ਫੁਟਬਾਲ ਮਹਿਲਾ ਵਿਸ਼ਵ ਕੱਪ: ਨਾਇਜੀਰੀਆ ਨੂੰ ਹਰਾ ਕੇ ਇੰਗਲੈਂਡ ਕੁਆਰਟਰ ਫਾਈਨਲ ’ਚ
ਬ੍ਰਿਸਬਨ, 7 ਅਗਸਤ
ਲਾਲ ਕਾਰਡ ਦਿਖਾ ਕੇ ਮੁਕਾਬਲੇ ’ਚੋਂ ਬਾਹਰ ਕੀਤੀ ਗਈ ਸਟਾਰ ਖਿਡਾਰਨ ਲੌਰੇਨ ਜੇਮਸ ਦੀ ਗੈਰ-ਮੌਜੂਦਗੀ ’ਚ ਇੰਗਲੈਂਡ ਨੇ ਅੱਜ ਇੱਥੇ ਨਾਇਜੀਰੀਆ ਨੂੰ ਪੈਨਲਟੀ ਸ਼ੂਟਆਊਟ ’ਚ ਹਰਾ ਕੇ ਮਹਿਲਾ ਫੁਟਬਾਲ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਇਹ ਪ੍ਰੀ-ਕੁਆਰਟਰ ਫਾਈਨਲ ਮੁਕਾਬਲਾ ਨਿਯਮਤ ਸਮੇਂ ਅਤੇ ਵਾਧੂ ਸਮੇਂ ਤੋਂ ਬਾਅਦ ਗੋਲ ਰਹਿਤ ਬਰਾਬਰ ਰਿਹਾ, ਜਿਸ ਨਾਲ ਨਾਇਜੀਰੀਆ ਕੋਲ ਮਹਿਲਾ ਫੁਟਬਾਲ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਨਾਕਆਊਟ ਮੈਚ ਜਿੱਤਣ ਦਾ ਮੌਕਾ ਸੀ ਪਰ ਯੂਰਪੀਅਨ ਚੈਂਪੀਅਨ ਇੰਗਲੈਂਡ ਨੇ ਉਸ ਦੀਆਂ ਉਮੀਦਾਂ ’ਤੇ ਪਾਣੀ ਫੇਰਦਿਆਂ ਪੈਨਲਟੀ ਸ਼ੂਟਆਊਟ ’ਚ 4-2 ਨਾਲ ਜਿੱਤ ਦਰਜ ਕੀਤੀ।
ਸਵੀਡਨ ਨੇ ਬੀਤੇ ਦਿਨ ਪੈਨਲਟੀ ਸ਼ੂਟਆਊਟ ’ਚ ਅਮਰੀਕਾ ਨੂੰ ਹਰਾ ਕੇ ਬਾਹਰ ਕਰ ਦਿੱਤਾ ਸੀ, ਜਿਸ ਨਾਲ ਹੁਣ ਇੰਗਲੈਂਡ ਖਿਤਾਬ ਦਾ ਮੁੱਖ ਦਾਅਵੇਦਾਰ ਬਣ ਗਿਆ ਹੈ। ਹਾਲਾਂਕਿ ਇੰਗਲੈਂਡ ਨੂੰ ਨਾਇਜੀਰੀਆ ਦੇ ਡਿਫੈਂਸ ਖ਼ਿਲਾਫ਼ ਮੌਕੇ ਪੈਦਾ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ। ਇੰਗਲੈਂਡ ਸ਼ਨਿਚਰਵਾਰ ਨੂੰ ਸਿਡਨੀ ’ਚ ਹੋਣ ਵਾਲੇ ਕੁਆਰਟਰ ਫਾਈਨਲ ਮੁਕਾਬਲੇ ’ਚ ਕੋਲੰਬੀਆ ਅਤੇ ਜਮਾਇਕਾ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜੇਗਾ। -ਏਪੀ
ਆਸਟਰੇਲੀਆ ਵੀ ਡੈਨਮਾਰਕ ਨੂੰ 2-0 ਨਾਲ ਹਰਾ ਕੇ ਆਖਰੀ ਅੱਠ ’ਚ ਪਹੁੰਚਿਆ
ਆਸਟਰੇਲੀਆ ਨੇ ਵੀ ਡੈਨਮਾਰਕ ਨੂੰ 2-0 ਨਾਲ ਹਰਾ ਕੇ ਆਖਰੀ ਅੱਠ ਵਿੱਚ ਜਗ੍ਹਾ ਬਣਾ ਲਈ ਹੈ। ਕੈਟਲਿਨ ਫੋਰਡ ਨੇ 29ਵੇਂ ਮਿੰਟ ਵਿੱਚ ਗੋਲ ਕਰ ਕੇ ਆਸਟਰੇਲੀਆ ਨੂੰ ਲੀਡ ਦਿਵਾਈ। ਮਗਰੋਂ 70ਵੇਂ ਮਿੰਟ ਵਿੱਚ ਹੈਲੇ ਰਾਸੋ ਨੇ ਗੋਲ ਕਰ ਕੇ ਲੀਡ ਦੁੱਗਣੀ ਕਰ ਲਈ। ਇਸ ਦੌਰਾਨ ਡੈਨਮਾਰਕ ਨੇ ਮੈਚ ਵਿੱਚ ਵਾਪਸੀ ਕਰਨ ਲਈ ਪੂਰੀ ਵਾਹ ਲਾਈ ਪਰ ਆਸਟਰੇਲੀਆ ਅੱਗੇ ਉਸ ਦੀ ਇੱਕ ਨਾ ਚੱਲੀ। ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਦਾ ਮੁਕਾਬਲਾ ਫਰਾਂਸ ਜਾਂ ਮੋਰੱਕੋ ਨਾਲ ਹੋਵੇਗਾ। -ਏਐੱਨਆਈ