ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਭਾਜਪਾ ਵਿੱਚ ਸ਼ਾਮਲ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 19 ਮਾਰਚ
ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਅੱਜ ਰਸਮੀ ਤੌਰ ’ਤੇ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਭਾਰਤੀ ਜਨਤਾ ਪਾਰਟੀ ਵਿੱਚ ਜੀ ਆਇਆਂ ਕਿਹਾ। ਉਨ੍ਹਾਂ ਦੇ ਨਾਲ ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਅਤੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ।
ਸਮੁੰਦਰੀ ਪਰਿਵਾਰ ਨਾਲ ਸਬੰਧਤ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਅਮਰੀਕਾ ਵਿੱਚ ਭਾਰਤ ਦੇ ਸਫੀਰ ਰਹਿ ਚੁੱਕੇ ਹਨ। ਸੇਵਾਮੁਕਤੀ ਤੋਂ ਬਾਅਦ ਉਹ ਅੰਮ੍ਰਿਤਸਰ ਵਿਚ ਹਨ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰਾਂ ਦੀ ਕਤਾਰ ਵਿਚ ਦੇਖਿਆ ਜਾ ਰਿਹਾ ਹੈ ।
ਨਵੀਂ ਦਿਲੀ ਵਿੱਚ ਅੱਜ ਭਾਜਪਾ ਆਗੂ ਸ੍ਰੀ ਤਾਵੜੇ ਨੇ ਸ੍ਰੀ ਸੰਧੂ ਨੂੰ ਭਾਜਪਾ ਵਿਚ ਸ਼ਾਮਿਲ ਕਰਨ ਮੌਕੇ ਉਨ੍ਹਾਂ ਦੇ ਪਰਿਵਾਰਕ ਪਿਛੋਕੜ ’ਤੇ ਰੋਸ਼ਨੀ ਪਾਈ। ਉਨ੍ਹਾਂ ਕਿਹਾ ਕਿ ਸ੍ਰੀ ਸੰਧੂ ਦੇ ਦਾਦਾ ਤੇਜਾ ਸਿੰਘ ਸਮੁੰਦਰੀ ਸਨ , ਜਿਨ੍ਹਾਂ ਗੁਰਦੁਆਰਾ ਸੁਧਾਰ ਲਹਿਰ ਅਤੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੇ ਮਾਪਿਆਂ ਦੀ ਸਿੱਖਿਆ ਦੇ ਖੇਤਰ ਵਿੱਚ ਅਹਿਮ ਦੇਣ ਹੈ। ਪਿਤਾ ਬਿਸ਼ਨ ਸਿੰਘ ਸਮੁੰਦਰੀ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਹਨ। ਉਨ੍ਹਾਂ ਵੱਖ-ਵੱਖ ਮੁਲਕਾਂ ਵਿੱਚ ਭਾਰਤੀ ਸਫੀਰ ਵਜੋਂ ਅਹਿਮ ਸੇਵਾਵਾਂ ਨਿਭਾਈਆਂ।
ਇਸ ਮੌਕੇ ਸ੍ਰੀ ਸੰਧੂ ਨੇ ਭਾਜਪਾ ਪ੍ਰਧਾਨ ਜੇਪੀ ਨੱਢਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਿਛਲੇ 10 ਸਾਲ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਕੰਮ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤ ਦੀ ਸਾਂਝ ਹੁਣ ਭਾਈਵਾਲੀ ’ਚ ਬਦਲ ਚੁੱਕੀ ਹੈ। ਅਮਰੀਕੀ ਕੰਪਨੀਆਂ ਭਾਰਤ ’ਚ ਪੂੰਜੀ ਨਿਵੇਸ਼ ਕਰ ਰਹੀਆਂ ਹਨ। ਇਸ ਨਿਵੇਸ਼ ਦਾ ਲਾਭ ਅੰਮ੍ਰਿਤਸਰ ਤੇ ਪੰਜਾਬ ਨੂੰ ਵੀ ਹੋਣਾ ਚਾਹੀਦਾ ਹੈ। ਗੁਰੂ ਨਗਰੀ ਅੰਮ੍ਰਿਤਸਰ ਉਸ ਦਾ ਹੋਮ ਟਾਊਨ ਹੈ। ਅੰਮ੍ਰਿਤਸਰ ਦੀ ਸਿੱਖਿਆ, ਵਪਾਰ, ਉਦਯੋਗ, ਮੈਡੀਕਲ-ਹੈਲਥ ਕੇਅਰ, ਟੂਰਿਜ਼ਮ, ਖੇਤੀ ਸੈਕਟਰ ਵਿੱਚ ਵਿਕਾਸ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਵਿਕਾਸ ਨੀਤੀਆਂ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਅੰਮ੍ਰਿਤਸਰ ਵੀ ਪਹੁੰਚਣੀਆਂ ਚਾਹੀਦੀਆਂ ਹਨ।
23 ਜਨਵਰੀ 1963 ਨੂੰ ਜਨਮੇ ਸ੍ਰੀ ਸੰਧੂ ਨੇ ਆਪਣੀ ਸਕੂਲੀ ਪੜ੍ਹਾਈ ਸੇਕਰਡ ਹਾਰਟ ਸਕੂਲ ਅਤੇ ਸੇਂਟ ਫਰਾਂਸਿਸ ਸਕੂਲ ਅੰਮ੍ਰਿਤਸਰ ਤੋਂ ਅਤੇ ਫਿਰ ਲਾਰੈਂਸ ਸਕੂਲ, ਸਨਾਵਰ ਵਿੱਚ ਕੀਤੀ। ਸੇਂਟ ਸਟੀਫਨਜ਼ ਕਾਲਜ, ਦਿੱਲੀ ਤੋਂ ਇਤਿਹਾਸ (ਆਨਰਜ਼) ਨਾਲ ਗਰੈਜੂਏਸ਼ਨ ਕੀਤੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਅੰਤਰਰਾਸ਼ਟਰੀ ਸਬੰਧਾਂ ਵਿੱਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦੀ ਪਤਨੀ ਸ੍ਰੀਮਤੀ ਰੀਨਤ ਸੰਧੂ ਵੀ ਭਾਰਤੀ ਵਿਦੇਸ਼ ਸੇਵਾ ਵਿੱਚ ਇੱਕ ਸੀਨੀਅਰ ਅਧਿਕਾਰੀ ਵਜੋਂ ਸੇਵਾ ਨਿਭਾ ਰਹੇ ਹਨ। ਭਾਰਤੀ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋਣ ਮਗਰੋਂ ਸ੍ਰੀ ਸੰਧੂ ਅੱਜ-ਕੱਲ੍ਹ ਇੱਥੇ ਗਰੀਨ ਐਵਿਨਿਊ ਵਿੱਚ ਸਥਿਤ ਆਪਣੇ ਗ੍ਰਹਿ ਸਮੁੰਦਰੀ ਹਾਊਸ ਵਿਚ ਰਹਿ ਰਹੇ ਹਨ।