਵਿਚ ਰਹਿ ਰਹੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ, ਪਰ ਸੂਤਰਾਂ ਮੁਤਾਬਕ ਫੌਰਨਰਜ਼ ਰੀਜਨਲ ਰਜਿਸਟਰੇਸ਼ਨ ਦਫ਼ਤਰ (ਐੱਫਆਰਆਰਓ) ਨੂੰ ਹਸੀਨਾ ਦੀ ਭਾਰਤ ਵਿਚ ਠਹਿਰ ’ਚ ਵਾਧੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਐੱਫਆਰਆਰਓ ਸਿੱਧੇ ਤੌਰ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਆਉਂਦਾ ਹੈ ਤੇ ਇਸ ਕੋਲ ਸਾਰੇ ਵਿਦੇਸ਼ੀਆਂ ਨੂੰ ਜਾਰੀ ਵੀਜ਼ਿਆਂ ਦਾ ਰਿਕਾਰਡ ਹੁੰਦਾ ਹੈ।
ਹਸੀਨਾ ਦਾ ਵੀਜ਼ਾ ਅਜਿਹੇ ਮੌਕੇ ਵਧਾਇਆ ਗਿਆ ਹੈ ਜਦੋਂ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਹਸੀਨਾ ਦੀ ਹਵਾਲਗੀ ਸਬੰਧੀ ਭਾਰਤ ਕੋਲੋਂ ਲਗਾਤਾਰ ਮੰਗ ਕਰ ਰਹੀ ਹੈ। ਬੰਗਲਾਦੇਸ਼ ਹਾਈ ਕਮਿਸ਼ਨ ਨੇ ਇਸ ਸਬੰਧੀ ਰਸਮੀ ਨੋਟਿਸ ਭੇਜਿਆ ਹੈ ਤੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਨੋਟਿਸ ਮਿਲਣ ਦੀ ਪੁਸ਼ਟੀ ਵੀ ਕੀਤੀ ਹੈ। ਚੇਤੇ ਰਹੇ ਕਿ ਸ਼ੇਖ ਹਸੀਨਾ ਵਿਵਾਦਿਤ ਰਾਖਵਾਂਕਰਨ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਕੀਤੇ ਪ੍ਰਦਰਸ਼ਨਾਂ ਦੇ ਹਿੰਸਕ ਰੂਪ ਧਾਰਨ ਮਗਰੋਂ ਅਹੁਦਾ ਛੱਡ ਕੇ ਫੌਜੀ ਜਹਾਜ਼ ਰਾਹੀਂ ਭਾਰਤ ਆ ਗਈ ਸੀ। ਸੂਤਰਾਂ ਨੇ ਕਿਹਾ ਕਿ ਹਸੀਨਾ ਦਾ ਸਿਰਫ਼ ਵੀਜ਼ਾ ਵਧਾਇਆ ਗਿਆ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਸਿਆਸੀ ਸ਼ਰਣ ਦੀ ਪੇਸ਼ਕਸ਼ ਕੀਤੀ ਗਈ ਹੈ। ਹਸੀਨਾ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਤਹਿਤ ਦਿੱਲੀ ਵਿਚ ਇਕ ਅਣਦੱਸੇ ਟਿਕਾਣੇ ’ਤੇ ਰੱਖਿਆ ਗਿਆ ਹੈ।