For the best experience, open
https://m.punjabitribuneonline.com
on your mobile browser.
Advertisement

ਮੇਰੇ ਲਈ ਸ਼ਬਦ ਦੁਨੀਆ ਦੀ ਸਭ ਤੋਂ ਪਵਿੱਤਰ ਤੇ ਕੀਮਤੀ ਸ਼ੈਅ

08:07 AM Jan 14, 2024 IST
ਮੇਰੇ ਲਈ ਸ਼ਬਦ ਦੁਨੀਆ ਦੀ ਸਭ ਤੋਂ ਪਵਿੱਤਰ ਤੇ ਕੀਮਤੀ ਸ਼ੈਅ
Advertisement

ਤ੍ਰੈਲੋਚਨ ਲੋਚੀ

ਸੁਖ਼ਨ ਭੋਇੰ 43

ਕਿਸੇ ਕਵੀ ਜਾਂ ਲੇਖਕ ਦੀ ਇੰਟਰਵਿਊ ਵੇਲੇ ਕੁਝ ਇਹੋ ਸੁਆਲ ਪੁੱਛੇ ਜਾਂਦੇ ਹਨ ਕਿ ਤੁਹਾਡਾ ਜਨਮ ਕਿੱਥੇ ਹੋਇਆ? ਤੁਹਾਡੇ ਲਿਖਣ ਦਾ ਸਬੱਬ ਕਿਵੇਂ ਬਣਿਆ? ਤੁਸੀਂ ਕਿਵੇਂ ਲਿਖਦੇ ਹੋ ਯਾਨੀ ਕਿ ਤੁਹਾਡੀ ਸਿਰਜਨ ਪ੍ਰਕਿਰਿਆ ਤੇ ਤੁਹਾਡੀ ਪਹਿਲੀ ਰਚਨਾ ਕਿਹੜੀ ਸੀ?
ਮੈਂ ਸਮਝਦਾ ਹਾਂ ਕਿ ਕਿਸੇ ਵੀ ਸ਼ਖ਼ਸ ਦੇ ਲੇਖਕ ਬਣਨ ਦੇ ਬੀਜ ਉਸ ਦੇ ਬਚਪਨ ਵਿੱਚ ਹੀ ਬੀਜੇ ਜਾਂਦੇ ਹਨ। ਘਰ ਦਾ ਮਾਹੌਲ ਵੀ ਇਸ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਹੈ। ਮੇਰੇ ਕਵੀ ਜਾਂ ਲੇਖਕ ਬਣਨ ਵਿੱਚ ਮੇਰੇ ਘਰ ਦੇ ਮਾਹੌਲ ਦਾ ਬਹੁਤ ਵੱਡਾ ਰੋਲ ਹੈ। ਮੇਰੇ ਹੋਸ਼ ਸੰਭਾਲਣ ਵੇਲੇ ਘਰ ਵਿੱਚ ਦੋ ਅਖ਼ਬਾਰ ਆਉਂਦੇ ਸਨ ਤੇ ਹਰ ਮਹੀਨੇ ਪ੍ਰੀਤ ਲੜੀ ਆਣ ਦਸਤਕ ਦਿੰਦਾ ਸੀ। ਪਿਤਾ ਜੀ ਨੂੰ ਅਖ਼ਬਾਰ ਪੜ੍ਹਨ ਦਾ ਬਹੁਤ ਸ਼ੌਕ ਸੀ। ਮਹੱਤਵਪੂਰਨ ਖ਼ਬਰਾਂ ਉਹ ਸਾਨੂੰ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਉਂਦੇ ਤੇ ਸਾਨੂੰ ਅਕਸਰ ਕਹਿੰਦੇ ਕਿ ਅਖ਼ਬਾਰ ਹਰ ਰੋਜ਼ ਪੜ੍ਹਿਆ ਕਰੋ, ਸੰਪਾਦਕੀ ਪੰਨੇ ਨੂੰ ਗਹੁ ਨਾਲ ਵਾਚਿਆ ਕਰੋ। ਉਨ੍ਹਾਂ ਦੀ ਇਸ ਹਦਾਇਤ ਅਨੁਸਾਰ ਅਖ਼ਬਾਰਾਂ ਬਹੁਤ ਧਿਆਨ ਨਾਲ ਪੜ੍ਹਦਾ ਤੇ ਖ਼ਾਸਕਰ ਸੰਪਾਦਕੀ ਪੰਨਾ।

Advertisement


ਵੱਡੇ ਵੀਰ ਗੁਰਤੇਜ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਉਨ੍ਹਾਂ ਤੋਂ ਵੀ ਪ੍ਰੇਰਨਾ ਮਿਲਦੀ ਰਹੀ। ਭੈਣ ਸੁਰਿੰਦਰ ਕੋਈ ਕਹਾਣੀ ਪੜ੍ਹਦੀ ਤਾਂ ਉਹ ਕਹਾਣੀ ਅਤੇ ਇਸ ਦੇ ਪਾਤਰਾਂ ਬਾਰੇ ਅਕਸਰ ਵਿਚਾਰ ਵਟਾਂਦਰਾ ਕਰਦੀ। ਇਹ ਚਰਚਾ ਮੇਰੇ ਲਈ ਕਿਸੇ ਖ਼ਜ਼ਾਨੇ ਵਾਂਗ ਹੁੰਦੀ। ਸਰਕਾਰੀ ਸਕੂਲ ਮੁਕਤਸਰ ਵਿੱਚ ਪੜ੍ਹਦਿਆਂ ਗਾਉਣ ਦਾ ਸ਼ੌਕ ਹੋਣ ਕਰਕੇ ਹਰ ਸਮਾਗਮ ਵਿੱਚ ਆਪਣੀਆਂ ਤੁਕਾਂ ਜੋੜ ਕੇ ਨਿੱਕਾ ਮੋਟਾ ਗੀਤ ਬਣਾ ਕੇ ਸੁਣਾਉਂਦਾ ਤਾਂ ਬਹੁਤ ਪਿਆਰ ਮਿਲਦਾ। ਸਕੂਲ ਦੀ ਲਾਇਬਰੇਰੀ ’ਚੋਂ ਖ਼ੂਬਸੂਰਤ ਕਿਤਾਬਾਂ ਘਰ ਲੈ ਆਉਂਦਾ ਤੇ ਉਨ੍ਹਾਂ ਨੂੰ ਬੜੇ ਚਾਅ ਨਾਲ ਪੜ੍ਹਦਾ। ਦਸਵੀਂ ਤੱਕ ਮੈਂ ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਦੇ ਲਗਪਗ ਸਾਰੇ ਨਾਵਲ ਪੜ੍ਹ ਲਏ ਸਨ।
ਨਿੱਕੇ ਨਿੱਕੇ ਹੁੰਦੇ ਸਾਂ ਕਿ ਪੰਜਾਬ ਵਿੱਚ ਕਾਲਾ ਦੌਰ ਸ਼ੁਰੂ ਹੋ ਗਿਆ। ਖ਼ੂਨ ਭਿੱਜੀਆਂ ਖ਼ਬਰਾਂ ਪੜ੍ਹ ਕੇ ਕਲੇਜਾ ਮੂੰਹ ਨੂੰ ਆਉਂਦਾ, ਦਿਮਾਗ਼ ਸੁੰਨ ਹੋ ਜਾਂਦਾ। ਜਿਨ੍ਹਾਂ ਅਖ਼ਬਾਰਾਂ ਦਾ ਸ਼ੌਕ ਨਾਲ ਇੱਕ ਇੱਕ ਸ਼ਬਦ ਪੜ੍ਹਦਾ ਸਾਂ, ਉਨ੍ਹਾਂ ਹੀ ਅਖ਼ਬਾਰਾਂ ਤੋਂ ਮੈਨੂੰ ਭੈਅ ਆਉਣ ਲੱਗਾ ਸੀ। ਫਿਰ ਉਹ ਮੰਦੀ ਘਟਨਾ ਵਾਪਰੀ ਜਿਸ ਬਾਰੇ ਕਿਸੇ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਆਪਰੇਸ਼ਨ ਬਲੂ ਸਟਾਰ। ਮੇਰੇ ਮੁਕੱਦਸ ਸ਼ਹਿਰ ਮੁਕਤਸਰ ਦੇ ਗੁਰਦੁਆਰਾ ਦਰਬਾਰ ਸਾਹਿਬ ’ਤੇ ਵੀ ਉਹੀ ਭਾਣਾ ਵਰਤਿਆ ਜਿਸ ਦੀ ਕਿਸੇ ਨੂੰ ਵੀ ਕੋਈ ਉਮੀਦ ਨਹੀਂ ਸੀ। ਸਾਰਾ ਸ਼ਹਿਰ ਸੁੰਨ ਸੀ ਤੇ ਕਰਫਿਊ ਨੇ ਦਹਿਸ਼ਤ ਪਾਈ ਹੋਈ ਸੀ।
ਕਈ ਦਿਨਾਂ ਬਾਅਦ ਕਰਫਿਊ ਵਿਚ ਢਿੱਲ ਮਿਲੀ ਤਾਂ ਸਭ ਲੋਕ ਦਰਬਾਰ ਸਾਹਿਬ ਵੱਲ ਦੌੜੇ। ਉਹ ਮੰਜ਼ਰ ਦੇਖ ਕੇ ਹਰ ਅੱਖ ’ਚੋਂ ਹੰਝੂ ਪਰਲ ਪਰਲ ਵਗਣ ਲੱਗੇ। ਮੈਂ ਸਰੋਵਰ ਕਿਨਾਰੇ ਬੈਠ ਕੇ ਕਿੰਨੀ ਦੇਰ ਇਕੱਲਾ ਹੀ ਰੋਂਦਾ ਰਿਹਾ। ਆਉਂਦੇ ਜਾਂਦੇ ਉਦਾਸ ਚਿਹਰਿਆਂ ਨੂੰ ਦੇਖਦਾ ਰਿਹਾ। ਇਹ ਉਦਾਸ ਚਿਹਰੇ ਕਿੰਨੀ ਦੇਰ ਹੀ ਮੇਰੇ ਸੁਪਨਿਆਂ ਵਿੱਚ ਆਉਂਦੇ ਰਹੇ। ਕਿੰਨੇ ਦਿਨ ਹੀ ਚੰਗੀ ਤਰ੍ਹਾਂ ਸੌਂ ਨਾ ਸਕਿਆ। ਜੇ ਨੀਂਦ ਆਉਂਦੀ ਤਾਂ ਸੁਪਨੇ ਵਿੱਚ ਉਹੀ ਸਭ ਕੁਝ ਦਿਸਦਾ ਤੇ ਤ੍ਰਭਕ ਕੇ ਉੱਠ ਪੈਂਦਾ। ਇਸ ਜ਼ੁਲਮ ਖਿਲਾਫ਼ ਮੇਰੇ ਅੰਦਰ ਕਦੇ ਕਦੇ ਕੋਈ ਕਵਿਤਾ ਉਸਲਵੱਟੇ ਲੈਂਦੀ ਪਰ ਸ਼ਬਦ ਮੈਨੂੰ ਡਾਹ ਨਾ ਦਿੰਦੇ। ਗੱਲ ਕਿੱਥੋਂ ਸ਼ੁਰੂ ਕਰਾਂ, ਭੋਰਾ ਸਮਝ ਨਾ ਆਉਂਦੀ। ਇਉਂ ਕਿੰਨਾ ਹੀ ਵਕਤ ਬੀਤ ਗਿਆ, ਪਰ ਉਹ ਸਮਾਂ ਤੇ ਦ੍ਰਿਸ਼ ਯਾਦ ਆਉਂਦੇ ਤਾਂ ਮੈਂ ਅੰਦਰੋਂ ਫਿਰ ਦਹਿਲ ਜਾਂਦਾ।
ਫਿਰ ਇੱਕ ਦਿਨ ਚਮਤਕਾਰ ਵਰਗਾ ਕੁਝ ਵਾਪਰਿਆ। ਉਹ ਸ਼ਬਦ ਜਿਹੜੇ ਮੈਨੂੰ ਡਾਹ ਹੀ ਨਹੀਂ ਸਨ ਦਿੰਦੇ, ਇੱਕ ਦਿਨ ਮੈਨੂੰ ਲੱਗਿਆ ਜਿਵੇਂ ਉਹੀ ਸ਼ਬਦ ਮੇਰੀ ਬੁੱਕਲ ਵਿੱਚ ਆ ਕੇ ਬਹਿ ਗਏ ਹੋਣ ਤੇ ਕਵਿਤਾ ਖ਼ੁਦ ਮੈਨੂੰ ਕਹਿ ਰਹੀ ਹੋਵੇ ‘‘ਚੱਲ ਉੱਠ ਤੇ ਹੁਣ ਲਿਖ ਮੈਨੂੰ।’’ ਇਸ ਦੁੱਖ ’ਚੋਂ ਨਿਕਲੀ ਸੀ ਮੇਰੀ ਇਹ ਪਲੇਠੀ ਰਚਨਾ ਜਿਸ ਦੇ ਕੁਝ ਬੰਦ ਮੈਨੂੰ ਹੁਣ ਵੀ ਯਾਦ ਨੇ। ਇਹ ਰਚਨਾ ਉਨ੍ਹਾਂ ਵੇਲਿਆਂ ਵਿੱਚ ਨਾਭਾ ਤੋਂ ਪ੍ਰਕਾਸ਼ਿਤ ਹੁੰਦੇ ਮੈਗਜ਼ੀਨ ਮਹਿਰਮ ’ਚ ਪ੍ਰਕਾਸ਼ਿਤ ਹੋਈ ਸੀ:
ਮੈਂ ਧਰਤੀ ਦੇਸ਼ ਪੰਜਾਬ ਦੀ,
ਅੱਜ ਮੰਦੜਾ ਮੇਰਾ ਹਾਲ।
ਕੋਈ ਗੁੰਦੇ ਮੇਰੀਆਂ ਮੀਢੀਆਂ,
ਮੇਰੇ ਉਲਝੇ ਉਲਝੇ ਵਾਲ।
ਮੈਂ ਧਰਤੀ ਦੇਸ਼ ਪੰਜਾਬ ਦੀ,
ਮੈਂ ਹੋਈ ਲਹੂ ਲੁਹਾਨ।
ਮੇਰਾ ਪਿੰਡਾ ਜ਼ਖ਼ਮੀ ਹੋ ਗਿਆ,
ਮੇਰੀ ਮੁੱਠੀ ਦੇ ਵਿੱਚ ਜਾਨ।
ਮੈਂ ਧਰਤੀ ਦੇਸ਼ ਪੰਜਾਬ ਦੀ,
ਮੈਂ ਝੱਲ ਰਹੀ ਹਾਂ ਕਹਿਰ।
ਵੇ ਲੋਚੀ ਵਰਗੇ ਪੁੱਤਰੋ,
ਹੁਣ ਮੰਗੋ ਮੇਰੀ ਖ਼ੈਰ।
ਮੈਂ ਥੋਡੀ ਮਾਈ ਧਰਤ ਹਾਂ,
ਹੁਣ ਮੰਗੋ ਮੇਰੀ ਖ਼ੈਰ।
ਮੇਰੀ ਜਨਮ ਭੋਇੰ ਮੁਕਤਸਰ ਦੀ ਜ਼ਰਖ਼ੇਜ਼ ਧਰਤੀ ਜ਼ਰਖ਼ੇਜ਼ ਇਸ ਕਰਕੇ ਹੈ ਕਿ ਇਸ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਮੁਕੱਦਸ ਮਿੱਟੀ ਨੇ ਮੈਨੂੰ ਸੁਰਾਂ ਤੇ ਸ਼ਬਦਾਂ ਦੀ ਗੁੜ੍ਹਤੀ ਦਿੱਤੀ ਹੈ। ਬਹੁਤ ਨਿੱਕਾ ਸਾਂ, ਆਪਣੇ ਬੀਜੀ ਨਾਲ ਗੁਰਦੁਆਰੇ ਜਾਂਦਾ। ਉੱਥੇ ਭਾਈ ਜੀ ਰਸਭਿੰਨੀ ਆਵਾਜ਼ ਵਿੱਚ ਕੀਰਤਨ ਕਰਦੇ ਤਾਂ ਮੇਰੇ ਮਨ ਨੂੰ ਅੰਤਾਂ ਦਾ ਸਕੂਨ ਮਿਲਦਾ।
ਮੈਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ, ਪਰ ਮੈਂ ਮਹਿਸੂਸ ਕਰਦਾ ਕਿ ਮੈਂ ਵੀ ਕੁਝ ਨਾ ਕੁਝ ਲਿਖ ਸਕਦਾ ਹਾਂ। ਸਕੂਲ ’ਚ ਪੜ੍ਹਦਿਆਂ ਲਾਇਬ੍ਰੇਰੀ ’ਚੋਂ ਨਾਵਲ, ਕਹਾਣੀ ਤੇ ਕਵਿਤਾਵਾਂ ਦੀਆਂ ਕਿਤਾਬਾਂ ਜਾਰੀ ਕਰਵਾਉਂਦਾ ਤੇ ਉਨ੍ਹਾਂ ਨੂੰ ਬੜੇ ਚਾਅ ਨਾਲ ਪੜ੍ਹਦਾ, ਪਰ ਕਵਿਤਾ ਮੇਰੇ ਮਨ ਨੂੰ ਜ਼ਿਆਦਾ ਖਿੱਚ ਪਾਉਂਦੀ। ਪ੍ਰੋ. ਮੋਹਨ ਸਿੰਘ, ਬਾਵਾ ਬਲਵੰਤ ਤੇ ਸ਼ਿਵ ਕੁਮਾਰ ਮੈਨੂੰ ਬਹੁਤ ਚੰਗੇ ਲੱਗਦੇ। ਇਨ੍ਹਾਂ ਤਿੰਨਾਂ ਕਵੀਆਂ ਦੀਆਂ ਕਵਿਤਾਵਾਂ ’ਚੋਂ ਮੈਨੂੰ ਸੰਗੀਤ ਦੀਆਂ ਮਿੱਠੀਆਂ ਮਿੱਠੀਆਂ ਧੁਨਾਂ ਸੁਣਾਈ ਦਿੰਦੀਆਂ। ਮੈਂ ਇਨ੍ਹਾਂ ਦੀਆਂ ਰਚਨਾਵਾਂ ਨੂੰ ਆਪਣੀ ਹੀ ਤਰਜ਼ ਬਣਾ ਕੇ ਉੱਚੀ ਉੱਚੀ ਗਾਉਂਦਾ।
ਸਰਕਾਰੀ ਕਾਲਜ ਮੁਕਤਸਰ ਪਹੁੰਚਿਆ ਤਾਂ ਮੇਰੀ ਖ਼ੁਸ਼ਕਿਸਮਤੀ ਸੀ ਕਿ ਪ੍ਰੋ. ਲੋਕ ਨਾਥ, ਪ੍ਰੋ. ਜਗੀਰ ਸਿੰਘ ਕਾਹਲੋਂ ਤੇ ਮੈਡਮ ਰਾਜਬੀਰ ਕੌਰ ਜਿਹੇ ਅਧਿਆਪਕਾਂ ਦਾ ਥਾਪੜਾ ਮਿਲਿਆ ਜਿਨ੍ਹਾਂ ਨੇ ਵਿਸ਼ਵ ਸਾਹਿਤ ਨਾਲ ਮੇਰੀ ਜਾਣ-ਪਛਾਣ ਕਰਾਈ। ਪ੍ਰੋ. ਲੋਕ ਨਾਥ ਹੋਰਾਂ ਦੀ ਨਿੱਜੀ ਲਾਇਬਰੇਰੀ ਵਿੱਚ ਦੁਨੀਆ ਭਰ ਦੀਆਂ ਸ਼ਾਹਕਾਰ ਕਿਤਾਬਾਂ ਹੁੰਦੀਆਂ ਸਨ। ਉਹ ਖ਼ੂਬਸੂਰਤ ਕਿਤਾਬਾਂ ਮੇਰੀਆਂ ਹਮਸਫ਼ਰ ਹੋ ਗਈਆਂ। ਉਨ੍ਹਾਂ ਕਿਤਾਬਾਂ ਤੋਂ ਮੈਂ ਜੋ ਕੁਝ ਸਿੱਖਿਆ, ਉਹ ਅੱਜ ਵੀ ਮੇਰੇ ਨਾਲ ਨਾਲ ਹੈ। ਲਿਖਣ ਲਈ ਪੜ੍ਹਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤੇ ਮੇਰੇ ਲਿਖਣ ਵਿੱਚ ਕਿਤਾਬਾਂ ਦਾ ਬਹੁਤ ਵੱਡਾ ਰੋਲ ਹੈ।
ਜਿੱਥੋਂ ਤਕ ਸਿਰਜਣ ਪ੍ਰਕਿਰਿਆ ਦਾ ਸੁਆਲ ਹੈ, ਮੈਂ ਇਹ ਦਾਅਵਾ ਤਾਂ ਨਹੀਂ ਕਰਦਾ ਕਿ ਮੇਰੀ ਕਵਿਤਾ ਅਤੇ ਗ਼ਜ਼ਲ ਵਿੱਚ ਹਰ ਰੰਗ ਹਾਜ਼ਰ ਹੈ ਕਿਉਂਕਿ ਮੈਂ ਕਦੇ ਵੀ ਇਹ ਧਾਰ ਕੇ ਨਹੀਂ ਲਿਖਦਾ ਕਿਹੜੀ ਰਚਨਾ ਕਿਹੜੇ ਰੰਗ ’ਚ ਲਿਖਣੀ ਹੈ। ਸਮਾਜ ਵਿੱਚ ਵਿਚਰਦਿਆਂ ਵਾਪਰਦੀ ਚੰਗੀ ਮਾੜੀ ਘਟਨਾ ਮਨ ਨੂੰ ਝੰਜੋੜਦੀ ਹੈ ਤਾਂ ਮੇਰੇ ਸ਼ਿਅਰਾਂ ਜਾਂ ਕਵਿਤਾ ਵਿੱਚ ਢਲ ਜਾਂਦੀ ਹੈ।
ਮੈਂ ਗ਼ਜ਼ਲ ਲਿਖੀ, ਕਵਿਤਾ ਲਿਖੀ ਤੇ ਦੋਹੇ ਵੀ ਰਚੇ। ਮੈਨੂੰ ਲਿਖਣ ਲਈ ਕਿਸੇ ਖ਼ਾਸ ਮਾਹੌਲ ਜਾਂ ਸਥਿਤੀ ਦੀ ਕਦੇ ਲੋੜ ਮਹਿਸੂਸ ਨਹੀਂ ਹੁੰਦੀ। ਜਦੋਂ ਕੋਈ ਖ਼ਿਆਲ ਮਨ ਵਿੱਚ ਆਉਂਦਾ ਹੈ, ਮਨ ਨੂੰ ਝੰਜੋੜਦਾ ਹੈ, ਉਦੋਂ ਮੇਰਾ ਸਾਰਾ ਧਿਆਨ ਉਸ ਵੱਲ ਕੇਂਦਰਿਤ ਹੋ ਜਾਂਦਾ ਹੈ। ਉਸ ਵੇਲੇ ਕਿਸੇ ਤਰ੍ਹਾਂ ਦਾ ਸ਼ੋਰ-ਸ਼ਰਾਬਾ ਵੀ ਮੇਰੀ ਇਕਾਗਰਤਾ ਨੂੰ ਭੰਗ ਨਹੀਂ ਕਰ ਸਕਦਾ। ਵੈਸੇ ਮੈਂ ਜ਼ਿਆਦਾ ਰਚਨਾ ਸਫ਼ਰ ਕਰਦਿਆਂ ਕੀਤੀ ਹੈ। ਮੈਨੂੰ ਲੱਗਦੈ ਕਿ ਮੈਂ ਸਫ਼ਰ ਕਰਦਿਆਂ ਜ਼ਿਆਦਾ ਇਕਾਗਰ ਹੁੰਦਾ ਹਾਂ ਤੇ ਬਾਕੀ ਹਰ ਲੇਖਕ ਦਾ ਲਿਖਣ ਦਾ ਆਪੋ-ਆਪਣਾ ਤਰੀਕਾ ਹੁੰਦਾ ਹੈ।
ਕੁਝ ਗ਼ਜ਼ਲਾਂ ਮੈਂ ਇੱਕੋ ਬੈਠਕ ਵਿੱਚ ਵੀ ਲਿਖੀਆਂ। ਮੇਰੀ ਖ਼ੁਸ਼ਕਿਸਮਤੀ ਹੈ ਕਿ ਮੇਰੀ ਜੀਵਨ ਸਾਥਣ ਸ਼ਰਨਜੀਤ ਵੀ ਸਾਹਿਤ ਨਾਲ ਗਹਿਰੀ ਜੁੜੀ ਹੋਈ ਹੈ ਤੇ ਉਸ ਦੇ ਸਾਥ ਨੇ ਮੇਰੀ ਲੇਖਣੀ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਜਦੋਂ ਮੇਰੀ ਬੇਟੀ ਸੁਖਮਨ ਦਾ ਜਨਮ ਹੋਇਆ ਤਾਂ ਮੈਂ ਖ਼ੁਸ਼ੀ ਵਿੱਚ ਝੂਮ ਉੱਠਿਆ ਤੇ ਹਸਪਤਾਲ ਦੇ ਕੋਰੀਡੋਰ ਵਿੱਚ ਚਹਿਲਕਦਮੀ ਕਰਦਿਆਂ ਇਹ ਗਜ਼ਲ ਲਿਖੀ ਗਈ:
ਜ਼ਾਲਮ ਕਹਿਣ ਬਲਾਵਾਂ ਹੁੰਦੀਆਂ!
ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ!
ਇਸ ਗ਼ਜ਼ਲ ਨੂੰ ਪਾਠਕਾਂ ਅਤੇ ਸਰੋਤਿਆਂ ਨੇ ਬਹੁਤ ਹੀ ਪਿਆਰ ਦਿੱਤਾ। ਬੇਟੀ ਦੇ ਆਉਣ ਨਾਲ ਘਰ ਦਾ ਕੋਨਾ ਕੋਨਾ ਰੁਸ਼ਨਾ ਉੱਠਿਆ ਤੇ ਉਦੋਂ ਹੀ ਇੱਕ ਨਿੱਕੀ ਜਿਹੀ ਨਜ਼ਮ ਲਿਖੀ ਗਈ:
ਚਾਂਦੀ ਰੰਗੀਆਂ,
ਸ਼ਾਮਾਂ ਝੂੰਮਣ।
ਨੱਚਣ ਸੁਰਖ਼ ਸਵੇਰੇ।
ਮੇਰੇ ਘਰ ਵਿੱਚ
ਧੀ ਕੀ ਆਈ,
ਚੰਨ ਉਤਰਿਆ ਵਿਹੜੇ।
ਜਦੋਂ ਕਿਸਾਨ ਅੰਦੋਲਨ ਪੂਰੇ ਸਿਖਰ ’ਤੇ ਸੀ ਤੇ ਕੜਾਕੇ ਦੀ ਠੰਢ ਵਿੱਚ ਵੀ ਸਾਡੇ ਕਿਸਾਨ ਭਰਾ, ਬਜ਼ੁਰਗ, ਸਾਡੀਆਂ ਮਾਵਾਂ, ਭੈਣਾਂ ਤੇ ਨੌਜਵਾਨ ਇੱਥੋਂ ਤੱਕ ਕਿ ਨਿੱਕੇ ਨਿੱਕੇ ਬੱਚੇ ਵੀ ਆਪਣੇ ਹੱਕਾਂ ਦੀ ਲੜਾਈ ਪੂਰੇ ਸਿਦਕ ਤੇ ਸਿਰੜ ਨਾਲ ਲੜ ਰਹੇ ਸਨ ਤਾਂ ਇੱਕ ਫਿਲਮ ਅਦਾਕਾਰਾ ਦੀ ਇੱਕ ਬੇਹੂਦਾ ਟਿੱਪਣੀ ਮਨ ਨੂੰ ਪ੍ਰੇਸ਼ਾਨ ਕਰ ਗਈ। ਉਸ ਦੀ ਇਸ ਟਿੱਪਣੀ ਨੇ ਸਾਰੀ ਰਾਤ ਸੌਣ ਨਹੀਂ ਦਿੱਤਾ ਤੇ ਮਨ ਦੇ ਵਰਕਿਆਂ ਉੱਤੇ ਇੱਕ ਨਜ਼ਮ ਉਤਰ ਆਈ।
ਗ਼ਜ਼ਲ ਤੇ ਕਵਿਤਾ ਲਿਖਣਾ ਮੇਰੇ ਲਈ ਸੱਚਾ-ਸੁੱਚਾ ਤੇ ਬਹੁਤ ਮੁਕੱਦਸ ਕਾਰਜ ਹੈ। ਮੇਰੇ ਲਈ ਸ਼ਬਦ ਦੁਨੀਆ ਦੀ ਸਭ ਤੋਂ ਪਵਿੱਤਰ ਤੇ ਕੀਮਤੀ ਸ਼ੈਅ ਨੇ। ਗਾਉਣ ਦਾ ਸ਼ੌਕ ਤਾਂ ਮੈਨੂੰ ਬਚਪਨ ਤੋਂ ਹੀ ਸੀ, ਪਰ ਪਤਾ ਨਹੀਂ ਕਿਹੜੀ ਸੁਲੱਖਣੀ ਘੜੀ ਸ਼ਬਦਾਂ ਨਾਲ ਸਾਹਾਂ ਦੀ ਸਾਂਝ ਪੈ ਗਈ। ਜਿਵੇਂ ਕਹਿੰਦੇ ਨੇ ਕਿ ਜਿੱਥੇ ਸ਼ਬਦ ਨੇ, ਉੱਥੇ ਹੀ ਸੰਸਾਰ ਹੈ। ਇਹ ਗੱਲ ਹੁਣ ਸੌ ਫ਼ੀਸਦੀ ਸੱਚ ਜਾਪਦੀ ਹੈ।
ਦੁੱਖ, ਉਦਾਸੀ ਤੇ ਤਨਹਾਈ ਵਿੱਚ ਸ਼ਬਦ ਹੀ ਮੇਰੇ ਲਈ ਵੱਡਾ ਆਸਰਾ ਤੇ ਮੇਰੀ ਧਿਰ ਬਣ ਕੇ ਖੜ੍ਹਦੇ ਨੇ:
ਤਨਹਾ ਦਿਲ ਨੂੰ ਦੋਸਤੋ,
ਪਲ ਵਿੱਚ ਲੈਣ ਸੰਭਾਲ।
ਸ਼ਬਦਾਂ ਦੀ ਇਹ ਦੋਸਤੀ,
ਹੁੰਦੀ ਬਹੁਤ ਕਮਾਲ।

ਆਖ਼ਰ ਵਿੱਚ ਪੇਸ਼ ਨੇ ਮੇਰੇ ਕੁਝ ਚੋਣਵੇਂ ਸ਼ਿਅਰ:
ਸ਼ਹਿਰ ’ਚੋਂ ਨਾਗਾਂ ਨੇ ਤਾਂ ਭੱਜਣਾ ਹੀ ਸੀ,
ਬੰਦਿਆਂ ਵਿੱਚ ਜ਼ਹਿਰ ਦੀ ਬਹੁਤਾਤ ਸੀ।

ਜ਼ਹਿਰ ਦੇ ਪਿਆਲੇ ਤੋਂ ਲੋਚੀ ਕਿਉਂ ਡਰੇ?
ਉਹ ਵੀ ਤਾਂ ਬੰਦਾ ਸੀ ਜੋ ਸੁਕਰਾਤ ਸੀ।
* * *
ਜਾਂ ਤਾਂ ਦੁਨੀਆ ਸਿੱਧੀ ਨਹੀਂ, ਜਾਂ,
ਮੈਂ ਹੀ ਉਲਟਾ ਵੇਖ ਰਿਹਾ ਹਾਂ।

ਤਨ ਤੇ ਮਨ ਤਾਂ ਦੋਵੇਂ ਮੈਲੈ,
ਫਿਰ ਵੀ ਸ਼ੀਸ਼ਾ ਵੇਖ ਰਿਹਾ ਹਾਂ।
* * *
ਹੁਣ ਤਾਂ ਸਾਡੇ ਮੁਲਕ ’ਚ ਰਹੇ ਫਿਰੰਗੀ ਨਹੀਂ।
ਫਿਰ ਵੀ ਸਾਡੀ ਹਾਲਤ ਕਾਹਤੋਂ ਚੰਗੀ ਨਹੀਂ।
* * *
ਖ਼ੁਦਾ ਉਸ ਨੂੰ ਵੀ ਅੰਬਰ ਬਖ਼ਸ਼ ਦੇਵੇ,
ਮੈਂ ਜਿਸਦੀ ਅੱਖ ਦੇ ਵਿੱਚ ਰੜਕਦਾ ਹਾਂ।

ਮੇਰੇ ਅੰਦਰ ਵੀ ਹੈ ਲੋਚੀ ਜਿਹਾ ਕੁਝ,
ਮੈਂ ਦੁਸ਼ਮਣ ਦੇ ਵੀ ਸੀਨੇ ਧੜਕਦਾ ਹਾਂ।
* * *
ਜਿੱਥੋਂ ਦੇ ਹਾਕਮ ਬਦਨੀਤੇ,
ਢੀਠ ਨੇ ਅਫਸਰਸ਼ਾਹੀਆਂ।

ਉੱਥੇ ਅੰਨਦਾਤੇ ਦੇ ਗਲ ਵਿੱਚ,
ਪੈਣੀਆਂ ਹੀ ਸੀ ਫਾਹੀਆਂ।
* * *
ਮੁਲਾਇਮ ਇਹ ਰੇਸ਼ਮੀ ਡੋਰੀਆਂ ਨੇ,
ਇਹ ਧੀਆਂ ਸੌਲ਼ੀਆਂ ਜਾਂ ਗੋਰੀਆਂ ਨੇ।
* * *
ਵਿਹੜਾ ਵੰਡਿਆ, ਚੁੱਲ੍ਹਾ ਚੌਂਕਾ ਵੰਡ ਲਿਆ!
ਸਭ ਨੇ ਆਪੋ ਅਪਣਾ ਹਿੱਸਾ ਵੰਡ ਲਿਆ!

ਬੇਬੇ ਬਾਪੂ ਕਿਸੇ ਵੀ ਖਾਤੇ ਚੜ੍ਹੇ ਨਹੀਂ,
ਗ਼ਰਜ਼ਾਂ ਮਾਰਿਆਂ ਹਰ ਇੱਕ ਰਿਸ਼ਤਾ ਵੰਡ ਲਿਆ!
* * *
ਘਰਾਂ ਵਿੱਚ ਰੌਸ਼ਨੀ ਹੁੰਦੇ ਹੋਏ ਵੀ!
ਨਹੀਂ ਹੁੰਦਾ ਕੋਈ ਹੁੰਦੇ ਹੋਏ ਵੀ!

ਕਦੇ ਨਾ ਆਦਮੀ ਦੀ ਖ਼ੈਰ ਮੰਗੇ,
ਇਹ ਬੰਦਾ ਆਦਮੀ ਹੁੰਦੇ ਹੋਏ ਵੀ!
* * *
ਜਿੱਤੇ ਹਾਰੇ ਇੱਕੋ ਜਿਹੇ ਨੇ!
ਹਾਕਮ ਸਾਰੇ ਇੱਕੋ ਜਿਹੇ ਨੇ!

ਸੱਜਣ ਜਾਂ ਫਿਰ ਦੁਸ਼ਮਣ ਰੋਵੇ,
ਹੰਝੂ ਖਾਰੇ ਇੱਕੋ ਜਿਹੇ ਨੇ!
* * *
ਰੱਜੇ ਪੁੱਜੇ ਜੀਆਂ ਦੇ ਹੱਥ,
ਮਹਿੰਗੇ ਛਾਪਾਂ ਛੱਲੇ!
ਸੰਗਮਰਮਰ ਤੋਂ ਤਿਲਕੀ ਜਾਵਣ,
ਸਾਰੇ ਕੱਲ ਮ ਕੱਲੇ!
* * *
ਨਿੱਕੇ ਮੇਰੇ ਮਕਾਨ ਦੀ ਖੁਸ਼ਬੂ!
ਇਸਦੇ ਵਿੱਚ ਜਹਾਨ ਦੀ ਖੁਸ਼ਬੂ!

ਨਾ ਬੇਬੇ ਨਾ ਚੁੱਲ੍ਹਾ ਕਿਧਰੇ,
ਆਵੇ ਕੀ ਪਕਵਾਨ ਦੀ ਖੁਸ਼ਬੂ!

ਕਿਉਂ ਇਹ ਕੁਰਸੀ ਖਾ ਜਾਂਦੀ ਹੈ,
ਇੱਕ ਸੱਚੇ ਇਨਸਾਨ ਦੀ ਖੁਸ਼ਬੂ!
* * *
ਸੁੱਕ ਨਾ ਕਿਧਰੇ ਜਾਣ ਇਹ ਸਰਵਰ ਸਾਂਭ ਲਵੋ!
ਸੋਹਣ ਸੋਹਣੇ ਦਿਲਕਸ਼ ਮੰਜ਼ਰ ਸਾਂਭ ਲਵੋ!

ਇਹਨਾਂ ਵਿੱਚ ਹੀ ਰਾਜ਼ ਰੌਸ਼ਨੀ ਦਾ ਛੁਪਿਐ,
ਜਿਓਣ ਜੋਗਿਓ ਪੈਂਤੀ ਅੱਖਰ ਸਾਂਭ ਲਵੋ!
* * *
ਕਿਨਾਰੇ ਅਪਣੇ ਹੀ ਜੋ ਖੋਰਦੀ ਹੈ!
ਨਦੀ ਉਹ ਜਾਪਦਾ ਭਟਕੀ ਹੋਈ ਹੈ!

ਨਹੀਂ ਇਹ ਸ਼ਹਿਰ ਤੇਰੇ ਮੇਚ ਆਉਣਾ,
ਤੇਰੇ ਬੋਲਾਂ ’ਚ ਏਨੀ ਸਾਦਗੀ ਹੈ!
* * *
ਚਲੋ ਹੈਰਾਨ ਹੋ ਕੇ ਦੇਖਦੇ ਆਂ!
ਕਿ ਅੱਜ ਇਨਸਾਨ ਹੋ ਕੇ ਦੇਖਦੇ ਆਂ!

ਤੇਰੇ ਦਰ ’ਤੇ ਨੇ ਝੁਕਦੇ ਸੀਸ ਕਿੰਨੇ,
ਤੇਰੇ ਦਰਬਾਨ ਹੋ ਕੇ ਦੇਖਦੇ ਆਂ!
ਸੰਪਰਕ: 98142-53315

Advertisement
Author Image

sukhwinder singh

View all posts

Advertisement
Advertisement
×