ਜੰਗਲਾਤ ਕਾਮਿਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੈਲੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ 2 ਜਨਵਰੀ
ਇੱਥੇ ਜੰਗਲਾਤ ਦੇ ਵਣਪਾਲ ਸਾਊਥ ਸਰਕਲ ਪਟਿਆਲਾ ਦੇ ਦਫ਼ਤਰ ਅੱਗੇ ਜੰਗਲਾਤ ਕਾਮਿਆਂ ਨੇ ਰੋਸ ਰੈਲੀ ਕਰਕੇ ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ ਕੀਤੀ। ਇਹ ਰੈਲੀ ਜੰਗਲਾਤ ਕਾਮਿਆਂ ਵੱਲੋਂ ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਜੰਗਲਾਤ, ਜੰਗਲੀ ਜੀਵ, ਜੰਗਲਾਤ ਨਿਗਮ ਵਿਚਲੇ ਲੰਮੇ ਸਮੇਂ ਤੋਂ ਕੰਮ ਕਰਦੇ ਡੇਲੀਵੇਜਿਜ਼, ਕੰਟਰੈਕਟ ਅਤੇ ਆਊਟਸੋਰਸ ਚੌਥਾ ਦਰਜਾ ਕਰਮਚਾਰੀਆਂ ਦੀਆਂ ਮੰਗਾਂ ਲਈ ਕੀਤੀ ਗਈ। ਜਗਮੋਹਨ ਨੌਲੱਖਾ ਨੇ ਦੱਸਿਆ ਕਿ 13 ਫਰਵਰੀ 2024 ਨੂੰ ਵਣ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਯੂਨੀਅਨ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਵਿਚਾਰੀਆਂ ਗਈਆਂ ਮੰਗਾਂ ਵਿਭਾਗ ਵੱਲੋਂ ਹਾਲੇ ਤੱਕ ਨਹੀਂ ਮੰਨੀਆਂ ਗਈਆਂ। ਇਸ ਦੇ ਰੋਸ ਵਜੋਂ ਇੱਥੇ ਪਟਿਆਲਾ ਦਫ਼ਤਰ ਦੇ ਮੇਨ ਗੇਟ ਅੱਗੇ ਰੋਸ ਰੈਲੀ ਕਰ ਕੇ ਪ੍ਰਧਾਨ ਮੁੱਖ ਵਣਪਾਲ ਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਵਣ ਵਿਕਾਸ ਨਿਗਮ ਨੂੰ 15 ਜਨਵਰੀ ਨੂੰ ਵਣ ਭਵਨ ਮੁਹਾਲੀ ’ਚ ਰੈਲੀ ਦਾ ਨੋਟਿਸ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਵਣ ਮੰਤਰੀ ਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਜਿਸ ਵਿਚ ਡੇਲੀਵੇਜਿਜ਼ ਕਾਮਿਆਂ ਨੂੰ 2016 ਦੀ ਰੈਗੂਲਾਈਜੇਸ਼ਨ ਪਾਲਿਸੀ ਜਾਂ 2011, 2015 ਦੀ ਨੀਤੀ ਅਨੁਸਾਰ ਨਿਯਮਤ ਕਰਨ ਦੀ ਮੰਗ ਕੀਤੀ ਗਈ ਸੀ। ਇਸ ਮੌਕੇ ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਤਰਲੋਚਨ ਮਾੜੂ, ਬਲਵਿੰਦਰ ਸਿੰਘ, ਨਾਰੰਗ ਸਿੰਘ, ਵੈਦ ਪ੍ਰਕਾਸ਼ ਤੇ ਚੰਦਰ ਭਾਨ ਆਦਿ ਹਾਜ਼ਰ ਸਨ।