ਬ੍ਰਿਸਬਨ ਵਿੱਚ ‘ਆਸਟਰੇਲੀਅਨ ਪੰਜਾਬੀ ਲੇਖਕ ਸਭਾ’ ਦਾ ਗਠਨ
ਹਰਜੀਤ ਲਸਾੜਾ
ਬ੍ਰਿਸਬਨ, 22 ਅਗਸਤ
ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਅਤੇ ਸਾਹਿਤ ਦੇ ਪਸਾਰ ਦੀ ਭਵਿੱਖੀ ਜ਼ਰੂਰਤ ਦੇ ਮੱਦੇਨਜ਼ਰ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ਵਿੱਚ ਸਮੂਹ ਲਿਖਾਰੀਆਂ ਤੇ ਪਾਠਕਾਂ ਦੀ ਸਾਂਝੀ ਪਹਿਲਕਦਮੀ ਤਹਿਤ ‘ਆਸਟਰੇਲੀਅਨ ਪੰਜਾਬੀ ਲੇਖਕ ਸਭਾ‘ ਬ੍ਰਿਸਬਨ ਦਾ ਗਠਨ ਕੀਤਾ ਗਿਆ ਹੈ। ਪੰਜ ਮੈਂਬਰੀ ਕਾਰਜਕਾਰੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਦੌਰਾਨ ਮੀਡੀਆ ਨੂੰ ਦੱਸਿਆ ਗਿਆ ਕਿ ਇਸ ਸੰਸਥਾ ਦਾ ਮੁੱਖ ਉਦੇਸ਼ ਵਿਦੇਸ਼ਾਂ ਵਿੱਚ ਰਹਿੰਦੀ ਹਰ ਵਰਗ ਦੀ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਨਾਲ ਜੋੜਨਾ ਹੋਵੇਗਾ ਤਾਂ ਜੋ ਉੱਭਰਦੇ ਲੇਖਕਾਂ ਨੂੰ ਇਕ ਗਤੀਸ਼ੀਲ ਮੰਚ ਪ੍ਰਦਾਨ ਕੀਤਾ ਜਾ ਸਕੇ। ਸਭਾ ਦੀ ਪਲੇਠੀ ਕਾਰਜਕਾਰਨੀ ਵਿੱਚ ਜਸਵੰਤ ਵਾਗਲਾ ਨੂੰ ਪ੍ਰਧਾਨ, ਸੁਰਜੀਤ ਸੰਧੂ ਮੀਤ ਪ੍ਰਧਾਨ, ਹਰਮਨਦੀਪ ਗਿੱਲ ਜਨਰਲ ਸਕੱਤਰ, ਹਰਜੀਤ ਕੌਰ ਸੰਧੂ ਮੀਤ ਜਨਰਲ ਸਕੱਤਰ, ਵਰਿੰਦਰ ਅਲੀਸ਼ੇਰ ਖ਼ਜ਼ਾਨਚੀ ਤੇ ਤਰਜਮਾਨ ਨਿਯੁਕਤ ਕੀਤੇ ਗਏ ਹਨ। ਦੱਸਣਯੋਗ ਹੈ ਕਿ ਕਾਰਜਕਾਰਨੀ ਤੋਂ ਇਲਾਵਾ ਪੰਜਾਬੀ ਸਾਹਿਤ ਨਾਲ ਜੁੜੇ ਲੇਖਕਾਂ ਤੇ ਪਾਠਕਾਂ ਨੂੰ ਸਭਾ ਦੇ ਮੈਂਬਰਾਂ ਵਜੋਂ ਨਾਲ ਜੋੜਿਆ ਗਿਆ ਹੈ ਜਿਨ੍ਹਾਂ ਵਿੱਚ ਅਮਨ ਭੰਗੂ, ਅਮਨਦੀਪ ਗਿੱਲ, ਸੁਖਜਿੰਦਰ ਮੋਰੋਂ, ਮੰਜੂ ਵਰਮਾ, ਹਰਦੀਪ ਵਾਗਲਾ, ਜਸਵਿੰਦਰ ਮਠਾੜੂ, ਗੁਰਮੁਖਜੀਤ, ਮਨ ਖਹਿਰਾ, ਸਤਵੰਤ ਨਾਹਲ, ਬਲਵਿੰਦਰ ਮੋਰੋਂ ਸ਼ਾਮਲ ਹਨ। ਕਾਰਜਕਾਰਨੀ ਵੱਲੋਂ ਸੰਸਥਾ ਦਾ ਪਲੇਠਾ ਸਾਹਿਤਕ ਸਮਾਗਮ ਜਲਦੀ ਉਲੀਕਿਆ ਜਾ ਰਿਹਾ ਹੈ।