ਕਾਂਗਰਸ ਦੀ ਸਰਕਾਰ ਬਣਾਓ, ਅਗਲੇ ਦਿਨ ਸ਼ੰਭੂ ਬਾਰਡਰ ਖੋਲ੍ਹ ਦਿਆਂਗੇ: ਚੰਨੀ
ਰਤਨ ਸਿੰਘ ਢਿੱਲੋਂ
ਅੰਬਾਲਾ, 1 ਅਕਤੂਬਰ
ਅੰਬਾਲਾ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਨਿਰਮਲ ਸਿੰਘ ਦੇ ਹੱਕ ਵਿੱਚ ਲੋਕਾਂ ਕੋਲੋਂ ਵੋਟਾਂ ਮੰਗਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਹਲਕੇ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨਨਿਓਲਾ ਪਿੰਡ ਵਿੱਚ ਪਹੁੰਚੇ ਅਤੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇੱਥੇ ਪਹੁੰਚਣ ’ਤੇ ਕਾਂਗਰਸੀ ਆਗੂਆਂ ਅਤੇ ਕਾਰਕੁਨਾਂ ਨੇ ਸ੍ਰੀ ਚੰਨੀ ਦਾ ਸਵਾਗਤ ਕੀਤਾ।
ਇਸ ਦੌਰਾਨ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ਦੇ ਕਿਸਾਨਾਂ ਦਾ ਰਾਹ ਬੰਦ ਕੀਤਾ ਹੋਇਆ ਅਤੇ ਕਿਸਾਨ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਾ ਦਿਓ, ਅਗਲੇ ਦਿਨ ਸ਼ੰਭੂ ਬਾਰਡਰ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁੱਡਾ ਸਾਹਿਬ ਨੇ ਵੀ ਬਾਰਡਰ ਖੋਲ੍ਹਣ ਬਾਰੇ ਐਲਾਨ ਕਰ ਦਿੱਤਾ ਹੈ।
ਸ੍ਰੀ ਚੰਨੀ ਨੇ ਕਿਹਾ ਕਿ ਭਾਜਪਾ ਦਲਿਤ ਵਿਰੋਧੀ ਪਾਰਟੀ ਹੈ। ਭਾਜਪਾ ਨੇ ਦਲਿਤਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਹਮੇਸ਼ਾ ਵਾਂਝਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅੱਜ ਮਹਿਲਾਵਾਂ ਨੂੰ 2100 ਰੁਪਏ ਦਾ ਲਾਲਚ ਦਿੱਤਾ ਜਾ ਰਿਹਾ ਹੈ, ਭਾਜਪਾ ਨੂੰ 10 ਸਾਲ ਸੱਤਾ ਵਿੱਚ ਰਹਿੰਦਿਆਂ ਮਹਿਲਾਵਾਂ ਅਤੇ ਦਲਿਤਾਂ ਦੀ ਕਦੇ ਯਾਦ ਨਹੀਂ ਆਈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਕਾਂਗਰਸ ਇਕੱਲੀ ਹੀ ਦਲਿਤਾਂ ਅਤੇ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ। ਇਸ ਵਾਰ ਕਾਂਗਰਸ ਨੇ ਅੰਬਾਲਾ ਸ਼ਹਿਰ ਹਲਕੇ ਤੋਂ ਚੌਧਰੀ ਨਿਰਮਲ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਵਿਰੋਧੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਨਿਰਮਲ ਸਿੰਘ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਕਿਹਾ ਤਾਂ ਕਿ ਉਸ ਨੂੰ ਮੰਤਰੀ ਦਾ ਅਹੁਦਾ ਵੀ ਓਨਾ ਹੀ ਵੱਡਾ ਮਿਲ ਸਕੇ। ਅੱਜ ਨਨਿਓਲਾ ਪਿੰਡ ਦੇ ਕਸ਼ਿਅਪ ਸਮਾਜ ਨੇ ਨਿਰਮਲ ਸਿੰਘ ਨੂੰ ਆਪਣਾ ਪੂਰਨ ਸਮਰਥਨ ਦਿੱਤਾ। ਇਸ ਲਈ ਸ੍ਰੀ ਚੰਨੀ ਨੇ ਭਾਈਚਾਰੇ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਨਨਿਓਲਾ ਅੰਬਾਲਾ ਸ਼ਹਿਰੀ ਹਲਕੇ ਤੋਂ ਭਾਜਪਾ ਉਮੀਦਵਾਰ ਅਸੀਮ ਗੋਇਲ ਦਾ ਜੱਦੀ ਪਿੰਡ ਹੈ।