For the best experience, open
https://m.punjabitribuneonline.com
on your mobile browser.
Advertisement

ਸੰਗਰੂਰ ’ਚ ਪੰਜ ਮਹੀਨਿਆਂ ਤੋਂ ਤੰਬੂ ਲਾ ਕੇ ਪੱਕੇ ਮੋਰਚੇ ’ਤੇ ਡਟੇ ਨੇ ਪੱਲੇਦਾਰ

06:47 AM Jun 11, 2024 IST
ਸੰਗਰੂਰ ’ਚ ਪੰਜ ਮਹੀਨਿਆਂ ਤੋਂ ਤੰਬੂ ਲਾ ਕੇ ਪੱਕੇ ਮੋਰਚੇ ’ਤੇ ਡਟੇ ਨੇ ਪੱਲੇਦਾਰ
ਸੰਗਰੂਰ ’ਚ ਵੱਖ-ਵੱਖ ਡਿੱਪੂਆਂ ਨਾਲ ਸਬੰਧਤ ਪੱਲੇਦਾਰਾਂ ਦੇ ਪੱਕੇ ਮੋਰਚੇ ਦੇ ਲੱਗੇ ਤੰਬੂ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਜੂਨ
ਪੰਜਾਬ ਦੀਆਂ ਪੰਜ ਪੱਲੇਦਾਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਸੈਂਕੜੇ ਪੱਲੇਦਾਰ ਮੁੱਖ ਮੰਤਰੀ ਦੀ ਕੋਠੀ ਤੋਂ ਕਰੀਬ ਇੱਕ ਕਿਲੋਮੀਟਰ ਅੱਗੇ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ-7 ਨੇੜੇ ਤੰਬੂ ਲਗਾ ਕੇ ਪਿਛਲੇ ਪੰਜ ਮਹੀਨਿਆਂ ਤੋਂ ਸੂਬਾ ਪੱਧਰੀ ਦਿਨ-ਰਾਤ ਦੇ ਪੱਕੇ ਮੋਰਚੇ ’ਤੇ ਡਟੇ ਹੋਏ ਹਨ। ਮੀਂਹ ਦੀ ਮਾਰ ਅਤੇ ਗਰਮੀ ਤੋਂ ਬਚਾਅ ਲਈ ਪੱਲੇਦਾਰਾਂ ਨੇ ਤੰਬੂਆਂ ਉਪਰ ਕਾਲੀਆਂ ਤਰਪਾਲਾਂ ਪਾ ਰੱਖੀਆਂ ਹਨ। ਹਾਈਵੇਅ ਕਿਨਾਰੇ ਦਰਜਨਾਂ ਤੰਬੂ ਇੱਕ ਕਤਾਰ ਵਿੱਚ ਲੱਗੇ ਹੋਏ ਹਨ ਜਿੰਨ੍ਹਾਂ ਵਿਚ ਪੰਜ ਮਹੀਨਿਆਂ ਤੋਂ ਪੱਲੇਦਾਰਾਂ ਦਾ ਪੱਕਾ ਰੈਣ ਬਸੇਰਾ ਬਣਿਆ ਹੋਇਆ ਹੈ। ਪੱਲੇਦਾਰ ਠੇਕੇਦਾਰੀ ਸਿਸਟਮ ਖਤਮ ਕਰਨ ਦੀ ਮੰਗ ਪੂਰੀ ਕਰਾਉਣ ਲਈ ਸੰਘਰਸ਼ ਦੇ ਰਾਹ ’ਤੇ ਹਨ। ਅੱਜ ਸਿਖ਼ਰ ਦੁਪਹਿਰੇ ਪੱਕੇ ਮੋਰਚੇ ਦਾ ਦੌਰਾ ਕਰਨ ’ਤੇ ਦੇਖਿਆ ਕਿ ਗਰਮੀ ਕਾਰਨ ਪੱਲੇਦਾਰ ਤੰਬੂਆਂ ਦੇ ਅੰਦਰ ਬੈਠੇ ਹੋਏ ਸਨ। ਇਸ ਮੌਕੇ ਪੱਲੇਦਾਰ ਜਥੇਬੰਦੀਆਂ ਦੇ ਸਾਂਝੇ ਮੋਰਚੇ ’ਚ ਸ਼ਾਮਲ ਲੇਬਰ ਸੈੱਲ ਪੰਜਾਬ ਦੇ ਚੇਅਰਮੈਨ ਮੋਹਨ ਸਿੰਘ ਮਾਜੌਲੀ ਨੇ ਦੱਸਿਆ ਕਿ ਠੇਕੇਦਾਰੀ ਸਿਸਟਮ ਖਤਮ ਕਰਾਉਣ ਲਈ ਬੀਤੀ 10 ਜਨਵਰੀ ਤੋਂ ਪੱਲੇਦਾਰਾਂ ਨਾਲ ਸਬੰਧਤ ਪੰਜਾਬ ਦੇ 29 ਡਿੱਪੂਆਂ ਦੇ ਪੱਲੇਦਾਰ ਇਥੇ ਪੱਕੇ ਮੋਰਚੇ ’ਤੇ ਡਟੇ ਹੋਏ ਹਨ ਜਿਨ੍ਹਾਂ ਨੇ ਆਪੋ ਆਪਣੇ ਡੰਬੂ ਅਤੇ ਟੈਂਟ ਆਦਿ ਲਗਾ ਕੇ ਰੈਣ ਬਸੇਰੇ ਬਣਾਏ ਹੋਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸੱਤਾ ’ਚ ਆਉਣ ’ਤੇ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇਗਾ ਪਰੰਤੂ ਦੋ ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੱਕੇ ਮੋਰਚੇ ਦੇ ਪੰਜ ਮਹੀਨਿਆਂ ਦੌਰਾਨ ਅਨੇਕਾਂ ਵਾਰ ਕੈਬਨਿਟ ਸਬ ਕਮੇਟੀ ਅਤੇ ਮੰਤਰੀਆਂ ਅਤੇ ਖੁਰਾਕ ਤੇ ਸਪਲਾਈ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਇਹਨ੍ਹਾਂ ਮੀਟਿੰਗਾਂ ਦੌਰਾਨ ਸਿਰਫ਼ ਭਰੋਸੇ ਪੱਲੇ ਪਾਉਣ ਤੋਂ ਬਗੈਰ ਅਮਲੀ ਰੂਪ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਬਜਟ ਸੈਸ਼ਨ ਦੌਰਾਨ ਵੀ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਗਿਆ ਸੀ ਪਰ ਕੁਝ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਠੇਕੇਦਾਰੀ ਸਿਸਟਮ ਖਤਮ ਕਰਾਉਣ ਤੱਕ ਪੱਕਾ ਮੋਰਚਾ ਜਾਰੀ ਰਹੇਗੀ ਅਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਪੰਜ ਪੱਲੇਦਾਰ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਿੱਚ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ, ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ, ਪੰਜਾਬ ਪੱਲੇਦਾਰ ਯੂਨੀਅਨ ਏਟਕ, ਪੰਜਾਬ ਹੈਂਡਲਿੰਗ ਵਰਕਰਜ਼ ਯੂਨੀਅਨ ਅਤੇ ਫੂਡ ਐਂਡ ਐਲਾਈਡ ਵਰਕਰਜ਼ ਯੂਨੀਅਨ ਸ਼ਾਮਲ ਹਨ।

Advertisement

Advertisement
Author Image

Advertisement
Advertisement
×