ਵਿਦੇਸ਼ ਮੰਤਰੀ ਬਣੇ ਕੈਮਰੋਨ ਵੱਲੋਂ ਯੂਕਰੇਨ ਦਾ ਦੌਰਾ
ਕੀਵ, 16 ਨਵੰਬਰ
ਬਰਤਾਨੀਆ ਦੇ ਨਵੇਂ ਬਣੇ ਵਿਦੇਸ਼ ਮੰਤਰੀ ਡੇਵਿਡ ਕੈਮਰੋਨ ਅਹੁਦਾ ਸੰਭਾਲਣ ਸਾਰ ਆਪਣੇ ਪਹਿਲੇ ਵਿਦੇਸ਼ ਦੌਰੇ ’ਤੇ ਯੂਕਰੇਨ ਪੁੱਜੇ ਜਿਥੇ ਉਨ੍ਹਾਂ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨਾਲ ਮੁਲਾਕਾਤ ਕਰਕੇ ਜੰਗ ’ਚ ਫ਼ੌਜੀ ਪੱਧਰ ’ਤੇ ਲਗਾਤਾਰ ਹਮਾਇਤ ਦੇਣ ਦਾ ਅਹਿਦ ਦੁਹਰਾਇਆ। ਰਾਸ਼ਟਰਪਤੀ ਵੱਲੋਂ ਪੋਸਟ ਕੀਤੇ ਗਏ ਵੀਡੀਓ ਮੁਤਾਬਕ ਕੈਮਰੋਨ ਨੇ ਜ਼ੈਲੇਂਸਕੀ ਨੂੰ ਕਿਹਾ ਕਿ ਉਹ ਯੂਕਰੇਨੀ ਲੋਕਾਂ ਦੀ ਤਾਕਤ ਅਤੇ ਵਚਨਬੱਧਤਾ ਦੀ ਸ਼ਲਾਘਾ ਕਰਦੇ ਹਨ। ਕੈਮਰੋਨ ਨੇ ਕਿਹਾ,‘‘ਯੂਕੇ ਨੈਤਿਕ ਅਤੇ ਕੂਟਨੀਤਕ ਹਮਾਇਤ ਦਿੰਦਾ ਰਹੇਗਾ ਪਰ ਜਦੋਂ ਤੱਕ ਜੰਗ ਜਾਰੀ ਰਹੇਗੀ, ਯੂਕਰੇਨ ਨੂੰ ਹਰ ਸੰਭਵ ਫ਼ੌਜੀ ਹਮਾਇਤ ਦਿੰਦੇ ਰਹਾਂਗੇ।’’ ਜ਼ੈਲੇਂਸਕੀ ਨੇ ਦੌਰੇ ਲਈ ਕੈਮਰੋਨ ਦਾ ਧੰਨਵਾਦ ਕੀਤਾ। ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਦੇ ਬਾਵਜੂਦ ਜ਼ੈਲੇਂਸਕੀ ਨੇ ਯੂਕਰੇਨ ਜੰਗ ਵੱਲ ਦੁਨੀਆ ਦਾ ਧਿਆਨ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਜ਼ੈਲੇਂਸਕੀ ਨੇ ਟੈਲੀਗ੍ਰਾਮ ’ਤੇ ਲਿਖਿਆ ਕਿ ਮੀਟਿੰਗ ਬਹੁਤ ਵਧੀਆ ਰਹੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਰੱਖਿਆ, ਹਵਾਈ ਸੁਰੱਖਿਆ ਮਜ਼ਬੂਤ ਕਰਨ ਅਤੇ ਹਥਿਆਰਾਂ ਦੇ ਮੋਰਚੇ ’ਤੇ ਇੰਗਲੈਂਡ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਲਈ ਉਹ ਸ਼ੁਕਰਗੁਜ਼ਾਰ ਹਨ। ਇੰਗਲੈਂਡ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਤੱਕ ਉਸ ਨੇ 4.6 ਅਰਬ ਪਾਊਂਡ ਦੀ ਸਹਾਇਤਾ ਦੇਣ ਦੇ ਨਾਲ ਨਾਲ 30 ਹਜ਼ਾਰ ਯੂਕਰੇਨੀ ਜਵਾਨਾਂ ਨੂੰ ਸਿਖਲਾਈ ਦਿੱਤੀ ਹੈ। ਬ੍ਰਿਟੇਨ ਵੱਲੋਂ ਦਿੱਤੀ ਗਈ ਮਦਦ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। -ਏਪੀ