ਵਿਦੇਸ਼ ਸਕੱਤਰ ਵੱਲੋਂ ਅਮਰੀਕੀ ਅਧਿਕਾਰੀਆਂ ਤੇ ਸਨਅਤਕਾਰਾਂ ਨਾਲ ਮੁਲਾਕਾਤ
ਵਾਸ਼ਿੰਗਟਨ, 12 ਅਪਰੈਲ
ਵਿਦੇਸ਼ ਸਕੱਤਰ ਵਿਨੈ ਕਵਾਤਰਾ ਇਸ ਹਫ਼ਤੇ ਅਮਰੀਕੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਅਤੇ ਰੱਖਿਆ ਤੇ ਤਕਨੀਕ ਜਿਹੇ ਖੇਤਰਾਂ ’ਚ ਦੁਵੱਲਾ ਸਹਿਯੋਗ ਵਧਾਉਣ ਲਈ ਸਨਅਤ ਸੰਸਾਰ ਦੀਆਂ ਅਹਿਮ ਹਸਤੀਆਂ ਨਾਲ ਗੱਲਬਾਤ ਲਈ ਇੱਥੇ ਆਏ ਹੋਏ ਹਨ। ਕਵਾਤਰਾ ਨੇ ਵਿਦੇਸ਼ ਵਿਭਾਗ ਦੇ ਫੌਗੀ ਬੌਟਮ ਹੈੱਡਕੁਆਰਟਰ ’ਚ ਡਿਪਟੀ ਵਿਦੇਸ਼ ਮੰਤਰੀ (ਪ੍ਰਬੰਧਨ ਤੇ ਸਰੋਤ) ਰਿਚਰਡ ਵਰਮਾ ਤੇ ਡਿਪਟੀ ਵਿਦੇਸ਼ ਮੰਤਰੀ ਕਰਟ ਕੈਂਪਬੈੱਲ ਨਾਲ ਵੱਖੋ-ਵੱਖਰੀਆਂ ਮੀਟਿੰਗਾਂ ਕੀਤੀਆਂ। ਵਰਮਾ ਨੇ ‘ਐਕਸ’ ’ਤੇ ਪਾਈ ਇੱਕ ਪੋਸਟ ’ਚ ਕਿਹਾ, ‘ਅਮਰੀਕਾ-ਭਾਰਤ ਵਿਚਾਲੇ ਜਾਰੀ ਸਹਿਯੋਗ ਅੱਗੇ ਵਧਾਉਣ ਅਤੇ ਖੇਤਰੀ ਸੁਰੱਖਿਆ ਤੇ ਖੁਸ਼ਹਾਲੀ ਲਈ ਸਾਡੇ ਦੇਸ਼ਾਂ ਦੀ ਕਰੀਬੀ ਭਾਈਵਾਲੀ ਦੀ ਲੋੜ ’ਤੇ ਭਾਰਤੀ ਵਿਦੇਸ਼ ਸਕੱਤਰ ਕਵਾਤਰਾ ਨਾਲ ਸਾਰਥਕ ਗੱਲਬਾਤ ਹੋਈ।’ ਇਸ ਤੋਂ ਪਹਿਲਾਂ ਦਿਨੇ ‘ਯੂਐੱਸ ਇੰਡੀਆ ਬਿਜ਼ਨਸ ਕੌਂਸਲ (ਯੂਐੱਸਆਈਬੀਸੀ) ਵੱਲੋਂ ਇਸ ਦੇ ਬੋਰਡ ਪ੍ਰਧਾਨ ਤੇ ਐੱਨਏਐਸਡੀਏਕਿਊ ਦੇ ਕਾਰਜਕਾਰੀ ਉੱਪ ਪ੍ਰਧਾਨ ਐੱਡ ਨਾਈਟ ਦੀ ਕਵਾਤਰਾ ਨਾਲ ਨਾਸ਼ਤੇ ’ਤੇ ਮੀਟਿੰਗ ਦੀ ਮੇਜ਼ਬਾਨੀ ਕੀਤੀ ਗਈ।’ -ਪੀਟੀਆਈ
ਸੁਲੀਵਨ ਅਗਲੇ ਹਫ਼ਤੇ ਕਰਨਗੇ ਭਾਰਤ ਯਾਤਰਾ
ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਅਗਲੇ ਹਫ਼ਤੇ ਭਾਰਤ ਜਾਣਗੇ ਜਿੱਥੇ ਉਹ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕਰਕੇ ਹਿੰਦ-ਪ੍ਰਸ਼ਾਂਤ ’ਤੇ ਵਿਚਾਰ ਚਰਚਾ ਕਰਨਗੇ ਅਤੇ ਸਨਅਤ ਸਹਿਯੋਗ ’ਤੇ ਚਰਚਾ ਕਰਨ ਤੋਂ ਇਲਾਵਾ ਅਮਰੀਕਾ-ਭਾਰਤ ਸਬੰਧਾਂ ਨੂੰ ਅੱਗੇ ਵਧਾਉਣ ਬਾਰੇ ਵੀ ਗੱਲਬਾਤ ਕਰਨਗੇ। ਉਮੀਦ ਹੈ ਕਿ ਸੁਲੀਵਨ ਅਹਿਮ ਤੇ ਉੱਭਰਦੀਆਂ ਤਕਨੀਕਾਂ ’ਤੇ ਸਾਲਾਨਾ ਸਮੀਖਿਆ ਮੀਟਿੰਗ ਲਈ ਡੋਵਾਲ ਨਾਲ ਮਿਲ ਸਕਦੇ ਹਨ। -ਪੀਟੀਆਈ