‘ਆਪ’ ਦੇ ਸਾਬਕਾ ਆਗੂ ਅਸ਼ੋਕ ਤੰਵਰ ਭਾਜਪਾ ’ਚ ਸ਼ਾਮਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 20 ਜਨਵਰੀ
ਹਰਿਆਣਾ ਵਿੱਚ ‘ਆਪ’ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨੀ ਛੱਡਣ ਵਾਲੇ ਅਸ਼ੋਕ ਤੰਵਰ ਅੱਜ ਭਾਜਪਾ ’ਚ ਸ਼ਾਮਲ ਹੋ ਗਏ। ਭਾਜਪਾ ਹੈੱਡਕੁਆਰਟਰ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਅਸ਼ੋਕ ਤੰਵਰ ਨੇ ਲੰਘੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ‘ਆਪ’ ’ਚ ਸ਼ਾਮਲ ਹੋਣ ਤੋਂ ਪਹਿਲਾਂ ਕਾਂਗਰਸ ਵਿੱਚ ਸਨ। ਇਸ ਮੌਕੇ ਅਸ਼ੋਕ ਤੰਵਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਵੀ ਗਾਰੰਟੀ ਦਿੰਦੇ ਹਨ, ਉਹ ਹਰ ਹਾਲ ਵਿੱਚ ਪੂਰੀ ਕਰਦੇ ਹਨ। ਲੋਕਾਂ ਨੂੰ ਦੇਖਿਆ ਹੈ ਜੋ ਲੋਕ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਤਸਵੀਰ ਲਗਾਉਂਦੇ ਹਨ, ਉਨ੍ਹਾਂ ਨੂੰ ਬਾਬਾ ਸਾਹਿਬ ਦੇ ਸੰਵਿਧਾਨ ’ਤੇ ਕੋਈ ਭਰੋਸਾ ਨਹੀਂ ਹੈ। ਉਹ ਸਿਰਫ ਧੋਖਾਧੜੀ ਕਰਨ ਤੇ ਠੱਗੀ ਮਾਰਨ ਵਿੱਚ ਲੱਗੇ ਹੋਏ ਹਨ ਜਿਸ ਕਰਕੇ ਜਨਤਾ ਅਜਿਹੇ ਧੋਖੇਬਾਜ਼ਾਂ ਨੂੰ 2024 ਵਿੱਚ ਸਬਕ ਸਿਖਾਏਗੀ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅਸ਼ੋਕ ਤੰਵਰ ਦੇ ਭਾਜਪਾ ਵਿੱਚ ਆਉਣ ਨਾਲ ਹਰਿਆਣਾ ਵਿੱਚ ਪਾਰਟੀ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਭਾਜਪਾ ਸੂਬੇ ਵਿੱਚ ਬਿਹਤਰ ਪ੍ਰਦਰਸ਼ਨ ਕਰੇਗੀ। ਮੈਂਬਰਸ਼ਿਪ ਸੰਭਾਲਣ ਤੋਂ ਬਾਅਦ ਅਸ਼ੋਕ ਤੰਵਰ ਨੇ ਭਾਜਪਾ ਪ੍ਰਧਾਨ ਜੇਪੀ ਨੱਢਾ ਨਾਲ ਵੀ ਮੁਲਾਕਾਤ ਕੀਤੀ।