For the best experience, open
https://m.punjabitribuneonline.com
on your mobile browser.
Advertisement

ਲੋਕਾਂ ਨੂੰ ਇਲੈਕਟ੍ਰਿਕ ਵਾਹਨ ਖਰੀਦਣ ਲਈ ਮਜਬੂਰ ਕਰਨਾ ਗ਼ਲਤ: ਖੇਰ

07:55 AM Nov 21, 2023 IST
ਲੋਕਾਂ ਨੂੰ ਇਲੈਕਟ੍ਰਿਕ ਵਾਹਨ ਖਰੀਦਣ ਲਈ ਮਜਬੂਰ ਕਰਨਾ ਗ਼ਲਤ  ਖੇਰ
ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਈਵੀ ਪਾਲਿਸੀ ਸਬੰਧੀ ਮੀਟਿੰਗ ਵਿੱਚ ਹਿੱਸਾ ਲੈਂਦੇ ਹੋਏ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 20 ਨਵੰਬਰ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਈਵੀ ਪਾਲਿਸੀ ਕਰ ਕੇ ਸ਼ਹਿਰ ਵਿੱਚ ਪੈਟਰੋਲ ਵਾਲੇ ਦੋ-ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਲਗਾਈ ਗਈ ਰੋਕ ਦੇ ਵਿਰੋਧ ਵਿੱਚ ਸੰਸਦ ਮੈਂਬਰ ਕਿਰਨ ਖੇਰ ਵੀ ਨਿਤਰ ਆਈ ਹੈ। ਸੰਸਦ ਮੈਂਬਰ ਨੇ ਮੇਅਰ ਅਨੂਪ ਗੁਪਤਾ ਦੇ ਸਟੈਂਡ ਦੀ ਹਮਾਇਤ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਪੈਟਰੋਲ ਵਾਲੇ ਦੋ-ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਕੋਈ ਰੋਕ ਨਹੀਂ ਲਗਾਉਣੀ ਚਾਹੀਦੀ ਹੈ। ਉਹ ਈਵੀ ਪਾਲਿਸੀ ਵਿੱਚ ਸੋਧ ਲਈ ਸੱਦੀ ਮੀਟਿੰਗ ’ਚ ਬੋਲ ਰਹੇ ਸਨ। ਇਸ ਮੌਕੇ ਚੰਡੀਗੜ੍ਹ ਨਵਿਆਉਯੋਗ ਊਰਜਾ ਅਤੇ ਵਿਗਿਆਨ ਤੇ ਤਕਨਾਲੋਜੀ ਪ੍ਰਮੋਸ਼ਨ ਸੁਸਾਇਟੀ (ਕਰੱਸਟ) ਦੇ ਮੈਂਬਰ ਅਤੇ ਆਟੋਮੋਬਾਈਲ ਕੰਪਨੀਆਂ ਦੇ ਡੀਲਰਾਂ ਦੀ ਐਸੋਸੀਏਸ਼ਨ ਦੇ ਮੈਂਬਰ ਵੀ ਮੌਜੂਦ ਸਨ।
ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਜਮਹੂਰੀਅਤ ਵਿੱਚ ਕਿਸੇ ਨੂੰ ਵੀ ਇਲੈਕਟ੍ਰਿਕ ਵਾਹਨ ਖਰੀਦਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਵਾਲੇ ਦੋ-ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਪਾਬੰਦੀ ਲਗਾਉਣ ਕਰ ਕੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਯੂਟੀ ਪ੍ਰਸ਼ਾਸਨ ਨੂੰ ਵੀ ਵਿੱਤੀ ਘਾਟਾ ਝੱਲਣਾ ਪੈ ਰਿਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਵਾਲੇ ਦੋ-ਪਹੀਆ ਵਾਹਨਾਂ ਦੀ ਸੀਮਤ ਗਿਣਤੀ ਵਿੱਚ ਹੀ ਰਜਿਸਟਰੇਸ਼ਨ ਕਰਨਾ ਗਲਤ ਹੈ, ਇਸ ਲਈ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ ਹੈ। ਮੇਅਰ ਅਨੂਪ ਗੁਪਤਾ ਨੇ ਕਿਹਾ ਕਿ ਉਹ ਇਲੈਕਟ੍ਰਿਕ ਵਹੀਕਲ ਪਾਲਿਸੀ ਖਿਲਾਫ ਨਹੀਂ ਹਨ, ਪਰ ਪੈਟਰੋਲ ਵਾਲੇ ਦੋ-ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਬੰਦ ਕਰ ਕੇ ਕਿਸੇ ਨੂੰ ਵੀ ਜਬਰੀ ਇਲੈਕਟ੍ਰਿਕ ਵਾਹਨ ਖਰੀਦਣ ਲਈ ਮਜਬੂਰ ਕਰਨਾ ਗਲਤ ਹੈ।
ਮੀਟਿੰਗ ਵਿੱਚ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਪਰ ਕਿਸੇ ਵੀ ਥਾਂ ’ਤੇ ਇਸ ਤਰ੍ਹਾਂ ਜਬਰੀ ਲੋਕਾਂ ਨੂੰ ਵਾਹਨ ਖਰੀਦਣ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੇਕ ਥਾਂ ’ਤੇ ਪੈਟਰੋਲ ਵਾਲੇ ਦੋ- ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਆਮ ਵਾਂਗ ਚੱਲ ਰਹੀ ਹੈ, ਬਲਕਿ ਲੋਕਾਂ ਨੂੰ ਇਲੈਕਟ੍ਰਿਕ ਵਾਹਨਾਂ ’ਤੇ ਲਾਭ ਤੇ ਹੋਰ ਛੋਟ ਦੇ ਕੇ ਖਰੀਦਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਯੂਟੀ ਦੇ ਗ੍ਰਹਿ ਸਕੱਤਰ ਨਿਤੀਨ ਕੁਮਾਰ ਯਾਦਵ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਯੂਟੀ ਦੇ ਪ੍ਰਸ਼ਾਸਕ ਨਾਲ ਮੀਟਿੰਗ ਕਰਨਗੇ। ਉਸ ਮੀਟਿੰਗ ਵਿੱਚ ਅੱਜ ਵਾਲੇ ਸਾਰੇ ਸੁਝਾਅ ਪੇਸ਼ ਕੀਤੇ ਜਾਣਗੇ, ਜਿਸ ਤੋਂ ਬਾਅਦ ਯੂਟੀ ਦੇ ਪ੍ਰਸ਼ਾਸਕ ਵੱਲੋਂ ਆਖਰੀ ਫੈਸਲਾ ਲਿਆ ਜਾਵੇਗਾ। ਇਸ ਮੌਕੇ ਡਾਇਰੈਕਟਰ ਵਾਤਾਵਾਰਨ ਵਿਭਾਗ ਟੀਸੀ ਨੌਟਿਆਲ ਤੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਵੀ ਮੌਜੂਦ ਸਨ।
ਗੌਰਤਲਬ ਹੈ ਕਿ ਯੂਟੀ ਪ੍ਰਸ਼ਾਸਨ ਨੇ 29 ਅਕਤੂਬਰ ਨੂੰ ਸ਼ਹਿਰ ਵਿੱਚ ਪੈਟਰੋਲ ਵਾਲੇ ਦੋ ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਪਾਬੰਦੀ ਲਗਾ ਦਿੱਤੀ ਸੀ। ਪ੍ਰਸ਼ਾਸਨ ਦੇ ਇਸ ਫੈਸਲੇ ਦਾ ਸ਼ਹਿਰ ਵਾਸੀਆਂ ਨੇ ਵਿਰੋਧ ਕੀਤਾ। ਉਸ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ 8 ਨਵੰਬਰ ਨੂੰ 27 ਨਵੰਬਰ ਗੁਰਪੁਰਬ ਤੱਕ ਪੈਟਰੋਲ ਵਾਲੇ ਦੋ-ਪਹੀਆ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਲਗਾਈ ਪਾਬੰਦੀ ਹਟਾ ਦਿੱਤੀ ਸੀ।

Advertisement

Advertisement
Author Image

Advertisement
Advertisement
×