For the best experience, open
https://m.punjabitribuneonline.com
on your mobile browser.
Advertisement

ਮੇਰੇ ਲਈ ਹਰ ਮਾਂ ਤੇ ਹਰ ਧੀ ਸ਼ਕਤੀ ਦਾ ਰੂਪ: ਮੋਦੀ

07:03 AM Mar 19, 2024 IST
ਮੇਰੇ ਲਈ ਹਰ ਮਾਂ ਤੇ ਹਰ ਧੀ ਸ਼ਕਤੀ ਦਾ ਰੂਪ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਇੰਬਟੂਰ ’ਚ ਰੋਡ ਸ਼ੋਅ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਜਗਤਿਆਲ/ਸ਼ਿਵਮੋਗਾ, 18 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਸ਼ਕਤੀ ਖ਼ਿਲਾਫ਼ ਜੰਗ’ ਸਬੰਧੀ ਟਿੱਪਣੀ ਨੂੰ ਲੈ ਕੇ ਵਿਰੋਧੀ ਧਿਰ ਨੂੰ ਘੇਰਿਆ ਤੇ ਕਿਹਾ ਕਿ ਉਨ੍ਹਾਂ ਲਈ ਹਰ ਮਾਂ ਤੇ ਹਰ ਧੀ ਸ਼ਕਤੀ ਦਾ ਰੂਪ ਹੈ ਅਤੇ ਅਗਾਮੀ ਲੋਕ ਸਭਾ ਚੋਣਾਂ ਸ਼ਕਤੀ ਨੂੰ ਤਬਾਹ ਕਰਨਾ ਚਾਹੁਣ ਵਾਲਿਆਂ ਤੇ ਸ਼ਕਤੀ ਦੀ ਪੂਜਾ ਕਰਨ ਵਾਲਿਆਂ ਦਰਮਿਆਨ ਹੋਣਗੀਆਂ। ਉਨ੍ਹਾਂ ਕਿਹਾ ਕਿ ਦੇਸ਼ ‘ਚੰਦਰਯਾਨ’ ਦੀ ਕਾਮਯਾਬੀ ਨੂੰ ‘ਸ਼ਿਵ ਸ਼ਕਤੀ’ ਨੂੰ ਸਮਰਪਿਤ ਕਰ ਰਿਹਾ ਹੈ ਅਤੇ ਵਿਰੋਧੀ ਪਾਰਟੀਆਂ ਸ਼ਕਤੀ ਨੂੰ ਤਬਾਹ ਕਰਨ ਦੀਆਂ ਗੱਲਾਂ ਕਰ ਰਹੀਆਂ ਹਨ। ਉਹ ਤਿਲੰਗਾਨਾ ਦੇ ਜਗਤਿਆਲ ਤੇ ਕਰਨਾਟਕ ਦੇ ਸ਼ਿਵਮੋਗਾ ’ਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਚੋਣਾਂ ਦੇ ਐਲਾਨ ਤੋਂ ਬਾਅਦ ਤਿਲੰਗਾਨਾ ’ਚ ਪਹਿਲੀ ਰੈਲੀ ਕਰਦਿਆਂ ਉਨ੍ਹਾਂ ਕਿਹਾ ਕਿ 13 ਮਈ ਨੂੰ ਤਿਲੰਗਾਨਾ ਦੇ ਲੋਕ ‘ਵਿਕਸਿਤ ਭਾਰਤ’ ਦੇ ਹੱਕ ’ਚ ਵੋਟਾਂ ਪਾ ਕੇ ਇਤਿਹਾਸ ਸਿਰਜਣਗੇ ਅਤੇ ਕਾਂਗਰਸ ਤੇ ਬੀਆਰਐੱਸ ਨੂੰ ਬਾਹਰ ਕਰ ਦੇਣਗੇ। ਉਨ੍ਹਾਂ ਕਿਹਾ, ‘ਲੰਘੇ ਐਤਵਾਰ ਨੂੰ ਮੁੰਬਈ ਵਿੱਚ ‘ਇੰਡੀ’ ਗੱਠਜੋੜ’ ਦੀ ਰੈਲੀ ਹੋਈ ਸੀ। ਉਨ੍ਹਾਂ ਮੁੰਬਈ ਦੇ ਸ਼ਿਵਾਜੀ ਪਾਰਕ ’ਚ ਆਪਣਾ ਮੈਨੀਫੈਸਟੋ ਜਾਰੀ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਜੰਗ ‘ਸ਼ਕਤੀ’ ਖ਼ਿਲਾਫ਼ ਹੈ। ਮੇਰੇ ਲਈ ਹਰ ਮਾਂ ਤੇ ਹਰ ਧੀ ਸ਼ਕਤੀ ਦਾ ਰੂਪ ਹੈ। ਮਾਵਾਂ-ਭੈਣਾਂ ਦੀ ਸ਼ਕਤੀ ਵਾਂਗ ਪੂਜਾ ਕਰਦਾ ਹਾਂ। ਮੈਂ ਭਾਰਤ ਮਾਤਾ ਦਾ ਪੁਜਾਰੀ ਹਾਂ।’ ਉਨ੍ਹਾਂ ਕਿਹਾ, ‘ਇੰਡੀ ਗੱਠਜੋੜ ਨੇ ਆਪਣੇ ਮੈਨੀਫੈਸਟੋ ’ਚ ਸ਼ਕਤੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਮੈਂ ਉਨ੍ਹਾਂ ਦੀ ਚੁਣੌਤੀ ਸਵੀਕਾਰ ਕਰ ਲਈ ਹੈ। ਮੈਂ ਮਾਵਾਂ ਤੇ ਭੈਣਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦੇਵਾਂਗਾ।’ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਜਿਵੇਂ-ਜਿਵੇਂ ਵੋਟਾਂ ਦਾ ਸਮਾਂ ਨੇੜੇ ਆ ਰਿਹਾ ਹੈ ਤਿਲੰਗਾਨਾ ਦੇ ਲੋਕਾਂ ’ਚ ਭਾਜਪਾ ਪ੍ਰਤੀ ਹਮਾਇਤ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਸੂਬੇ ਦੀ ਰੇਵੰਤ ਰੈੱਡੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਤੇ ਬੀਆਰਐੱਸ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਸ਼ਿਵਮੋਗਾ ’ਚ ਰੈਲੀ ਨੂੰ ਸੰਬੋਧਨ ਦੌਰਾਨ ਸ਼ਕਤੀ ਸਬੰਧੀ ਟਿੱਪਣੀ ਲਈ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨੂੰ ਨਿਸ਼ਾਨੇ ’ਤੇ ਰੱਖਿਆ। ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਮਹਿਲਾਵਾਂ ਤੇ ਸ਼ਕਤੀ ਦਾ ਹਰ ਉਪਾਸ਼ਕ ਇਸ ਦਾ ਜਵਾਬ ਦੇਵੇਗਾ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×