ਜੰਗਲਾਤ ਵਿਭਾਗ ਦੇ ਵਰਕਰਾਂ ਦਾ ਰੋਸ ਧਰਨਾ ਜਾਰੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 19 ਅਗਸਤ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਜੰਗਲਾਤ ਵਰਕਰਾਂ ਵਲੋਂ ਇਥੇ ਜ਼ਿਲ੍ਹਾ ਜੰਗਲਾਤ ਅਫ਼ਸਰ ਦੇ ਦਫ਼ਤਰ ਅੱਗੇ ਲਗਾਤਾਰ 17ਵੇਂ ਦਿਨ ਰੋਸ ਧਰਨਾ ਦਿੰਦਿਆਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨੇ ਨੂੰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗਾਗਾ, ਜਨਰਲ ਸਕੱਤਰ ਸਤਨਾਮ ਸਿੰਘ, ਵਿੱਤ ਸਕੱਤਰ ਜਗਜੀਵਨ ਸਿੰਘ ਘਾਬਦਾਂ ਅਤੇ ਪੀ.ਐੱਸ.ਐੱਸ.ਐੱਫ. ਦੇ ਸਾਥੀ ਮਾਲਵਿੰਦਰ ਸਿੰਘ ਸੰਧੂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਵਰਕਰਾਂ ਨੂੰ ਕੋਵਿਡ-19 ਦੇ ਚਲਦਿਆਂ ਸੈਨੇਟਾਈਜ਼ਰ ਅਤੇ ਫਸਟ-ਏਡ ਬਾਕਸ ਵੀ ਮੁਹੱਈਆ ਨਹੀਂ ਕਰਵਾਇਆ ਗਿਆ। ਮੁਲਾਜ਼ਮਾਂ ਨੂੰ ਪੰਜ-ਪੰਜ ਮਹੀਨਿਆਂ ਦੀ ਤਨਖ਼ਾਹ ਵੀ ਨਹੀਂ ਦਿੱਤੀ ਜਾ ਰਹੀ। ਲਹਿਰਗਾਗਾ ਰੇਂਜ ’ਚ ਚਾਰ ਔਰਤਾਂ ਨੂੰ ਹੁਣ ਤੱਕ ਪਿਛਲੀ 2018-19 ਦੀ ਬਕਾਇਆ ਤਨਖਾਹ ਨਹੀਂ ਦਿੱਤੀ ਗਈ ਜਦੋਂ ਕਿ 8 ਜੂਨ ਨੂੰ ਮੀਟਿੰਗ ਦੌਰਾਨ ਵਣ ਮੰਡਲ ਅਫ਼ਸਰ ਵਲੋਂ ਦਸ ਦਨਿਾਂ ਦੇ ਅੰਦਰ ਅੰਦਰ ਤਨਖਾਹ ਦੇਣ ਦਾ ਵਾਅਦਾ ਕੀਤਾ ਸੀ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਸੰਘਰਸ਼ ਉਲੀਕਿਆ ਜਾਵੇਗਾ।