‘ਆਪ’ ਦੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਕਾਂਗਰਸ ’ਚ ਸ਼ਾਮਲ
* ‘ਨਵਾਂ ਪੰਜਾਬ ਪਾਰਟੀ’ ਦਾ ਕਾਂਗਰਸ ’ਚ ਰਲੇਵਾਂ
* ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵੀ ਸਮਾਗਮ ’ਚ ਰਹੇ ਹਾਜ਼ਰ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 1 ਅਪਰੈਲ
ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇੱਥੇ ਕਾਂਗਰਸ ਦੇ ਮੁੱਖ ਦਫ਼ਤਰ ’ਤੇ ਸੀਨੀਅਰ ਪਾਰਟੀ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦੀ ਕਾਂਗਰਸ ਵਿੱਚ ਸ਼ਮੂਲੀਅਤ ਲੋਕ ਸਭਾਂ ਚੋਣਾਂ ਤੋਂ ਠੀਕ ਪਹਿਲਾਂ ਹੋਈ ਹੈ। ਕਾਂਗਰਸ ਵੱਲੋਂ ਧਰਮਵੀਰ ਗਾਂਧੀ ਨੂੰ ਪਟਿਆਲਾ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਉਨ੍ਹਾਂ ਸਾਲ 2014 ਵਿੱਚ ‘ਆਪ’ ਦੀ ਟਿਕਟ ਤੋਂ ਚੋਣ ਲੜੀ ਸੀ ਅਤੇ ਪਟਿਆਲਾ ਸੀਟ ਤੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾ ਕੇ ਸੰਸਦ ਮੈਂਬਰ ਬਣੇ ਸਨ। ਉਹ ਕਿੱਤੇ ਵਜੋਂ ਡਾਕਟਰ ਹਨ ਅਤੇ ਉਨ੍ਹਾਂ 2016 ਵਿੱਚ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਬਾਅਦ ਵਿੱਚ ਆਪਣੀ ‘ਨਵਾਂ ਪੰਜਾਬ ਪਾਰਟੀ’ ਬਣਾ ਲਈ ਸੀ ਜਿਸ ਦਾ ਅੱਜ ਕਾਂਗਰਸ ਵਿੱਚ ਰਲੇਵਾਂ ਹੋ ਗਿਆ ਹੈ। ਕਾਂਗਰਸੀ ਆਗੂ ਪਵਨ ਖੇੜਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਧਰਮਵੀਰ ਗਾਂਧੀ ਦਾ ਪਾਰਟੀ ਵਿੱਚ ਸਵਾਗਤ ਕੀਤਾ। ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਕਾਂਗਰਸ ਮਜ਼ਬੂਤ ਹੋਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਡਾਕਟਰੀ ਵਰਗੇ ਅਹਿਮ ਕਿੱਤੇ ਤੋਂ ਪਾਰਟੀ ਵਿੱਚ ਸ਼ਾਮਲ ਹੋਣਾ ਸ਼ੁੱਭ ਸੰਕੇਤ ਹੈ। ਇਸ ਮੌਕੇ ਧਰਮਵੀਰ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਲੋਕਾਂ ਲਈ ਕੰਮ ਕਰਨ ਦੀ ਬਹੁਤ ਜ਼ਿਆਦਾ ਇੱਛਾ ਹੈ। ਉਹ ਇਸੇ ਇਰਾਦੇ ਨਾਲ ‘ਆਪ’ ਵਿੱਚ ਸ਼ਾਮਲ ਹੋਏ ਸਨ। ਹਾਲਾਂਕਿ, ਉਹ ਛੇਤੀ ਹੀ ਆਮ ਆਦਮੀ ਪਾਰਟੀ ਦੇ ‘ਹਾਈ ਕਮਾਂਡ ਵਾਲੇ ਸਭਿਆਚਾਰ’ ਤੋਂ ਅੱਕ ਗਏ ਅਤੇ ਪਾਰਟੀ ਛੱਡ ਦਿੱਤੀ। ਧਰਮਵੀਰ ਨੇ ਕਿਹਾ ਕਿ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’, ਜਿਸ ਨੇ ਪਿਆਰ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ, ਨੇ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਹੈ।