For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਵਰਕਿੰਗ ਕਮੇਟੀ ਦਾ ਗਠਨ

08:56 AM Aug 22, 2023 IST
ਕਾਂਗਰਸ ਵਰਕਿੰਗ ਕਮੇਟੀ ਦਾ ਗਠਨ
Advertisement

ਮਲਿਕਾਰਜੁਨ ਖੜਗੇ ਨੇ ਪਾਰਟੀ ਦੀ ਅਹਿਮ ਫ਼ੈਸਲੇ ਕਰਨ ਵਾਲੀ ਕਾਂਗਰਸ ਵਰਕਿੰਗ ਕਮੇਟੀ ਦਾ ਨਵੇਂ ਸਿਰੇ ਤੋਂ ਗਠਨ ਕੀਤਾ ਹੈ। 84 ਮੈਂਬਰਾਂ ਦੀ ਇਹ ਕਮੇਟੀ ਬਣਾਉਂਦੇ ਸਮੇਂ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੇਂਦਰੀ ਲੀਡਰਸ਼ਿਪ ਨਾਲ ਅਸਹਿਮਤੀ ਰੱਖਣ ਵਾਲੇ ਆਗੂਆਂ ਨੂੰ ਵੀ ਪਾਰਟੀ ਵਿਚ ਮਾਣ-ਸਨਮਾਨ ਮਿਲੇਗਾ। ਕੁਝ ਸਮਾਂ ਪਹਿਲਾਂ ਪਾਰਟੀ ਦੇ 23 ਆਗੂਆਂ ਨੇ ਕੇਂਦਰੀ ਲੀਡਰਸ਼ਿਪ ਜਿਸ ਦੀ ਅਗਵਾਈ ਉਸ ਸਮੇਂ ਸੋਨੀਆ ਗਾਂਧੀ ਕਰ ਰਹੀ ਸੀ, ਨਾਲ ਮਤਭੇਦ ਪ੍ਰਗਟਾਏ ਸਨ। ਇਨ੍ਹਾਂ ਆਗੂਆਂ ਦੇ ਗਰੁੱਪ ਨੂੰ ਜੀ-23 ਦਾ ਨਾਮ ਦਿੱਤਾ ਗਿਆ ਸੀ। ਉਨ੍ਹਾਂ ਵਿਚੋਂ ਮੁਕੁਲ ਵਾਸਨਿਕ, ਆਨੰਦ ਸ਼ਰਮਾ ਅਤੇ ਸ਼ਸ਼ੀ ਥਰੂਰ ਨੂੰ ਰੈਗੂਲਰ ਮੈਂਬਰ ਬਣਾਇਆ ਗਿਆ ਹੈ ਜਦੋਂਕਿ ਮਨੀਸ਼ ਤਿਵਾੜੀ ਅਤੇ ਵੀਰੱਪਾ ਮੋਇਲੀ ਨੂੰ ਪੱਕੇ ਇਨਵਾਇਟੀ (ਮੀਟਿੰਗਾਂ ਵਿਚ ਹਮੇਸ਼ਾ ਸੱਦੇ ਜਾਣ ਵਾਲੇ) ਮੈਂਬਰ ਬਣਾਇਆ ਗਿਆ ਹੈ। ਕੁਝ ਸਮਾਂ ਪਹਿਲਾਂ ਪਾਰਟੀ ਵਿਚ ਇਹ ਪ੍ਰਭਾਵ ਸੀ ਕਿ ਗਾਂਧੀ ਪਰਿਵਾਰ ਦੀ ਲੀਡਰਸ਼ਿਪ ਵਿਰੁੱਧ ਆਵਾਜ਼ ਉਠਾਉਣ ਵਾਲੇ ਲੀਡਰ ਦਾ ਪਾਰਟੀ ਵਿਚ ਕਰੀਅਰ ਖ਼ਤਮ ਹੋ ਜਾਵੇਗਾ। ਇਹ ਪ੍ਰਭਾਵ ਖ਼ਤਮ ਕਰਨ ਦਾ ਯਤਨ ਕੀਤਾ ਗਿਆ ਹੈ। ਸਭ ਤੋਂ ਮਹੱਤਵਪੂਰਨ ਕਦਮ ਰਾਜਸਥਾਨ ’ਚ ਪਾਰਟੀ ਵਿਰੁੱਧ ਬਗ਼ਾਵਤ ਕਰਨ ਵਾਲੇ ਅਤੇ ਬਾਅਦ ’ਚ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਸਚਿਨ ਪਾਇਲਟ ਨੂੰ ਵਰਕਿੰਗ ਕਮੇਟੀ ਵਿਚ ਸ਼ਾਮਿਲ ਕਰਨਾ ਹੈ; ਅਜਿਹਾ ਕਰਨ ਨਾਲ ਪਾਰਟੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਉਨ੍ਹਾਂ ਦੇ ਵਿਰੋਧੀ ਨੂੰ ਵਰਕਿੰਗ ਕਮੇਟੀ ਵਿਚ ਲੈ ਕੇ ਸਹਿਮਤੀ ਵਾਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਚਿਨ ਪਾਇਲਟ ਲਈ ਸੁਨੇਹਾ ਇਹ ਹੈ ਕਿ ਉਸ ਨੂੰ ਬਹਾਲ ਕੀਤਾ ਜਾ ਰਿਹਾ ਹੈ ਪਰ ਹੁਣ ਉਹ ਪਹਿਲਾਂ ਵਰਗਾ ਕੋਈ ਕਦਮ ਨਹੀਂ ਚੁੱਕੇਗਾ।
ਪਿਛਲੀ ਵਰਕਿੰਗ ਕਮੇਟੀ ਦੇ ਜਿਨ੍ਹਾਂ ਅਹਿਮ ਆਗੂਆਂ ਨੂੰ ਸ਼ਾਮਿਲ ਨਹੀਂ ਕੀਤਾ, ਉਨ੍ਹਾਂ ’ਚ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸ਼ਾਮਿਲ ਹਨ। ਛੱਤੀਸਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਕਮੇਟੀ ਵਿਚ ਸ਼ਾਮਿਲ ਨਹੀਂ ਹਨ। ਇਸੇ ਤਰ੍ਹਾਂ ਇਸੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਹਰਿਆਣਾ ਤੇ ਮੱਧ ਪ੍ਰਦੇਸ਼ ਤੋਂ ਕਾਂਗਰਸ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਭੁਪਿੰਦਰ ਹੁੱਡਾ ਅਤੇ ਕਮਲ ਨਾਥ ਵੀ ਕਮੇਟੀ ’ਚੋਂ ਗ਼ੈਰ-ਹਾਜ਼ਰ ਹਨ। ਇਸ ਪੱਖ ਤੋਂ ਮਲਿਕਾਰਜੁਨ ਖੜਗੇ ਦਾ ਸੁਨੇਹਾ ਇਹ ਲੱਗਦਾ ਹੈ ਕਿ ਜਿਨ੍ਹਾਂ ਆਗੂਆਂ ਨੂੰ ਸੂਬਿਆਂ ਵਿਚ ਮੁੱਖ ਮੰਤਰੀ ਬਣਾਇਆ ਗਿਆ ਹੈ ਜਾਂ ਜੋ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਮੁੱਖ ਚਿਹਰੇ ਹੋਣਗੇ, ਨੂੰ ਕਮੇਟੀ ਵਿਚ ਇਸ ਲਈ ਸ਼ਾਮਿਲ ਨਹੀਂ ਕੀਤਾ ਜਾ ਰਿਹਾ ਕਿਉਂਕਿ ਪਾਰਟੀ ਉਨ੍ਹਾਂ ਨੂੰ ਪਹਿਲਾਂ ਹੀ ਸੂਬਿਆਂ ਵਿਚ ਮਹੱਤਵਪੂਰਨ ਅਹੁਦੇ ਦੇ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (ਪੰਜਾਬ) ਅਤੇ ਅਸ਼ੋਕ ਰਾਓ ਚਵਾਨ (ਮਹਾਰਾਸ਼ਟਰ) ਨੂੰ ਮੈਂਬਰ ਬਣਾਇਆ ਗਿਆ। ਸ਼ਸ਼ੀ ਥਰੂਰ ਨੂੰ ਕਮੇਟੀ ਵਿਚ ਸ਼ਾਮਿਲ ਕਰ ਕੇ ਪਾਰਟੀ ਦੀ ਉਹ ਰਵਾਇਤ ਕਾਇਮ ਰੱਖੀ ਗਈ ਹੈ ਜਿਸ ਅਨੁਸਾਰ ਪਾਰਟੀ ਪ੍ਰਧਾਨ ਦੇ ਅਹੁਦੇ ਵਿਚ ਜੇਤੂ ਉਮੀਦਵਾਰ ਦੇ ਮੁੱਖ ਵਿਰੋਧੀ ਨੂੰ ਵਰਕਿੰਗ ਕਮੇਟੀ ਵਿਚ ਸ਼ਾਮਿਲ ਕੀਤਾ ਜਾਂਦਾ ਰਿਹਾ ਹੈ। ਵਰਕਿੰਗ ਕਮੇਟੀ ਦੇ 6 ਮੈਂਬਰ ਪਛੜੀਆਂ ਜਾਤੀਆਂ ਨਾਲ ਸਬੰਧਿਤ ਹਨ ਅਤੇ 9 ਅਨੁਸੂਚਿਤ ਜਾਤੀਆਂ ਨਾਲ। ਕਮੇਟੀ ਦੇ ਪੱਕੇ ਇਨਵਾਇਟੀਜ਼ ਵਿਚ ਨੌਜਵਾਨ ਆਗੂ ਕਨੱਈਆ ਕੁਮਾਰ ਅਤੇ ਵਿਸ਼ੇਸ਼ ਇਨਵਾਇਟੀਜ਼ ਵਜੋਂ ਸੁਪ੍ਰਿਯਾ ਸ੍ਰੀਨੇਤ, ਅਲਕਾ ਲਾਂਬਾ ਅਤੇ ਪਵਨ ਖੇੜਾ ਨੂੰ ਸ਼ਾਮਿਲ ਕੀਤਾ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕਮੇਟੀ ਵਿਚ ਤਿਲੰਗਾਨਾ ਤੋਂ ਕੋਈ ਆਗੂ ਨਹੀਂ ਲਿਆ ਗਿਆ ਜਦੋਂਕਿ ਉੱਥੇ ਇਸ ਸਾਲ ਦੇ ਅਖ਼ੀਰ ਵਿਚ ਚੋਣਾਂ ਹੋਣੀਆਂ ਹਨ।
ਮਲਿਕਾਰਜੁਨ ਖੜਗੇ ਨੇ ਅਨੁਭਵੀ ਤੇ ਨੌਜਵਾਨ ਆਗੂਆਂ ਨੂੰ ਵਰਕਿੰਗ ਕਮੇਟੀ ਵਿਚ ਸ਼ਾਮਿਲ ਕਰ ਕੇ ਇਕ ਤਰ੍ਹਾਂ ਦਾ ਸਮਤੋਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਖੜਗੇ ਦੇ ਕਾਂਗਰਸ ਪ੍ਰਧਾਨ ਬਣਨ ਨਾਲ ਪਾਰਟੀ ਵਿਚ ਨਵੀਂ ਊਰਜਾ ਆਈ ਹੈ। ਉਹ ਆਪਣੇ ਭਾਸ਼ਨ ਵਿਚ ਬਹੁਤ ਸਰਲ ਭਾਸ਼ਾ ਵਿਚ ਸਟੀਕ ਨੁਕਤੇ ਉਠਾਉਂਦੇ ਹਨ। ਹੋਰ ਵਿਰੋਧੀ ਪਾਰਟੀਆਂ ਨਾਲ ਤਾਲਮੇਲ ਕਰਨ ਵਿਚ ਵੀ ਉਨ੍ਹਾਂ ਦੀ ਭੂਮਿਕਾ ਅਹਿਮ ਦਿਖਾਈ ਦਿੰਦੀ ਹੈ। ਕਾਂਗਰਸ ਵਿਚ ਨਵੀਂ ਊਰਜਾ ਦਾ ਇਕ ਹੋਰ ਕਾਰਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਪੈਦਾ ਹੋਇਆ ਇਹ ਪ੍ਰਭਾਵ ਵੀ ਹੈ ਕਿ ਪਾਰਟੀ ਲੋਕ-ਪੱਖੀ ਮੁੱਦੇ ਉਠਾ ਰਹੀ ਹੈ। ਖੜਗੇ ਦੀ ਅਗਵਾਈ ਵਿਚ ਪਾਰਟੀ ਨੇ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਵਿਚ ਜਿੱਤ ਪ੍ਰਾਪਤ ਕੀਤੀ ਹੈ। ਆਉਣ ਵਾਲੇ ਸਮੇਂ ਵਿਚ ਜਿੱਥੇ ਪਾਰਟੀ ਲਈ ਮੁੱਖ ਇਮਤਿਹਾਨ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਤਿਲੰਗਾਨਾ ਦੀਆਂ ਵਿਧਾਨ ਸਭਾ ਚੋਣਾਂ ਹਨ, ਉੱਥੇ ਓਨਾ ਹੀ ਅਹਿਮ ਕਾਰਜ 2024 ਦੀਆਂ ਲੋਕ ਸਭਾ ਚੋਣਾਂ ਲਈ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਬੰਧਨ ਦੀ ਕਵਾਇਦ ਨੂੰ ਸਫ਼ਲਤਾਪੂਰਵਕ ਅੱਗੇ ਲੈ ਕੇ ਜਾਣਾ ਹੈ।

Advertisement

Advertisement
Advertisement
Author Image

Advertisement