ਅੱਜ ਦੇ ਪੰਜਾਬ ਲਈ ਪ੍ਰੋ. ਰਣਧੀਰ ਸਿੰਘ ਦੇ ਚਿੰਤਨ ਦੀ ਪ੍ਰਸੰਗਕਤਾ
ਡਾ. ਕੁਲਦੀਪ ਸਿੰਘ* ਡਾ. ਪਰਮਜੀਤ ਸਿੰਘ**
ਪ੍ਰੋਫੈਸਰ ਰਣਧੀਰ ਸਿੰਘ (2 ਜਨਵਰੀ 1922-31 ਜਨਵਰੀ 2016) ਮਾਰਕਸਵਾਦੀ ਵਿਦਵਾਨ ਦੇ ਤੌਰ ’ਤੇ ਜਾਣੇ ਜਾਂਦੇ ਹਨ ਜਿਨ੍ਹਾਂ ਨੇ ਸਿਆਸੀ ਵਿਚਾਰਧਾਰਾਵਾਂ ਦੇ ਉਤਰਾ-ਚੜ੍ਹਾਅ ਦੇ ਨਾਲ ਨਾਲ ਰਾਜਨੀਤੀ ਸ਼ਾਸਤਰ ਦੇ ਮਸਲਿਆਂ ਨੂੰ ਸਮਝਣ ਅਤੇ ਨਜਿੱਠਣ ਲਈ ਤਾਉਮਰ ਕਾਰਜ ਕੀਤਾ। ਗ਼ਦਰ ਲਹਿਰ ਵਾਲੇ ਬਾਬਿਆਂ ਨਾਲ ਕਾਰਜ ਕਰਨ ਤੋਂ ਲੈ ਕੇ ਵੱਖ ਵੱਖ ਕਮਿਊਨਿਸਟ ਧਾਰਾਵਾਂ ਨਾਲ ਅਮਲੀ ਅਤੇ ਸਿਧਾਂਤ ਤੌਰ ਉਤੇ ਬੌਧਿਕ ਕਾਰਜਾਂ ‘ਚ ਜੁਟੇ ਰਹੇ। ਜਦੋਂ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਭਾਅਜੀ ਤੇ ਨਾਵਲਕਾਰ ਗੁਰਦਿਆਲ ਸਿੰਘ ਨੇ ਪ੍ਰੋ. ਰਣਧੀਰ ਸਿੰਘ ਅੱਗੇ ਫਿਕਰ ਜ਼ਾਹਿਰ ਕੀਤਾ ਕਿ ਮਾਰਕਸਵਾਦੀ ਵਿਚਾਰਧਾਰਾ ਵਿਚ ਉਠੇ ਸੰਕਟ ਨਾਲ ਪੰਜਾਬ ਦੇ ਬੁੱਧੀਜੀਵੀ ਮਾਰਕਸ ਤੋਂ ‘ਪਾਰ` ਨਿਕਲ ਉਤਰ-ਆਧੁਨਿਕਤਾ ਵਿਚ ਗੁੰਮ ਹੋ ਰਹੇ ਹਨ ਤਾਂ ਉਨ੍ਹਾਂ ‘ਕਾਰਲ ਮਾਰਕਸ ਦਾ ਮਾਰਕਸਵਾਦ` ਵਰਗੀ ਅਹਿਮ ਰਚਨਾ ਕੀਤੀ ਜਿਸ ਰਾਹੀਂ ਉਨ੍ਹਾਂ ਉਤਰ-ਆਧੁਨਿਕਤਾ ਦੇ ਫੈਸ਼ਨ ਅਤੇ ਇਸ ਦੀਆਂ ਕਮਜ਼ੋਰ ਦਲੀਲਾਂ ਉਧੇੜੀਆਂ।
ਪ੍ਰੋ. ਰਣਧੀਰ ਸਿੰਘ ਦੀਆਂ ਮੁੱਖ ਦਲੀਲਾਂ ’ਚ ਦਰਜ ਹੈ ਕਿ ਸੋਵੀਅਤ ਯੂਨੀਅਨ ਦੇ ਪਤਨ ਤੋਂ ਬਾਅਦ ਦੁਨੀਆ ਦੇ ਵੱਖ ਵੱਖ ਮੁਲਕਾਂ ’ਚ ਨਵ-ਉਦਾਰਵਾਦੀ ਵਿਚਾਰਧਾਰਾ ਨੇ ਬੜੀ ਤੇਜ਼ੀ ਨਾਲ ਪੈਰ ਪਸਾਰੇ। ਇਸੇ ਦਾ ਅਸਰ ਪੰਜਾਬ ਦੇ ਦੋ ਅਹਿਮ ਖੇਤਰਾਂ ਜੋ ਨਵ-ਉਦਾਰਵਾਦੀ ਪ੍ਰਾਜੈਕਟ ਵਿਚਾਰਧਾਰਾ ਦੀ ਮਾਰ ਹੇਠ ਆਏ, ਉਤੇ ਅੱਜ ਵੀ ਦੇਖਿਆ ਜਾ ਸਕਦਾ ਹੈ। ਪਹਿਲਾਂ ਇਸ ਨੇ ਅਰਥ ਸ਼ਾਸਤਰੀਆਂ ਦਾ ਪੰਜਾਬ ਦੀ ਸਿਆਸੀ ਆਰਥਿਕਤਾ ਪ੍ਰਤੀ ਸੋਚਣ ਦਾ ਢੰਗ-ਤਰੀਕਾ ਬਦਲ ਦਿੱਤਾ। ਦੂਜਾ, ਨਵ-ਉਦਾਰਵਾਦ ਦੇ ਸਮਕਾਲੀ ਉਤਰ-ਆਧੁਨਿਕਤਾਵਾਦ ਨੇ ਤੇਜ਼ੀ ਨਾਲ ਬਾਕੀ ਸੋਸ਼ਲ ਸਾਇੰਸਸ ਦੇ ਖੇਤਰ ਵਿਚ ਮਾਰਕਸਵਾਦ ਦੀ ਤਰਜਮਾਨੀ ਕਰਦੇ ਪੰਜਾਬ ਦੇ ਬੌਧਿਕ ਹਲਕਿਆਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਦੂਜੇ ਸ਼ਬਦਾਂ ਵਿਚ, ਸੋਵੀਅਤ ਯੂਨੀਅਨ ਦੇ ਪਤਨ ਦੀ ਨਿਰਾਸ਼ਤਾ ਨੇ ਪੰਜਾਬ ਦੇ ਬੁੱਧੀਜੀਵੀਆ ਨੂੰ ਕਲਾਸੀਕਲ ਮਾਰਕਸਵਾਦ ਤੋਂ ਹਟ ਕੇ ਉਤਰ-ਆਧੁਨਿਕਤਾ ਦੇ ਉਭਾਰ ’ਚ ਜਾਣ ਦਾ ਵਧੀਆ ਬਹਾਨਾ ਦਿੱਤਾ। ਅਜੋਕੇ ਪੰਜਾਬ ਦੀ ਸਿਆਸੀ ਆਰਥਿਕਤਾ ਅਤੇ ਬੌਧਿਕ ਹਲਕੇ ਗੁਰਬਤ ਦੇ ਜਿਸ ਦੌਰ ਵਿਚੋਂ ਗੁਜ਼ਰ ਰਹੇ ਹਨ, ਉਸ ਦੀ ਤਕਦੀਰ ਬਦਲਣ ਲਈ ਪ੍ਰੋਫੈਸਰ ਰਣਧੀਰ ਸਿੰਘ ਦੁਆਰਾ ਪ੍ਰਚਲਿਤ ਕੀਤੀ ਮੌਲਿਕ ਮਾਰਕਸਵਾਦੀ ਵਿਧੀ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਉਂਝ, ਅੱਜ ਤਰਾਸਦੀ ਇਹ ਹੈ ਕਿ ਅਜੋਕੀ ਬੁੱਧੀਜੀਵੀ ਪੀੜ੍ਹੀ ਕਲਾਸੀਕਲ ਮਾਰਕਸਵਾਦ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਰਹੀ ਹੈ। ਇਸ ਸੂਰਤ ਵਿਚ ਪ੍ਰੋ. ਰਣਧੀਰ ਸਿੰਘ ਦੇ ਵਿਚਾਰ ਹੋਰ ਵੀ ਮਹੱਤਵਪੂਰਨ ਹੋ ਜਾਂਦੇ ਹਨ।
ਪ੍ਰੋ. ਰਣਧੀਰ ਸਿੰਘ ਉਹ ਵਿਦਵਾਨ ਸਨ ਜਿਨ੍ਹਾਂ ਤਾਉਮਰ ਮਾਰਕਸਵਾਦੀ ਵਿਧੀ ਵਿਸ਼ਲੇਸ਼ਣ ਤੋਂ ਕਿਨਾਰਾ ਨਹੀਂ ਕੀਤਾ। ਉਨ੍ਹਾਂ ਵੀਹਵੀਂ ਸਦੀ `ਚ ਉਭਰਦੀਆਂ ਨਵੀਆਂ ਵਿਚਾਰਧਾਰਾਵਾਂ ਜੋ ਪੂੰਜੀਵਾਦ ਦੀ ਉਮਰ ਲੰਮੀ ਕਰਨ ਹਿੱਤ ਜਾਂ ਪੂੰਜੀਵਾਦ ਵਿਚ ਆਪਣੀ ਥਾਂ ਬਣਾਉਣ ਤੋਂ ਰਹੀਆਂ ਸਨ, ਉਨ੍ਹਾਂ ਦੀਆਂ ਕਮਜ਼ੋਰੀਆਂ ਦੇ ਵਿਸ਼ਲੇਸ਼ਣ ਆਪਣਾ ਬੋਧਿਕ ਕਾਰਜ ਬਣਾ ਲਿਆ। ਉਨ੍ਹਾਂ ਨੇ ਸਪੱਸ਼ਟ ਰੂਪ ਵਿਚ ਆਪਣੀਆਂ ਲਿਖਤਾਂ ਰਾਹੀਂ ਐਲਾਨਿਆ ਕਿ ਜਦੋਂ ਤੱਕ ਪੂੰਜੀਵਾਦ ਰਹੇਗਾ, ਉਸ ਦੀ ਬਣਤਰ ਤੇ ਕਮਜ਼ੋਰੀਆਂ ਕਾਰਨ ਸੰਕਟ ਪੈਦਾ ਹੁੰਦੇ ਰਹਿਣਗੇ ਅਤੇ ਇਨ੍ਹਾਂ ਸੰਕਟਾਂ ਦੇ ਵਿਸ਼ਲੇਸ਼ਣ ਤੇ ਪੂੰਜੀਵਾਦ ਦੇ ਬਦਲ ਦੇ ਸਵਾਲ ਨਾਲ ਸਰੋਕਾਰ ਰੱਖਣ ਵਾਲੇ ਲੋਕਾਂ ਲਈ ਮਾਰਕਸਵਾਦੀ ਚਿੰਤਨ ਸਦਾਬਹਾਰ ਰਹੇਗਾ।
ਪ੍ਰੋ. ਰਣਧੀਰ ਸਿੰਘ ਦੇ ਅਕਾਦਮਿਕ ਚਿੰਤਨ ਦਾ ਆਗਾਜ਼ ਉਸ ਸਮੇਂ ਹੁੰਦਾ ਹੈ ਜਦੋਂ 1951 `ਚ ਖੱਬੇ ਪੱਖੀ ਝੁਕਾਅ ਵਾਲੇ ਪ੍ਰੋਫੈਸਰ ਲਾਸਕੀ ਦੀ ਲੰਡਨ ਸਕੂਲ ਆਫ ਇਕੋਨੋਮਿਕਸ ਦੀ ਕੁਰਸੀ ਉਤੇ ਪ੍ਰੋ. ਮਾਇਕਲ ਉਕਸ਼ਾਟ ਆ ਬਿਰਾਜਦੇ ਹਨ। ਉਹ ਆਪਣੀ ਲੇਖਣੀ ਰਾਹੀਂ ਇਹ ਸਥਾਪਤ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਹੁਣ ਪਲੈਟੋ, ਅਰਸਤੂ, ਲਾਕ ਤੇ ਕਾਰਲ ਮਾਰਕਸ ਦੀਆਂ ਲਿਖਤਾਂ/ਵਿਚਾਰਧਾਰਾਵਾਂ ਦੀ ਕੋਈ ਜ਼ਿਆਦਾ ਮਹੱਤਤਾ ਨਹੀਂ ਹੈ। ਪ੍ਰੋ. ਉਕਸ਼ਾਟ ਅਨੁਸਾਰ, ਇਨ੍ਹਾਂ ਵਿਚਾਰਧਾਰਾਵਾਂ ਅਤੇ ਉਨ੍ਹਾਂ ਨਾਲ ਸਬੰਧਿਤ ਲਿਖਤਾਂ ਆਧੁਨਿਕ ਪੂੰਜੀਵਾਦ ਅਧੀਨ ਸਮਾਜਿਕ ਵਿਕਾਸ ਨੂੰ ਸਮਝਣ `ਚ ਕੋਈ ਖਾਸ ਦ੍ਰਿਸ਼ਟੀਕੋਣ ਮੁਹੱਈਆ ਨਹੀਂ ਕਰਦੀਆਂ। ਇਸੇ ਲਈ ਉਚੇਰੀ ਸਿੱਖਿਆ ਦੇ ਸਿਲੇਬਸਾਂ `ਚ ਸਿਆਸੀ ਵਿਚਾਰਧਾਰਾਵਾਂ (ਖਾਸ ਕਰ ਕੇ ਮਾਰਕਸ) ਨੂੰ ਕੱਢ ਕੇ ਉਭਰ ਰਹੀਆਂ ਉਤਰ-ਆਧੁਨਿਕਤਾਵਾਦੀ ਵਿਧੀਆਂ ਜਿਨ੍ਹਾਂ ‘ਚ ਇਤਿਹਾਸ ਤੋਂ ਰਹਿਤ ਤਰਕ, ਨਸਲ, ਲਿੰਗ, ਸਿਆਸੀ ਸੱਭਿਆਚਾਰ (ਪੁਲੀਟੀਕਲ ਕਲਚਰ), ਵਿਅਕਤੀਵਾਦੀ, ਤਰਕਸ਼ੀਲਤਾ ਆਦਿ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਇਸ ਪ੍ਰਸੰਗ ਵਿਚ ਮਾਰਕਸਵਾਦ ਸਮੁੱਚਤਾ (totality) ਦੀ ਵਿਧੀ ਦਾ ਪੱਖ ਲੈਂਦੇ ਹੋਏ ਪ੍ਰੋ. ਰਣਧੀਰ ਸਿੰਘ ਨੇ ਅਕਾਦਮਿਕ ਪੱਧਰ ਦੀ ਮਹੱਤਵਪੂਰਨ ਲਿਖਤ ‘ਰੀਜਨ, ਰੈਵੂਲੇਸ਼ਨ ਐਂਡ ਪੁਲੀਟੀਕਲ ਥਿਊਰੀ: ਨੋਟਸ ਆਨ ਮਾਇਕਲ ਉਕਸ਼ਾਟ` (1967) ਲਿਖੀ ਜਿਸ ਵਿਚ ਉਨ੍ਹਾਂ ਨੇ ਨਵ-ਕਲਾਸੀਕਲ ਤੇ ਉਤਰ-ਆਧੁਨਿਕਤਾਵਾਦੀ ਸੋਚਣੀ ਵਾਲੇ ਮਾਈਕਲ ਉਕਸ਼ਾਟ ਦੇ ਵਿਚਾਰਾਂ ਦੇ ਇਕ-ਇਕ ਕਰ ਕੇ ਪਰਖਚੇ ਉਡਾ ਦਿੱਤੇ।
ਇਸ ਮੌਲਿਕ ਲਿਖਤ ਰਾਹੀਂ ਪ੍ਰੋ. ਰਣਧੀਰ ਸਿੰਘ ਨੇ ਸਥਾਪਤ ਕੀਤਾ ਕਿ ਸਿਆਸੀ ਸ਼ਾਸਤਰ ਵਿਚੋਂ ਮਾਰਕਸਵਾਦੀ ਵਿਧੀ ਨੂੰ ਕੱਢਣ ਦਾ ਮਤਲਬ ਪੂੰਜੀਵਾਦ ਦੀਆਂ ਅੰਦਰੂਨੀ ਚਾਲਕ ਸ਼ਕਤੀਆਂ ਦੀਆਂ ਅਲਾਮਤਾਂ ਨੂੰ ਸਮਾਜ ਅਤੇ ਸਿਆਸਤ ਦੇ ਅਧਿਐਨ ਵਿਚੋਂ ਬਾਹਰ ਕੱਢਣਾ ਹੈ। ਅਜਿਹਾ ਕਰਨ ਨਾਲ ਸਿਆਸੀ ਸ਼ਾਸਤਰ ਸਿਰਫ਼ ਪੂੰਜੀਵਾਦ ਨੂੰ ਕਾਇਮ ਰੱਖਣ ਦਾ ਹਥਿਆਰ ਬਣ ਕੇ ਰਹਿ ਜਾਵੇਗਾ। ਤਰਾਸਦੀ ਇਹ ਬਣੇਗੀ ਕਿ ਇਹ ਰੁਝਾਨ ਵਿਦਿਆਰਥੀਆ ਅਤੇ ਖੋਜਾਰਥੀਆਂ ਨੂੰ ਗਿਆਨ ਤੋਂ ਵਿਹੂਣਾ ਕਰ ਦੇਵੇਗਾ। ਉਹ ਕਦੇ ਇਹ ਸਮਝ ਨਹੀਂ ਸਕਣਗੇ ਕਿ ਪੂੰਜੀਵਾਦੀ ਢਾਂਚੇ ਦਾ ਵਿਕਾਸ ਤੇ ਉਸ ਦੇ ਸੰਕਟ ਇਸ ਦੇ ਇਤਿਹਾਸ ਅਤੇ ਅੰਦਰੂਨੀ ਕਾਰਜ ਪ੍ਰਣਾਲੀ ਨਾਲ ਕਿਸ ਕਿਸਮ ਦਾ ਸਬੰਧ ਰੱਖਦੇ ਹਨ। ਉਨ੍ਹਾਂ ਆਪਣੀਆਂ ਲਿਖਤ `ਚ ਸਪਸ਼ਟ ਦਰਜ ਕੀਤਾ ਕਿ ਮਾਰਕਸਵਾਦੀ ਦਰਸ਼ਨ/ਵਿਸ਼ਲੇਸ਼ਣ ਨੂੰ ਸਿਆਸੀ ਸ਼ਾਸਤਰ ਵਿਚੋਂ ਮਨਫ਼ੀ ਕਰਨ ਨਾਲ ਸਿਆਸੀ ਖੇਤਰ ਦੀ ਬੌਧਿਕਤਾ ਸੀਮਤ ਅਤੇ ਸੁੰਗੜ ਜਾਵੇਗੀ। ਇਸ ਲਿਖਤ ਵਿਚ ਸਿਆਸੀ ਸ਼ਾਸਤਰ ਦੇ ਹਵਾਲੇ ਨਾਲ ਜਿਨ੍ਹਾਂ ਗੰਭੀਰ ਖਦਸ਼ਿਆਂ ਦਾ ਉਨ੍ਹਾਂ ਜ਼ਿਕਰ ਕੀਤਾ ਸੀ, ਸਾਰੇ ਸੰਸਾਰ ਵਿਚ ਸਮੁੱਚੀ ਸਮਾਜਿਕ ਵਿਗਿਆਨ ਦਾ ਉਚੇਰੀ ਸਿੱਖਿਆ ਪ੍ਰਣਾਲੀ ਵਿਚ ਜਿਉਂ ਦਾ ਤਿਉਂ ਵਾਪਰ ਰਿਹਾ ਹੈ।
ਪ੍ਰੋ. ਰਣਧੀਰ ਸਿੰਘ ਦੀ ਇਸ ਲਿਖਤ ਦੇ ਨਜ਼ਰੀਏ ਤੋਂ ਪੰਜਾਬ ਦੇ ਬੌਧਿਕ ਹਲਕਿਆਂ ਉਪਰ ਝਾਤੀ ਮਾਰਦੇ ਹਾਂ ਤਾਂ ਸਾਫ਼ ਦ੍ਰਿਸ਼ ਬਣਦਾ ਹੈ ਕਿ ਪੰਜਾਬ ਵਿਚ ਨਵ-ਕਲਾਸੀਕਲ ਅਤੇ ਉਤਰ-ਆਧੁਨਿਕਤਾਵਾਦ ਵਿਧੀਆਂ ਤੇ ਵਿਸ਼ਲੇਸ਼ਣਾਂ ਨੇ ਸਮਾਜਿਕ ਵਿਗਿਆਨ ਦੇ ਸਾਰੇ ਖੇਤਰ ਨੂੰ ਪੂਰੀ ਤਰ੍ਹਾਂ ਆਪਣੇ ਕਲਾਵੇ ਵਿਚ ਲੈ ਲਿਆ ਹੈ। ਗੌਰਤਲਬ ਹੈ ਕਿ ਉਤਰ-ਆਧੁਨਿਕਤਾਵਾਂ ਵਿਧੀ/ਵਿਸ਼ਲੇਸ਼ਣ ਦੀ ਸਮਾਜਿਕ ਵਿਗਿਆਨ ਵਿਚ ਆਮਦ ਸਿਲੇਬਸ ਨੂੰ ਨਵਿਆਉਣ ਦੇ ਨਾਮ ਹੇਠ ਮਾਰਕਸਵਾਦੀ ਵਿਧੀ/ਵਿਸ਼ਲੇਸ਼ਣ ਨੂੰ ਸਮਾਜਿਕ ਵਿਗਿਆਨ ਦੇ ਵਿਸ਼ਾ ਖੇਤਰਾਂ ਵਿਚੋਂ ਬਾਹਰ ਕੱਢਣ ਲਈ ਹੋਈ ਹੈ। ਸਮਾਜ ਅਤੇ ਉਸ ਦੀਆਂ ਅੰਦਰੂਨੀ ਵਿਰੋਧਤਾਈਆਂ ਸਮਝਣ ਲਈ ਮਾਰਕਸਵਾਦੀ ਜਮਾਤੀ ਅਧਿਐਨ ਅਤੇ ਸਮੁੱਚਤਾ (totality) ਦੀ ਥਾਂ ਹੁਣ ਉਤਰ-ਆਧੁਨਿਕਤਾਵਾਦੀ ਵਿਧੀਆਂ (ਇਕਾਂਤਵਾਦ, ਵਿਅਕਤੀਵਾਦ, ਵੱਖਵਾਦ ਆਦਿ) ਨੇ ਲੈ ਲਈ ਹੈ। ਇਸ ਤੋਂ ਵੀ ਖ਼ਤਰਨਾਕ ਵਰਤਾਰਾ ਜੋ ਪੰਜਾਬ ਦੇ ਬੌਧਿਕ ਹਲਕਿਆਂ, ਖੋਜਾਰਥੀਆਂ ਅਤੇ ਨਵੇਂ ਵਿਦਿਆਰਥੀਆਂ ਦੇ ਪ੍ਰਸੰਗ ਵਿਚ ਉਭਰ ਕੇ ਸਾਹਮਣੇ ਆ ਰਿਹਾ ਹੈ, ਉਹ ਇਹ ਹੈ ਕਿ ਉਤਰ-ਆਧੁਨਿਕਤਾਵਾਦ ਨੂੰ ਮਾਰਕਸਵਾਦ ਦਾ ਰੂਪ ਹੀ ਮੰਨਦੇ ਹਨ। ਹਕੀਕਤ ਇਹ ਹੈ ਜਿਵੇਂ ਪ੍ਰੋ. ਰਣਧੀਰ ਸਿੰਘ ਅਤੇ ਮਿਸਕਨ ਵੁਡ (ਜਿਨ੍ਹਾਂ ਦੇ ਪ੍ਰੋ. ਰਣਧੀਰ ਸਿੰਘ ਖੁਦ ਵੱਡੇ ਪ੍ਰਸੰਸਕ ਸਨ), ਵੀ ਕਹਿੰਦੇ ਸਨ- ਉਤਰ-ਆਧੁਨਿਕਤਾਵਾਦੀ ਵਿਚਾਰਧਾਰਾ ਪੂੰਜੀਵਾਦ ਦਾ ਹੀ ਪ੍ਰਾਜੈਕਟ ਹੈ ਜਿਹੜੀ ਮਾਰਕਸਵਾਦ ਵਿਧੀ/ਵਿਸ਼ਲੇਸ਼ਣ ਨੂੰ ਬੌਧਿਕ ਖੇਤਰਾਂ ਵਿਚ ਹਾਸ਼ੀਏ ’ਤੇ ਧੱਕਣ ਲਈ ਪ੍ਰਸਿੱਧ ਕੀਤੀ ਗਈ। ਦੂਜੇ ਅਰਥਾਂ `ਚ ਉਤਰ-ਆਧੁਨਿਕਤਾ ਪੂੰਜੀਵਾਦ ਇੱਕਤਰੀਕਰਨ ਦੇ ਨਿਯਮਾਂ ਵਿਚ ਆਏ ਗੁਣਵਰਤ ਪਰਿਵਰਤਨਾਂ ਦੀ ਉਪਜ ਹੈ ਜਿਸ ਦੀ ਵਰਤੋਂ ਮਾਰਕਸਵਾਦੀ ਜਮਾਤੀ ਵਿਸ਼ਲੇਸ਼ਣਾਂ ਅਤੇ ਪੂੰਜੀਵਾਦ ਦੇ ਬਦਲ ਲਈ ਸੰਘਰਸ਼ ਦੀ ਮਹੱਹਤਾ ਨੂੰ ਸੋਸ਼ਲ ਸਾਇੰਸਸ ਵਿਚੋਂ ਮਨਫ਼ੀ ਕਰ ਕੇ, ਪੂੰਜੀਵਾਦੀ ਢਾਂਚੇ ਵਿਚ ਰਹਿ ਕੇ ਉਸ ਵਿਚ ਥਾਂ (space) ਬਣਾਉਣ ਨੂੰ ਅਸਲੀ ਸੰਘਰਸ਼ ਮੰਨਦੀ ਹੈ।
ਸੋਵੀਅਤ ਯੂਨੀਅਨ ਦੇ ਅਚਾਨਕ ਪਤਨ ਨੂੰ ਜਪਾਨੀ ਮੂਲ ਦੇ ਅਮਰੀਕੀ ਸਿਆਸੀ ਸ਼ਾਸਤਰੀ ਫੂਕੋਯਾਮਾ ਨੇ ‘ਐੰਡ ਆਫ ਹਿਸਟਰੀ’ (End of History) ਦਾ ਨਾਂ ਦਿੱਤਾ। ਉਸ ਦਾ ਮੰਨਣਾ ਸੀ ਕਿ ਸੋਵੀਅਤ ਯੂਨੀਅਨ ਦੇ ਪਤਨ ਨੇ ਸਾਬਤ ਕਰ ਦਿੱਤਾ ਕਿ ਸੰਸਾਰ ਵਿਚ ਪੂੰਜੀਵਾਦ ਸਭ ਤੋਂ ਕੁਸ਼ਲ ਸਿਆਸੀ-ਆਰਥਿਕ ਪ੍ਰਬੰਧ ਹੈ ਅਤੇ ਇਸ ਦਾ ਕੋਈ ਬਦਲ ਨਹੀਂ। ਸੋਵੀਅਤ ਯੂਨੀਅਨ ਦੇ ਪਤਨ ਨੇ ਜਿੱਥੇ ਸੰਸਾਰ ਪੱਧਰ ਉਤੇ ਮਾਰਕਸਵਾਦੀ ਵਿਚਾਰਧਾਰਾ ਵਾਲੀਆਂ ਸਿਆਸੀ ਪਾਰਟੀਆਂ ਅਤੇ ਕਾਰਕੁਨਾਂ ਵਿਚ ਨਿਰਾਸ਼ਾ ਦਾ ਮਾਹੌਲ ਸਿਰਜਿਆ, ਉਥੇ ਮਾਰਕਸਵਾਦ ਨਾਲ ਜੁੜੇ ਬੁਧੀਜੀਵੀ ਹਲਕਿਆਂ ਵਿਚ ਵੀ ਨਿਰਾਸ਼ਾ ਪਸਰ ਗਈ। ਇਨ੍ਹਾਂ ਦੋਹਾਂ ਕਿਸਮ ਦੀਆਂ ਨਿਰਾਸ਼ਾਵਾਂ ਨੂੰ ਪੰਜਾਬ ਵਿਚ ਬਾਖੂਬੀ ਦੇਖਿਆ ਜਾ ਸਕਦਾ ਸੀ ਜੋ ਅੱਜ ਵੀ ਮੌਜੂਦ ਹਨ।
1990 ਤੋਂ ਬਾਅਦ ਬਹੁ-ਗਿਣਤੀ ਬੁਧੀਜੀਵੀਆਂ ਖ਼ੁਦ ਨੂੰ ਮਾਰਕਸਵਾਦੀ ਕਹਿਣ ਤੋਂ ਗੁਰੇਜ਼ ਕਰਨ ਲੱਗੇ। ਹਕੀਕਤ ਇਹ ਹੈ ਕਿ ਇਸ ਬੁਹ-ਗਿਣਤੀ ਨੇ ਅਜੋਕੇ ਪੂੰਜੀਵਾਦੀ ਪ੍ਰਬੰਧ ਨੂੰ ਸਮਝਣ ਦੀ ਮਹੱਤਤਾ ਤੋਂ ਕਿਨਾਰਾ ਕਰ ਲਿਆ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਉਨ੍ਹਾਂ ਨੇ ਪ੍ਰੋ. ਰਣਧੀਰ ਸਿੰਘ ਵਾਂਗ ਮਾਰਕਸ ਦੀਆਂ ਲਿਖਤਾਂ ਦਾ ਆਪਣੀ ਜ਼ਿੰਦਗੀ ਵਿਚ ਕਦੇ ਨਿੱਠ ਕੇ ਅਧਿਐਨ ਨਹੀਂ ਕੀਤਾ। ਪ੍ਰੋ. ਰਣਧੀਰ ਸਿੰਘ ਅਜਿਹੇ ਮੌਲਿਕ ਮਾਰਕਸਵਾਦੀ ਸਨ ਜਿਨ੍ਹਾਂ ਨੇ 1990 ਤੋਂ ਬਾਅਦ ਸੋਵੀਅਤ ਯੂਨੀਅਨ ਦੇ ਮਾਰਕਸਵਾਦੀ ਤਜਰਬੇ ਦੇ ਫੇਲ੍ਹ ਹੋਣ ਨੂੰ ਸਮਝ ਲਈ ਹਜ਼ਾਰ ਪੰਨਿਆਂ ਦੀ ਵੱਡ-ਅਕਾਰੀ ਲਿਖਤ ‘ਕਰਾਇਸਿਸ ਆਫ ਸੋਸ਼ਲਿਜ਼ਮ’ (Crisis of Socialism-2006) ਲਿਖੀ। ਇਸ ਲਿਖਤ ਦਾ ਮਕਸਦ ਮਾਰਕਸਵਾਦੀ ਅਭਿਆਸ ਦੇ ਫੇਲ੍ਹ ਹੋਣ ਦਾ ਮਾਰਕਸਵਾਦੀ ਵਿਧੀ ਦੁਆਰਾ ਅਧਿਐਨ ਕਰਨਾ ਸੀ। ਇਸ ਲਿਖਤ ਰਾਹੀਂ ਉਨ੍ਹਾਂ ਸਿੱਧ ਕੀਤਾ ਕਿ ਮਾਰਕਸਵਾਦ ਦਾ ਅਭਿਆਸ, ਮਾਰਕਸਵਾਦੀ ਵਿਧੀ ਕਾਰਨ ਨਹੀਂ ਬਲਕਿ ਅਭਿਆਸ ਕਰਨ ਵਾਲੇ ਸਮਾਜਾਂ ਦੀਆਂ ਆਪਣੀਆਂ ਕਮਜ਼ੋਰੀਆਂ ਅਤੇ ਸਾਮਰਾਜਵਾਦੀ ਮੁਲਕਾਂ ਦੀ ਲਗਾਤਾਰ ਦਖ਼ਲਅੰਦਾਜ਼ੀ ਕਾਰਨ ਫੇਲ੍ਹ ਹੋਇਆ ਹੈ। ਉਨ੍ਹਾਂ ਦੀ ਧਾਰਨਾ ਸੀ ਕਿ ਜਦੋਂ ਤੱਕ ਸੰਸਾਰ ਵਿਚ ਪੂੰਜੀਵਾਦ ਦਾ ਬੋਲਬਾਲਾ ਰਹੇਗਾ, ਇਸ ਤੋਂ ਪੀੜਤ ਲੋਕ ਅਤੇ ਜੂਝਣ ਵਾਲੇ ਹਿੱਸੇ ਮਾਰਕਸਵਾਦ ਤੋਂ ਸਬਕ ਲੈਂਦੇ ਰਹਿਣਗੇ। ਪ੍ਰੋ. ਰਣਧੀਰ ਸਿੰਘ ਦੀ ਇਸ ਲਿਖਤ ਦੇ ਨਜ਼ਰੀਏ ਤੋਂ ਮੌਜੂਦ ਪੰਜਾਬ ਦੀ ਸਿਆਸੀ ਆਰਥਿਕਤਾ ਮੰਗ ਕਰਦੀ ਹੈ ਕਿ ਅਜੋਕੇ ਪੰਜਾਬ ਸਮਾਜ ਦੇ ਸੰਕਟਾਂ ਅਤੇ ਉਨ੍ਹਾਂ ਵਿਚੋਂ ਬਦਲ ਦੀ ਤਲਾਸ਼ ਦਾ ਅਧਿਐਨ/ਨਿਰੀਖਣ ਮਾਰਕਸਵਾਦੀ ਵਿਧੀ ਰਾਹੀਂ ਹੀ ਕੀਤਾ ਜਾ ਸਕਦਾ ਹੈ ਕਿਉਂਕਿ ਪੰਜਾਬ ਦੇ ਸੰਕਟ ਦੀ ਮੂਲ ਜੜ੍ਹ ਪੰਜਾਬ ਵਿਚ ਪੂੰਜੀਵਾਦ ਦੀ ਆਮਦ ਅਤੇ ਇਸ ਦੀ ਵਿਕਾਸ ਪ੍ਰਕਿਰਿਆ ਵਿਚ ਹੈ। ਇਸ ਪ੍ਰਸੰਗ ਵਿਚ ਲਾਜ਼ਮੀ ਹੈ ਕਿ ਪੰਜਾਬ ਦੇ ਮੌਜੂਦਾ ਸੰਕਟ ਦੀਆਂ ਮੁੱਖ ਵਿਰੋਧਤਾਈਆਂ ਦੀ ਨਿਸ਼ਾਨਦੇਹੀ ਕੀਤੀ ਜਾਵੇ।
ਕਿਸੇ ਵੀ ਪੂੰਜੀਵਾਦੀ ਸਮਾਜ ਦੇ ਸੰਕਟ ਦੀਆਂ ਮੁੱਖ ਵਿਰੋਧਤਾਈਆ ਦਾ ਖਾਸਾ ਆਰਥਿਕ ਅਤੇ ਸਿਆਸੀ ਹੁੰਦਾ ਹੈ ਪਰ ਅਜੋਕੇ ਪੰਜਾਬ ਦੀ ਤਰਾਸਦੀ ਇਹ ਹੈ ਕਿ ਪੰਜਾਬ ਦੀ ਮਾਰਕਸਵਾਦੀ ਲਹਿਰ ਉਤਰ-ਆਧੁਨਿਕਤਾਵਾਦੀ ਬੁਧੀਜੀਵੀਆਂ ਦੁਬਾਰਾ ਉਭਾਰੀਆਂ ਜਾ ਰਹੀਆਂ ਵਿਰੋਧਤਾਈਆਂ, ਨਸਲ, ਪਛਾਣ, ਲਿੰਗ, ਕੌਮ, ਸਭਿਆਚਾਰ, ਭਾਸ਼ਾ ਆਦਿ ਨੂੰ ਪੰਜਾਬ ਦੇ ਸਿਆਸੀ-ਆਰਥਿਕ ਸੰਕਟ ਦੀ ਮੁੱਖ ਵਿਰੋਧਤਾਈ ਮੰਨ ਰਹੀ ਹੈ। ਪ੍ਰੋ. ਰਣਧੀਰ ਸਿੰਘ ਅਤੇ ਅਸੀਂ ਵੀ ਉਪਰੋਕਤ ਵਿਰੋਧਤਾਈਆਂ ਦੀ ਮਹੱਤਤਾ ਤੋਂ ਇਨਕਾਰੀ ਨਹੀਂ ਪਰ ਉਪਰੋਕਤ ਵਿਰੋਧਤਾਈਆਂ ਨੂੰ ਸਮਾਜ ਦੀ ਮੁੱਖ ਵਿਰੋਧਤਾਈ ਬਣਾ ਕੇ ਪੇਸ਼ ਕਰਨ ਵਾਲੇ ਬੌਧਿਕ ਤਬਕੇ ਪੰਜਾਬ ਸੰਕਟ ਅਤੇ ਪੂੰਜੀਵਾਦ ਦਾ ਬਦਲ ਉਦੋਂ ਤੱਕ ਨਹੀਂ ਸਿਰਜ ਸਕਦੇ ਜਦੋਂ ਤੱਕ ਪੂੰਜੀਵਾਦ ਦੀ ਅਸਲ ਵਿਰੋਧਤਾਈ ਜੋ ਉਸ ਦੇ ਆਰਥਿਕ ਤੇ ਸਿਆਸੀ ਪ੍ਰਬੰਧ ਵਿਚੋਂ ਉਪਜਦੀ ਹੈ, ਦਾ ਮਾਰਕਸਵਾਦੀ ਵਿਧੀ/ਵਿਸ਼ਲੇਸ਼ਣ ਨੂੰ ਆਧਾਰ ਬਣਾ ਕੇ ਅਧਿਐਨ ਨਹੀਂ ਕੀਤਾ ਜਾਂਦਾ। ਇਸ ਸੂਰਤ ਵਿਚ ਮੌਲਿਕ ਮਾਰਕਸਵਾਦੀਆਂ ਲਈ ਪ੍ਰੋ. ਰਣਧੀਰ ਸਿੰਘ ਦੀਆਂ ਲਿਖਤਾਂ ਦੀ ਸਾਰਥਿਕਤਾ ਹੋਰ ਵਧ ਜਾਂਦੀ ਹੈ।
ਭਾਰਤ ਵਿਚ 1970 ਤੋਂ ਬਾਅਦ ਆਈਆਂ ਅਹਿਮ ਤਬਦੀਲੀਆਂ ਨੇ ਦੇਸ਼ ਦੇ ਹਰ ਕੋਨੇ ਸਮੇਤ ਪੰਜਾਬ ਉਤੇ ਨਾਂਹ ਪੱਖੀ ਪ੍ਰਭਾਵ ਪਾਏ ਹਨ। ਇਸੇ ਸਮੇਂ ਤੋਂ ਹੀ ਬੌਧਿਕ ਖੇਤਰ ਵਿਚ ਜਮਾਤ ਦੇ ਸਵਾਲ ਦੀ ਥਾਂ ਜਾਤ, ਧਾਰਮਿਕ ਕੱਟੜਤਾ, ਪਛਾਣ, ਲਿੰਗ ਤੇ ਭਾਸ਼ਾ ਦੇ ਸਵਾਲ ਕੇਂਦਰੀ ਬਣਾਉਣ `ਚ ਉਤਰ-ਆਧੁਨਕਿਤਾ ਵਿਚਾਰਧਾਰਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਦੌਰ `ਚ ਮਾਰਕਸਵਾਦੀ ਵਿਸ਼ਲੇਸ਼ਣ ਕਰਦੇ ਹੋਏ ਪ੍ਰੋ. ਰਣਧੀਰ ਸਿੰਘ ਨੇ ਭਾਰਤੀ ਰਿਆਸਤ (ਸਟੇਟ) ਦੁਆਰਾ ਕੀਤੀ ਜਾ ਰਹੀ ਨਸਲ ਤੇ ਜਾਤ ਦੀ ਸਿਆਸਤ ਦੇ ਅਸਲ ਕਾਰਨਾਂ ਜੋ ਪੂੰਜੀਵਾਦ ਦੁਆਰਾ ਆਰਥਿਕ ਲੁੱਟ ਤੇਜ਼ ਕਰਨ ਨਾਲ ਜੁੜੇ ਹੋਏ ਹਨ, ਆਪਣੀਆਂ ਵੱਖ ਵੱਖ ਲਿਖਤਾਂ ਵਿਚ ਸਪੱਸ਼ਟ ਕੀਤਾ ਹੈ ਕਿ ਕਿਵੇਂ ਭਾਰਤ ਅਤੇ ਪੰਜਾਬ ਦੀਆਂ ਸਿਆਸੀ ਜਮਾਤਾਂ ਲੋਕਾਂ ਦੀ ਆਰਥਿਕ ਸਮੱਸਿਆ ਨੂੰ ਧਾਰਮਿਕ ਰੰਗਤ ਦੇ ਕੇ ਸਮਾਜਿਕ ਅਰਾਜਕਤਾ ਫੈਲਾਅ ਰਹੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਲਿਖਤਾਂ ਵਿਚ ‘ਆਫ ਮਾਰਕਸਿਜ਼ਮ ਐਂਡ ਇੰਡੀਅਨ ਪਾਲਿਟਿਕਸ` (1990), ‘ਫਾਈਵ ਲੈਕਚਰਜ਼ ਇਨ ਮਾਰਕਸਿਸਟ ਮੋਡ` (1993) ਅਤੇ ‘ਇੰਡੀਅਨ ਪਾਲਿਟਿਕਸ: ਅਲਟਰਨੇਟਿਵ ਆਰਗਿਊਮੈਂਟ’ (2009) ਮੁਖ ਹਨ।
ਪ੍ਰੋ. ਰਣਧੀਰ ਸਿੰਘ ਨੇ ਪੰਜਾਬ ਬਾਰੇ ਦਰਜ ਕੀਤਾ ਕਿ ਕਿਵੇਂ ਹਰੀ ਕ੍ਰਾਂਤੀ ’ਚੋਂ ਪੈਦਾ ਹੋਈ ਹੁਕਮਰਾਨ ਜਮਾਤ ਨੇ ਪੰਜਾਬੀ ਸਮਾਜ ਦੀ ਮਾਰਕਸਵਾਦੀ ਸਮਝ ਨੂੰ ਤਹਿਸ ਨਹਿਸ ਕਰ ਕੇ ਜਮਾਤ ਦਾ ਸਵਾਲ ਮਨਫ਼ੀ ਕਰ ਦਿੱਤਾ। ਇਸ ਪਿੱਛੋਂ ਦਿੱਲੀ ਅਤੇ ਪੰਜਾਬ ਦੇ ਹੁਕਮਰਾਨਾਂ ਨੇ ਮਿਲ ਕੇ 1990 ਤੋਂ ਬਾਅਦ ਪੰਜਾਬ ਦੀ ਆਰਥਿਕਤਾ ਨੂੰ ਨਵ-ਉਦਾਰਵਾਦੀ ਪ੍ਰਾਜੈਕਟ ਹਵਾਲੇ ਕਰ ਦਿੱਤਾ। ਇਉਂ ਭਾਰਤ ਅਤੇ ਪੰਜਾਬ ਦੀਆਂ ਆਰਥਿਕ, ਸਿਆਸੀ ਅਤੇ ਸਮਾਜਿਕ ਸੰਕਟ ਦੀਆਂ ਦੁਸ਼ਵਾਰੀਆਂ ਨੂੰ ਸਮਝਣ ਤੇ ਨਜਿੱਠਣ ਦਾ ਪ੍ਰੋ. ਰਣਧੀਰ ਸਿੰਘ ਦਾ ਨਜ਼ਰੀਆ ਮਾਰਕਸਵਾਦੀ ਹੀ ਰਿਹਾ। ਉਨ੍ਹਾਂ ਦੀਆਂ ਲਿਖਤਾਂ ਅਨੁਸਾਰ ਪੰਜਾਬ ਦੇ ਸੰਕਟ ਦੀਆਂ ਜੜ੍ਹਾਂ ਦਾ ਪੰਜਾਬ ਦੀਆਂ ਸਿਆਸੀ ਅਤੇ ਪੂੰਜੀਵਾਦੀ ਜਮਾਤਾਂ ਦੁਆਰਾ ਕੀਤੀ ਜਾ ਰਹੀ ਲੁੱਟ ਨਾਲ ਅਨਿੱਖੜ ਸਬੰਧ ਹੈ। ਅਜੋਕੇ ਪੰਜਾਬ ਦੀ ਆਰਥਿਕ ਤੇ ਸਿਆਸੀ ਜਮਾਤ ਦਾ ਸਾਰਾ ਦਾਰੋਮਦਾਰ ਇਸ ਵਿਚ ਰਹਿੰਦਾ ਹੈ ਕਿ ਕਿਵੇਂ ਪੰਜਾਬ ਦੇ ਸੰਕਟ ਦੀਆਂ ਅੰਦਰੂਨੀ ਵਿਰੋਧਤਾਈਆਂ ਨੂੰ ਸਮੁੱਚੇ ਪੰਜਾਬ ਦੀ ਵਿਰੋਧਤਾਈ ਪੇਸ਼ ਕਰ ਕੇ ਕੇਂਦਰੀ ਸਰਕਾਰ ਨਾਲ ਵਿਰੋਧ ਵਿਚ ਤਬਦੀਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੁਆਰਾ ਕੀਤੀ ਜਾ ਰਹੀ ਪੰਜਾਬ ਦੇ ਸਾਧਨਾਂ, ਵਾਤਾਵਰਨ, ਆਮ ਲੋਕਾਂ ਖਾਸ ਕਰ ਕੇ ਨੌਜਵਾਨਾਂ ਦੀ ਬੌਧਿਕ ਲੁੱਟ ਅਤੇ ਗੁਰਬਤ ਦਾ ਸ਼ਿਕਾਰ ਜਮਾਤਾਂ ਦੀ ਆਰਥਿਕ ਅਤੇ ਸਿਆਸੀ ਲੁੱਟ ਜਾਰੀ ਰਹਿ ਸਕੇ।
ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਦੇ ਸੰਕਟ ਦੀ ਸਮਝ ਅਤੇ ਉਸ ਦੇ ਹੱਲ ਦੇ ਸੰਵਾਦ ਲਈ ਦੋ ਧੜੇ ਮੁੱਖ ਭੂਮਿਕਾ ਵਿਚ ਨਜ਼ਰ ਆਉਂਦੇ ਰਹੇ ਹਨ। ਇਨ੍ਹਾਂ ਦੋਹਾਂ ਧੜਿਆਂ ਦੀ ਪੰਜਾਬ ਦੇ ਸੰਕਟ ਨੂੰ ਲੈ ਕੇ ਪਰਿਭਾਸ਼ਾ ਦਾ ਖਾਸਾ ਇਕੋ ਹੀ ਹੈ। ਇਨ੍ਹਾਂ ਧੜਿਆਂ ਦਾ ਮੰਨਣਾ ਹੈ ਕਿ ਪੰਜਾਬ ਦੇ ਸੰਕਟ ਤੋਂ ਭਾਵ ਪੰਜਾਬ ਦੀ ਕਿਸਾਨੀ ਦੇ ਸੰਕਟ ਤੋਂ ਹੈ। ਇਹ ਪੰਜਾਬ ਦੀ ਕਿਸਾਨੀ ਜਾਂ ਖੇਤੀ ਸੰਕਟ ਨੂੰ ਸਮੁੱਚੇ ਪੰਜਾਬ ਦਾ ਸੰਕਟ ਮੰਨਦੇ ਹਨ। ਇਨ੍ਹਾਂ ਵਿਚੋਂ ਪਹਿਲਾ ਧੜਾ ਖੇਤੀਬਾੜੀ ਅਰਥ ਵਿਗਿਆਨੀਆ ਦਾ ਹੈ ਜੋ ਨਵ-ਕਲਾਸੀਕਲ ਅਰਥ ਸ਼ਾਸਤਰ ਜਾਂ ਚੈਨੋਵੀਅਨ ਅਰਥ ਸ਼ਾਸਤਰ ਦੀ ਵਿਧੀ ਨੂੰ ਆਧਾਰ ਬਣਾ ਕੇ ਖੇਤੀ ਖੇਤਰ ਦੇ ਸੰਕਟ ਨੂੰ ਸਮੁੱਚੀ ਕਿਸਾਨੀ ਦੇ ਸੰਕਟ ਦੇ ਰੂਪ ਵਿਚ ਪੇਸ਼ ਕਰਦੇ ਹਨ। ਇਨ੍ਹਾਂ ਦੀਆਂ ਲਿਖਤਾਂ ਵਿਚ ਸੰਕਟ ਦੀ ਸਮਝ ਅਤੇ ਉਸ ਦੇ ਹੱਲ ਲਈ ਕਿਤੇ ਵੀ ਮਾਰਕਸਵਾਦੀ ਜਮਾਤੀ ਵਿਸ਼ਲੇਸ਼ਣ ਦੀ ਝਲਕ ਨਹੀਂ ਮਿਲਦੀ। ਇਨ੍ਹਾਂ ਦੀਆਂ ਲਿਖਤਾਂ ਵਿਚ ਖੇਤੀ ਸੰਕਟ ਦਾ ਇਕੋ-ਇਕ ਹੱਲ ਸਰਕਾਰੀ ਰਿਆਇਤਾਂ ਦੀ ਲਗਾਤਾਰਤਾ ਅਤੇ ਉਸ ਵਿਚ ਵਾਧਾ ਕਰ ਕੇ ਹੋ ਸਕਦਾ ਹੈ।
ਦੂਜਾ ਧੜਾ ਜੋ ਪਿਛਲੇ ਕੁਝ ਦਹਾਕਿਆਂ ਤੋਂ ਅਰਥ ਸ਼ਾਸਤਰੀਆ ਦੇ ਨਜ਼ਰੀਏ ਅਤੇ ਵਿਸ਼ਲੇਸਣ ਨੂੰ ਪਿੱਛੇ ਛੱਡ ਕੇ, ਪੰਜਾਬ ਦੇ ਸੰਕਟ ਦੇ ਹੱਲ ਦਾ ਦਾਅਵਾ ਪੇਸ਼ ਕਰਦਾ ਹੈ, ਉਹ ਉਤਰ-ਆਧੁਨਿਕਤਾਵਾਦੀ ਹੈ। ਇਸ ਧੜੇ ਨੇ ਪੰਜਾਬ ਦੇ ਖੇਤੀ ਖੇਤਰ ਅਤੇ ਸਮੁੱਚੇ ਪੰਜਾਬ ਦੇ ਸੰਕਟ ਨੂੰ ਉਤਰ-ਆਧੁਨਿਕਤਾਵਾਦੀ ਨਾਅਰਿਆਂ (ਪਛਾਣ, ਲਿੰਗ, ਸਭਿਆਚਾਰ, ਭਾਸ਼ਾ, ਕੌਮ ਆਦਿ) ਨਾਲ ਜੋੜ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਦਾ ਸਾਰਾ ਦਾਰੋਮਦਾਰ ਸੁਨਹਿਰੀ ਪਿਛੋਕੜ ਨੂੰ ਮੁੜ-ਸੁਰਜੀਤ ’ਤੇ ਲੱਗਿਆ ਹੋਇਆ ਹੈ। ਇਸ ਧੜੇ ਵਿਚ ਸਭ ਤੋਂ ਖਤਰਨਾਕ ਰੁਝਾਨ ਇਹ ਹੈ ਕਿ ਇਹ ਆਪਣੇ ਅਧਿਐਨ ਨੂੰ ਅਗਾਂਹਵਧੂ ਮਾਰਕਸਵਾਦੀ ਅਧਿਐਨ ਕਹਿ ਕੇ ਪੇਸ਼ ਕਰਦਾ ਹੈ ਪਰ ਮਾਰਕਸ, ਪ੍ਰੋ. ਰਣਧੀਰ ਸਿੰਘ ਅਤੇ ਬੌਧਿਕ ਮਾਰਕਸਵਾਦੀਆਂ ਦੀਆਂ ਲਿਖਤਾਂ ਵਿਚ ਇਹ ਕਿਤੇ ਨਹੀਂ ਲੱਭ ਸਕਿਆ ਕਿ ਪਿਛੋਕੜ ਨੂੰ ਮੁੜ-ਸੁਰਜੀਤ ਕਰ ਕੇ ਪੂੰਜੀਵਾਦ ਤੋਂ ਗੁਣਾਤਮਿਕ ਤੌਰ `ਤੇ ਵਧੀਆ ਸਮਾਜ ਕਿਵੇਂ ਸਿਰਜਿਆ ਜਾ ਸਕਦਾ ਹੈ।
ਇਨ੍ਹਾਂ ਦੋਹਾਂ ਧੜਿਆਂ ਨੂੰ ਪ੍ਰੋ. ਰਣਧੀਰ ਸਿੰਘ ਦੇ ਮੌਲਿਕ ਮਾਰਕਸਵਾਦੀ ਨਜ਼ਰੀਏ ਤੋਂ ਦੇਖੀਏ ਤਾਂ ਇਨ੍ਹਾਂ ਦੀ ਪੰਜਾਬ ਸੰਕਟ ਨੂੰ ਸਮਝਣ ਦੀ ਵਿਧੀ ਅਤੇ ਉਸ ਦੇ ਹੱਲ ਦੇ ਸੁਝਾਅ ਕਿਸੇ ਵੀ ਪੱਖ ਤੋਂ ਮਾਰਕਸਵਾਦੀ ਨਹੀਂ। ਮਾਰਕਸਵਾਦੀ ਵਿਧੀ ਅਤੇ ਵਿਸ਼ਲੇਸ਼ਣ ਦਾ ਆਧਾਰ, ਪੂੰਜੀਵਾਦੀ ਸਮਾਜ ਦੇ ਆਰਥਿਕ ਢਾਂਚੇ ਤੋਂ ਸ਼ੁਰੂ ਹੁੰਦੇ ਹੋਏ ਉਸ ਦੇ ਸਿਆਸੀ ਅਤੇ ਸਮਾਜਿਕ ਢਾਂਚੇ ਦੇ ਨਿਰੀਖਣ ਵੱਲ ਵਧਦਾ ਹੈ। ਇਸ ਸਮੁੱਚੇ ਨਿਰੀਖਣ ਵਿਚ ਜਮਾਤਾਂ ਦੀ ਨਿਸ਼ਾਨਦੇਹੀ, ਸੰਕਟ ਦੀ ਜਮਾਤੀ ਸਮਝ ਅਤੇ ਹੱਲ ਦੀ ਜਮਾਤੀ ਵਿਆਖਿਆ ਮੁੱਖ ਹੁੰਦੇ ਹਨ। ਜੇ ਅਜੋਕੇ ਪੰਜਾਬ ਨੂੰ ਕਿਸੇ ਬੌਧਿਕ ਸੇਧ ਦੀ ਲੋੜ ਹੈ ਤਾਂ ਉਹ ਮੌਲਿਕ ਮਾਰਕਸਵਾਦੀ ਹੈ ਜੋ ਨਾ ਸਿਰਫ਼ ਸੰਕਟ ਦੀ ਸਜੀਵ (ਆਰਗੈਨਿਕ) ਸਮਝ ਪੇਸ਼ ਕਰਨ ਵਿਚ ਅਵਲ ਦਰਜੇ ਦੀ ਵਿਧੀ ਹੈ ਬਲਕਿ ਇਸ ਦੇ ਹੱਲ ਲਈ ਜਮਾਤੀ ਲਾਮਬੰਦੀ ਦੀ ਲੋੜ ਅਤੇ ਉਸ ਨੂੰ ਸੇਧ ਦੇਣ ਲਈ ਵੀ ਉਚ-ਕੋਟੀ ਦੀ ਵਿਚਾਰਧਾਰਾ ਹੈ। ਇਸ ਸੂਰਤ ਵਿਚ ਕਿਹੋ ਜਿਹੀ ਸਿਆਸੀ ਸਮਝ ਲੋੜੀਂਦੀ ਹੈ, ਉਸ ਲਈ ਪ੍ਰੋ. ਰਣਧੀਰ ਸਿੰਘ ਦੀਆਂ ਮੌਲਿਕ ਲਿਖਤਾਂ ਮੁੱਖ ਭੂਮਿਕਾ ਨਿਭਾ ਸਕਦੀਆਂ ਹਨ।
ਸੰਪਰਕ: *98151-15429 **+1-647-468-3380