ਤਹਿਸੀਲ ਪੱਧਰੀ ਜੁਗਾੜੂ ਰੇਹੜਾ ਯੂਨੀਅਨ ਦਾ ਗਠਨ
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 29 ਅਗਸਤ
ਜੂਗਾੜੂ ਰੇਹੜੇ ਵਾਲਿਆਂ ਨੇ ਬਲਾਚੌਰ ਵਿਖੇ ਇਕੱਠ ਕਰਕੇ ਜੁਗਾੜੂ ਰੇਹੜਾ ਯੂਨੀਅਨ ( ਇਫਟੂ) ਤਹਿਸੀਲ ਬਲਾਚੌਰ ਨਾਂ ਦੀ ਜਥੇਬੰਦੀ ਦਾ ਗਠਨ ਕੀਤਾ ਹੈ। ਜਥੇਬੰਦੀ ਵਲੋਂ 9 ਮੈਂਬਰੀ ਕਾਰਜਕਾਰਨੀ ਬਣਾ ਕੇ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਿਸ ਵਿੱਚ ਰਿੰਕੂ ਵਾਲੀਆ ਨੂੰ ਪ੍ਰਧਾਨ, ਪਰਮਜੀਤ ਸਿੰਘ ਬਿੱਟੂ ਨੂੰ ਮੀਤ ਪ੍ਰਧਾਨ, ਅਵਤਾਰ ਸਿੰਘ ਨੂੰ ਸਕੱਤਰ, ਜੈਪਾਲ ਨੂੰ ਪ੍ਰੈੱਸ ਸਕੱਤਰ, ਸੁਰਿੰਦਰ ਪਾਲ ਅਤੇ ਸ਼ਕੀਲ ਨੂੰ ਖਜ਼ਾਨਚੀ ਚੁਣਿਆ ਗਿਆ। ਗੁਰਬਚਨ, ਕਮਲ, ਬਲਵੀਰ ਚਾਹਲਾਂ ਅਤੇ ਓਮ ਪ੍ਰਕਾਸ਼ ਨੂੰ ਤਹਿਸੀਲ ਕਮੇਟੀ ਮੈਂਬਰ ਚੁਣਿਆ ਗਿਆ। ਚੋਣ ਉਪਰੰਤ ਜ਼ਿਲ੍ਹਾ ਪ੍ਰਧਾਨ ਜੇਮਸ ਮਸੀਹ, ਜ਼ਿਲ੍ਹਾ ਸਕੱਤਰ ਤਿਲਕ ਰਾਜ ਰਾਹੋਂ ਅਤੇ ਤਹਿਸੀਲ ਪ੍ਰਧਾਨ ਰਿੰਕੂ ਵਾਲੀਆ ਆਦਿ ਆਗੂਆਂ ਨੇ ਕਿਹਾ ਕਿ ਜਥੇਬੰਦੀ ਜੁਗਾੜੂ ਰੇਹੜਾ ਚਾਲਕਾਂ ਦੇ ਹਿਤਾਂ ਦੀ ਪਹਿਰੇਦਾਰੀ ਕਰੇਗੀ ਅਤੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਨਾਲ ਮਿਲ ਕੇ ਚੱਲੇਗੀ। ਆਗੂਆਂ ਨੇ ਕਿਹਾ ਕਿ ਜੁਗਾੜੂ ਰੇਹੜਾ ਚਾਲਕ ਛੋਟੇ-ਮੋਟੇ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਨ, ਕੋਈ ਕਵਾੜ ਦਾ ਕੰਮ ਕਰਦਾ ਹੈ, ਕੋਈ ਸਬਜ਼ੀ ਵੇਚਦਾ ਹੈ, ਕੋਈ ਕੱਪੜਾ ਅਤੇ ਮਨਿਆਰੀ ਦਾ ਕੰਮ ਕਰਦਾ ਹੈ ਅਤੇ ਰਸੋਈ ਗੈਸ ਏਜੰਸੀਆਂ ਵੀ ਜੁਗਾੜੂ ਰੇਹੜਿਆਂ ਰਾਹੀਂ ਘਰਾਂ ਵਿੱਚ ਗੈਸ ਸਪਲਾਈ ਕਰਦੀਆਂ ਹਨ, ਜਿਨ੍ਹਾਂ ਦਾ ਸਰਕਾਰ ਉੱਤੇ ਕੋਈ ਬੋਝ ਨਹੀਂ ਹੈ। ਇਸ ਮੌਕੇ ਅਵਤਾਰ ਸਿੰਘ ਤਾਰੀ ਅਤੇ ਅਸ਼ੋਕ ਕੁਲਾਰ ਆਦਿ ਜਥੇਬੰਦਕ ਆਗੂ ਵੀ ਮੌਜੂਦ ਸਨ।