For the best experience, open
https://m.punjabitribuneonline.com
on your mobile browser.
Advertisement

ਫੁੱਟਬਾਲ ਦਾ ਜਾਦੂਗਰ ਲਿਓਨਲ ਮੈਸੀ

12:08 PM Sep 21, 2024 IST
ਫੁੱਟਬਾਲ ਦਾ ਜਾਦੂਗਰ ਲਿਓਨਲ ਮੈਸੀ
Advertisement

ਪ੍ਰਿੰ. ਸਰਵਣ ਸਿੰਘ

ਲਿਓਨਲ ਮੈਸੀ ਨੇ ਫੁੱਟਬਾਲ ਖੇਡਦਿਆਂ ਕਰੋੜਾਂ ਡਾਲਰ ਕਮਾਏ ਤੇ ਕਰੋੜਾਂ ਖ਼ਰਚੇ ਹਨ। ਉਹ ਬਿਲੀਅਨੇਅਰ ਅਥਵਾ ਅਰਬਪਤੀ ਹੈ। ਮਾਂ ਦੇ ਪੁੱਤ ਨੇ ਕਮਾਲਾਂ ਕਰ ਦਿੱਤੀਆਂ ਨੇ ਨਾਵਾਂ ਕਮਾਉਣ ਤੇ ਪੁੰਨ ਦਾਨ ਕਰਨ ਦੀਆਂ। ਹਾਲੇ ਕਿਹੜਾ ਬਸ ਹੈ? ਉਹ ਸੈਂਤੀ ਸਾਲਾਂ ਦੀ ਉਮਰੇ ਵੀ ਉਵੇਂ ਹੀ ਖੇਡ ਰਿਹੈ ਜਿਵੇਂ ਸਤਾਈ ਸਾਲਾਂ ਦੀ ਉਮਰੇ ਖੇਡ ਰਿਹਾ ਸੀ। ਦਰਸ਼ਕ ਐਵੇਂ ਨਹੀਂ ਉਸ ਨੂੰ ਫੁੱਟਬਾਲ ਦਾ ਜਾਦੂਗਰ ਕਹਿੰਦੇ। ਫੁੱਟਬਾਲ ਦੀ ਖੇਡ ਦਾ ਨੋਬੇਲ ਪ੍ਰਾਈਜ਼ ਜਿਹਾ ਵੱਡਾ ਐਵਾਰਡ ਬੈਲਨ ਡੀ ਆਰ ਹੈ ਜੋ ਕਿਸੇ ਫੁੱਟਬਾਲਰ ਨੂੰ ਮਸੀਂ ਨਸੀਬ ਹੁੰਦਾ ਹੈ। ਉਹ ਐਵਾਰਡ ਇੱਕ ਦੋ ਵਾਰ ਨਹੀਂ, ਲਿਓਨਲ ਆਂਦਰੇ ਮੈੱਸੀ ਨੂੰ ਅੱਠ ਵਾਰ ਮਿਲ ਚੁੱਕਿਆ ਹੈ।
ਲੋਕ ਉਹਦਾ ਨਿੱਕਾ ਨਾਂ ‘ਲਿਓ’ ਜਾਂ ‘ਮੈਸੀ’ ਲੈਂਦੇ ਹਨ। ਉਹਦਾ ਕੱਦ ਉਸ ਤੋਂ 27 ਸਾਲ ਪਹਿਲਾ ਜੰਮੇ ਉਹਦੇ ਮੁਲਕ ਦੇ ਹੀ ਡਿਆਗੋ ਮਾਰਾਡੋਨਾ ਤੋਂ ਭਾਵੇਂ 2 ਇੰਚ ਲੰਮੇਰਾ ਹੈ, ਪਰ ਉਸ ਤੋਂ 2 ਸਾਲ ਪਹਿਲਾਂ ਜਨਮੇ ਫੁੱਟਬਾਲ ਦੇ ਸਮਕਾਲੀ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਤੋਂ 7 ਇੰਚ ਛੁਟੇਰਾ ਹੈ। ਮੈੱਸੀ ਦਾ ਕੱਦ ਕੇਵਲ 5 ਫੁੱਟ 7 ਇੰਚ ਹੈ, ਪਰ ਉਹਦੇ ਜੁੱਸੇ ’ਚ ਪਤਾ ਕਿਹੋ ਜਿਹੀਆਂ ਬਿਜਲੀਆਂ ਭਰੀਆਂ ਹੋਈਆਂ ਹਨ ਕਿ ਬਾਲ ਨਾਲ ਏਨਾ ਤੇਜ਼ ਦੌੜਦੈ ਜਿੰਨਾ ਕੋਈ ਹੋਰ ਨਹੀਂ ਦੌੜ ਸਕਦਾ। ਹੋਰ ਤਾਂ ਕੀ, ਬਾਲ ਤੋਂ ਬਿਨਾਂ ਉਹ ਆਪ ਵੀ ਓਨਾ ਤੇਜ਼ ਨਹੀਂ ਦੌੜ ਸਕਦਾ। ਇੰਜ ਲੱਗਦੈ ਜਿਵੇਂ ਬਾਲ ਉਸ ਨੂੰ ਖਿੱਚੀ ਲਈ ਜਾਂਦੀ ਹੋਵੇ!
ਫੋਰਬਸ ਮੈਗਜ਼ੀਨ ਅਨੁਸਾਰ 2009 ਤੋਂ 2014 ਦਰਮਿਆਨ ਮੈਸੀ ਵਿਸ਼ਵ ਦਾ ਸਭ ਤੋਂ ਮਹਿੰਗਾ ਫੁੱਟਬਾਲਰ ਰਿਹਾ ਹੈ। 2019 ਤੋਂ 2022 ਤੱਕ ਉਸ ਨੇ ਸਭ ਤੋਂ ਵੱਧ ਪੈਸੇ ਕਮਾਏ। 2011, 2012 ਤੇ 2023 ਵਿੱਚ ਉਹ ਦੁਨੀਆ ਦੀਆਂ ਸੌ ਸਿਖਰਲੀਆਂ ਸ਼ਖ਼ਸੀਅਤਾਂ ਵਿੱਚ ਗਿਣਿਆ ਜਾਂਦਾ ਰਿਹਾ ਹੈ। 2020 ਤੇ 2023 ਦਾ ਉਹ ਲੌਰੀਅਸ ਵਰਲਡ ਸਪੋਰਟਸਮੈਨ ਆਫ ਦਿ ਯੀਅਰ ਐਲਾਨਿਆ ਗਿਆ। ਉਹ ਦੂਜਾ ਫੁੱਟਬਾਲਰ ਹੈ ਜਿਸ ਦੀ ਖੇਡ ਆਮਦਨ ਇੱਕ ਅਰਬ ਡਾਲਰਾਂ ਤੋਂ ਕਿਤੇ ਵੱਧ ਹੋਈ ਹੈ।
ਗੋਲ ਕਰਨ ਦੀ ਮਸ਼ੀਨ ਕਹੇ ਜਾਂਦੇ ਮੈਸੀ ਨੇ 39 ਵਾਰ ਮਸ਼ਹੂਰ ਲਾ ਲੀਗਾ ਖੇਡਦਿਆਂ 474 ਗੋਲ ਕੀਤੇ, 36 ਹੈਟ੍ਰਿਕ ਮਾਰੇ ਤੇ 18 ਗੋਲ ਕਰਨ ਵਿੱਚ ਸਹਾਇਕ ਬਣਿਆ। 109 ਗੋਲ ਇੰਟਰਨੈਸ਼ਨਲ ਮੈਚਾਂ ਵਿੱਚ ਕੀਤੇ। ਉੱਚ ਪੱਧਰ ਦੇ 800 ਤੋਂ ਵੱਧ ਗੋਲ ਕਰਨ ਦਾ ਰਿਕਾਰਡ ਅਜੇ ਵੀ ਉਹਦੇ ਨਾਂ ਹੈ। ਉਹ ਜ਼ਿਆਦਾਤਰ ਖੱਬੇ ਪੈਰ ਦਾ ਡ੍ਰਿਬਲਰ ਹੈ। ਡੀਗੋ ਮਾਰਾਡੋਨਾ ਉਸ ਨੂੰ ਆਪਣਾ ਵਾਰਸ ਕਿਹਾ ਕਰਦਾ ਸੀ। ਉਸ ਦੀ ਕਪਤਾਨੀ ਵਿੱਚ ਅਰਜਨਟੀਨਾ ਨੇ 2022 ਦਾ ਫੀਫਾ ਵਰਲਡ ਕੱਪ ਜਿੱਤਿਆ ਜਿਸ ਵਿੱਚ ਉਸ ਦੇ 7 ਗੋਲ ਸਨ। ਉਸ ਨੇ ਵਰਲਡ ਕੱਪਾਂ ਦੇ ਸਭ ਤੋਂ ਵੱਧ 26 ਮੈਚ ਖੇਡੇ ਜੋ ਅਜੇ ਤੱਕ ਰਿਕਾਰਡ ਹੈ। 2023 ਵਿੱਚ ਉਸ ਨੂੰ ਅੱਠਵਾਂ ਬੈਲਨ ਡੀ ਓਰ ਐਵਾਰਡ ਮਿਲਿਆ।
ਮੈਸੀ ਨੂੰ ਫੁੱਟਬਾਲ ਦੀ ‘ਡ੍ਰਿਬਲਿੰਗ’ ਦਾ ਜਾਦੂਗਰ ਜਿਹਾ ਜਾਂਦਾ ਹੈ ਜਿਵੇਂ ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਸੀ। ਧਿਆਨ ਚੰਦ ਵਾਂਗ ਮੈਸੀ ਵੀ ਸਮੱਧਰ ਹੈ। ਛੋਟੇ ਕੱਦ ਦੀ ‘ਸੈਂਟਰ ਆਫ ਗ੍ਰੈਵਿਟੀ’ ਜ਼ਮੀਨ ਦੇ ਨੇੜੇ ਹੋਣ ਕਰਕੇ ਲੰਮੇਰੇ ਕੱਦ ਦੇ ਮੁਕਾਬਲੇ ‘ਕੁਆਰਡੀਨੇਸ਼ਨ’ ਸੌਖੀ ਹੁੰਦੀ ਹੈ। ਮੈਸੀ ਪੰਜ ਛੇ ਖਿਡਾਰੀਆਂ ਨੂੰ ਡ੍ਰਿਬਲਿੰਗ ਦੀ ਚੁਸਤੀ ਨਾਲ ਹੀ ਮਾਤ ਪਾ ਜਾਂਦਾ ਹੈ ਤੇ ਗੋਲ ਦਾਗ ਦਿੰਦਾ ਹੈ। ਉਹ ਵਧੇਰੇ ਗੋਲ ਖੱਬੇ ਪੈਰ ਨਾਲ ਕਰਦਾ ਹੈ। ਕਾਰਨਰ ਦੀਆਂ ਕਿੱਕਾਂ, ਸਿੱਧੀਆਂ ਕਿੱਕਾਂ ਤੇ ਪੈਨਲਟੀ ਕਿੱਕਾਂ ਨਾਲ ਉਸ ਦੇ ਗੋਲ ਸਭ ਤੋਂ ਵੱਧ ਹੋਏ ਹਨ। ਪਾਸ ਦੇ ਕੇ ਵੀ ਉਹ ਹੋਰਨਾਂ ਤੋਂ ਵਧੇਰੇ ਗੋਲ ਕਰਵਾਉਣ ਵਿੱਚ ਕਾਮਯਾਬ ਰਹਿੰਦਾ ਹੈ।

Advertisement


ਉਸ ਦਾ ਜਨਮ 24 ਜੂਨ 1987 ਨੂੰ ਅਰਜਨਟੀਨਾ ਵਿਖੇ ਰੋਸਾਰੀਓ ਦੇ ਫੁੱਟਬਾਲ ਪ੍ਰੇਮੀ ਜੌਰਜ ਮੈਸੀ ਦੇ ਘਰ ਸੇਲੀਆ ਮਾਰੀਆ ਕੁਕਟੀਨੀ ਦੀ ਕੁੱਖੋਂ ਹੋਇਆ। ਜੌਰਜ ਮੈਸੀ ਉਦੋਂ ਸਟੀਲ ਫੈਕਟਰੀ ਦਾ ਮੈਨੇਜਰ ਸੀ ਤੇ ਉਹਦੀ ਪਤਨੀ ਸੀਲੀਆ ਮਾਰੀਆ ਮੈਗਨਟ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੀ ਸੀ। ਉਨ੍ਹਾਂ ਦੇ ਚਾਰ ਬੱਚਿਆਂ ਵਿਚਕਾਰ ਲਿਓ ਤੀਜਾ ਬੱਚਾ ਸੀ। ਉਹ ਤਿੰਨ ਭਰਾ ਹਨ ਤੇ ਇੱਕ ਭੈਣ। ਜੌਰਜ ਮੈਸੀ ਦਾ ਪਿਛੋਕੜ ਸਪੇਨੀ ਮੂਲ ਦੇ ਇਤਾਲਵੀ ਖਿੱਤੇ ਦਾ ਹੈ ਜਿਨ੍ਹਾਂ ਦੀ ਮਾਂ ਬੋਲੀ ਸਪੈਨਿਸ਼ ਹੈ। ਉਹ ਇਟਲੀ ਤੋਂ ਅਰਜਨਟੀਨਾ ਦਾ ਪਰਵਾਸੀ ਬਣਿਆ ਸੀ। ਉਸ ਦੀ ਮਾਂ ਇਟਲੀ ਮੂਲ ਦੀ ਸੀ।
ਅਰਜਨਟੀਨਾ ਵਸਦਿਆਂ ਉਹ ਫੁੱਟਬਾਲ ਦੀ ਖੇਡ ਦੇ ਸ਼ੌਕੀ ਬਣ ਗਏ ਜਿਸ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਜਨਮ ਤੋਂ ਹੀ ਫੁੱਟਬਾਲ ਖੇਡਣ ਦਾ ਮਾਹੌਲ ਮਿਲ ਗਿਆ। ਮੈਸੀ ਪੈਰਾਂ ’ਤੇ ਖੜ੍ਹਾ ਹੋਣ ਸਾਰ ਆਪਣੇ ਵੱਡੇ ਭਰਾਵਾਂ ਵਾਂਗ ਫੁੱਟਬਾਲ ਵੱਲ ਖਿੱਚਿਆ ਗਿਆ। ਉਹ ਨਿੱਕੇ ਪੈਰਾਂ ਨਾਲ ਚੀਜ਼ਾਂ ਵਸਤਾਂ ਰੋੜ੍ਹਨ ਲੱਗਾ ਤੇ ਸਿਰਫ਼ ਚਾਰ ਸਾਲ ਦੀ ਉਮਰ ਵਿੱਚ ਲੋਕਲ ਕਲੱਬ ਗਰੈਨਡੋਲੀ ਦਾ ਮੈਂਬਰ ਬਣ ਗਿਆ। ਉਹਦੀ ਨਾਨੀ ਉਸ ਨੂੰ ਕਲੱਬ ਲੈ ਜਾਂਦੀ ਅਤੇ ਲਾਗੇ ਬੰਨੇ ਦੇ ਫੁੱਟਬਾਲ ਮੈਚਾਂ ਵਿੱਚ ਖਿਡਾ ਲਿਆਉਂਦੀ। ਉਸ ਦਾ ਬਾਪ ਜੌਰਜ ਗਾਹੇ ਬਗਾਹੇ ਕੋਚਿੰਗ ਦਿੰਦਾ ਰਹਿੰਦਾ। ਨਾਨੀ ਗੁਜ਼ਰ ਜਾਣ ਪਿੱਛੋਂ ਮੈਸੀ ਜਦੋਂ ਗੋਲ ਕਰਦਾ ਹੈ ਤਾਂ ਅਸਮਾਨ ਵੱਲ ਉਂਗਲ ਉਠਾ ਕੇ ਗੋਲ ਆਪਣੀ ਨਾਨੀ ਨੂੰ ਭੇਟ ਕਰਦਾ ਹੈ।
ਕੋਚ ਐਡਰੀਆਂ ਕੋਰੀਆ ਉਹਦੇ ਬਚਪਨ ਬਾਰੇ ਦੱਸਦਾ ਹੈ ਕਿ ਮੈਸੀ ਛੇ ਸਾਲ ਦਾ ਸੀ ਜਦੋਂ ਰੋਸਾਰੀਓ ਕਲੱਬ ਦਾ ਮੈਂਬਰ ਬਣਿਆ। 6 ਤੋਂ 12 ਸਾਲ ਦੀ ਉਮਰ ਵਿਚਕਾਰ ਉਸ ਨੇ ਕਲੱਬ ਵੱਲੋਂ 500 ਗੋਲ ਕੀਤੇ ਤੇ ਅਸੀਂ ਉਹਦਾ ਨਾਂ ਉਸ ਦੇ ਜਨਮ ਦਿਵਸ ’ਤੇ ‘87 ਦੀ ਮਸ਼ੀਨ’ ਰੱਖ ਲਿਆ। ਉਹ ਨਿੱਕਾ ਹੁੰਦਾ ਹੀ ‘ਬਾਲ ਟ੍ਰਿਕ’ ਵਿਖਾ ਕੇ ਦਰਸ਼ਕਾਂ ਨੂੰ ਦੰਗ ਕਰਦਾ ਰਹਿੰਦਾ ਸੀ, ਪਰ ਕੁਦਰਤ ਵੱਲੋਂ ਉਸ ਨੂੰ ਅਜਿਹੀ ਮਾਰ ਪਈ ਕਿ ਉਹਦਾ ਫੁੱਟਬਾਲ ਕਰੀਅਰ ਖ਼ਤਰੇ ਵਿੱਚ ਪੈ ਗਿਆ। 10 ਸਾਲ ਦੀ ਉਮਰੇ ਉਹ ‘ਗ੍ਰੋਥ ਹਾਰਮੋਨ ਡੈਫੀਸੈਂਸੀ’ ਦਾ ਰੋਗੀ ਪਾਇਆ ਗਿਆ। ਇਲਾਜ ਲਈ ਮਹੀਨੇ ਦੀ ਥੈਰੇਪੀ ਦਾ ਖ਼ਰਚਾ 1000 ਡਾਲਰ ਸੀ ਜੋ ਉਸ ਦੇ ਪਿਤਾ ਦੀ ਆਮਦਨੀ ਵਿੱਚੋਂ ਮੁਸ਼ਕਿਲ ਸੀ। ਉਸ ਵੇਲੇ ਨਿਊਵੈੱਲ ਕਲੱਬ ਨੇ ਮਦਦ ਕੀਤੀ, ਪਰ ਕਲੱਬ ਲੰਮੇ ਸਮੇਂ ਲਈ ਮਦਦਗਾਰ ਨਾ ਹੋ ਸਕਿਆ।
ਮੈਸੀ ਦਾ ਆਦਰਸ਼ ਖਿਡਾਰੀ ਬਿਊਨਿਸ ਏਅਰਜ਼ ਦੇ ‘ਰਿਵਰ ਪਲੇਟ’ ਕਲੱਬ ਦਾ ਪਾਬਲੋ ਐਮਾਰ ਸੀ, ਪਰ ਉੁਹ ਬਿਮਾਰੀ ਕਾਰਨ ਰਿਵਰ ਪਲੇਟ ਦਾ ਮੈਂਬਰ ਨਾ ਬਣ ਸਕਿਆ। ਪਾਬਲੋ ਐਮਾਰ ਤੋਂ ਪਿੱਛੋਂ ਉਹ ਬ੍ਰਾਜ਼ੀਲ ਦੇ ਰੋਨਾਲਡੋ ਦਾ ਫੈਨ ਬਣ ਗਿਆ। 13 ਸਾਲ ਦੀ ਉਮਰ ਵਿੱਚ ਉਹ ਬਾਰਸੀਲੋਨਾ ਦੀ ਯੂਥ ਅਕਾਡਮੀ ‘ਲਾ ਮਾਸੀਆ’ ਵਿੱਚ ਦਾਖਲ ਹੋ ਗਿਆ ਜਿਸ ਨਾਲ ਉਹਦੀ ਖੇਡ ਵਿੱਚ ਹੋਰ ਨਿਖਾਰ ਆਉਣ ਲੱਗਾ। ਨਾਲ ਦੀ ਨਾਲ ਉਹ ਗ੍ਰੋਥ ਹਾਰਮੋਨ ਡੈਫੀਸੈਂਸੀ ਤੋਂ ਵੀ ਮੁਕਤ ਹੋ ਗਿਆ। ਇੱਕ ਸਾਲ ‘ਲਾ ਮਾਸੀਆ’ ਅਕੈਡਮੀ ਵਿੱਚ ਟ੍ਰੇਨਿੰਗ ਲੈ ਕੇ ਫਰਵਰੀ 2002 ਵਿੱਚ ਉਹ ਰਾਇਲ ਸਪੈਨਿਸ਼ ਫੁੱਟਬਾਲ ਫੈਡਰੇਸ਼ਨ ਦਾ ਮੈਂਬਰ ਬਣ ਕੇ ਫੈਡਰੇਸ਼ਨ ਦੀ ਬੀ ਟੀਮ ਵਿੱਚ ਸ਼ਾਮਲ ਹੋ ਗਿਆ। ਉੱਥੇ ਉਸ ਨੂੰ ਹੋਰ ਵੀ ਤਕੜੇ ਖਿਡਾਰੀਆਂ ਦੀ ਸੰਗਤ ਮਿਲੀ। 14 ਸਾਲ ਦੀ ਉਮਰ ਵਿੱਚ ਉਹ ‘ਬੇਬੀ ਡਰੀਮ ਟੀਮ’ ਦਾ ਅੰਗ ਬਣ ਗਿਆ ਜੋ ਬਾਰਸੀਲੋਨਾ ਦੇ ਨਵਯੁਵਕਾਂ ਦੀ ਸਭ ਤੋਂ ਤਕੜੀ ਟੀਮ ਸੀ। 2002-3 ਦੇ ਸੀਜ਼ਨ ਵਿੱਚ ਉਸ ਨੇ 30 ਮੈਚਾਂ ਵਿੱਚ 36 ਗੋਲ ਕੀਤੇ ਜੋ ਸਭ ਤੋਂ ਵੱਧ ਸਨ। ਇੱਕ ਮੈਚ ਵਿੱਚ ਉਸ ਦੇ ਜਬ੍ਹਾੜੇ ਦੀ ਹੱਡੀ ਕਰੈਕ ਹੋ ਗਈ, ਪਰ ਉਹ ਫਿਰ ਵੀ ਖੇਡਦਾ ਰਿਹਾ ਤੇ 10 ਮਿੰਟਾਂ ਵਿੱਚ ਦੋ ਗੋਲ ਹੋਰ ਕੀਤੇ। ਉਸ ਦੀ ਹੋਣਹਾਰੀ ਨੂੰ ਵੇਖਦਿਆਂ ਵਿਦੇਸ਼ੀ ਕਲੱਬਾਂ ਨੇ ਉਸ ਉਤੇ ਡੋਰੇ ਪਾਉਣੇ ਸ਼ੁਰੂ ਦਿੱਤੇ, ਪਰ ਉਸ ਨੇ ਬਾਰਸੀਲੋਨਾ ਕਲੱਬ ਨੂੰ ਹੀ ਰੰਗਭਾਗ ਲਾਏ। ਉਸ ਦੀਆਂ ਜਿੱਤਾਂ ਦੇ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਹੈਰਤ ਹੁੰਦੀ ਹੈ ਕਿ 5 ਫੁੱਟ 7 ਇੰਚ ਦਾ ਮਨੁੱਖੀ ਜੁੱਸਾ ਕੀ ਦਾ ਕੀ ਕਰ ਸਕਦਾ ਹੈ!
ਮੈਸੀ 17 ਸਾਲਾਂ ਦਾ ਸੀ ਜਦੋਂ ਫੁੱਟਬਾਲ ਕਲੱਬ ਬਾਰਸੀਲੋਨਾ ਵੱਲੋਂ ਖੇਡਣ ਲੱਗਾ। ਉਸ ਕਲੱਬ ਵੱਲੋਂ ਉਸ ਨੇ 2004 ਤੋਂ 2021 ਤੱਕ 778 ਮੈਚ ਖੇਡੇ ਜਿਨ੍ਹਾਂ ਵਿੱਚ 672 ਗੋਲ ਕੀਤੇ। 268 ਗੋਲ ਕਰਨ ਵਿੱਚ ਉਹ ਸਹਾਇਕ ਬਣਿਆ। ਮਾਣ ਸਨਮਾਨ ਵਜੋਂ ਉਸ ਨੂੰ 35 ਖ਼ਿਤਾਬ ਮਿਲੇ। 10 ਵਾਰ ਉਨ੍ਹਾਂ ਦੀ ਟੀਮ ਨੇ ਲਾ ਲੀਗਾ ਟਾਈਟਲ ਜਿੱਤੇ, 7 ਵਾਰ ਕੋਪਾ ਦੈੱਲ ਰੇ, 4 ਵਾਰ ਯੂਈਐੱਫਏ ਚੈਂਪੀਅਨਜ਼ ਲੀਗ, 8 ਸਪੈਨਿਸ਼ ਸੁਪਰ ਕੱਪ, 3 ਯੂਈਐੱਫਏ ਸੁਪਰ ਕੱਪ ਤੇ 3 ਫੀਫਾ ਵਰਲਡ ਕੱਪ ਜਿੱਤੇ। 2021 ਤੋਂ 2023 ਤੱਕ ਮੈਸੀ ਪੈਰਿਸ ਸੇਂਟ-ਜਰਮਨ ਵੱਲੋਂ ਖੇਡਿਆ। ਇਸ ਦੌਰਾਨ ਮੈੱਸੀ ਨੇ 75 ਮੈਚ ਖੇਡੇ, 32 ਗੋਲ ਕੀਤੇ ਤੇ 35 ਗੋਲ ਕਰਨ ਵਿੱਚ ਸਹਾਇਕ ਬਣਿਆ। ਇਸ ਦੌਰਾਨ ਲੀਗ ਅੱਵਲ ਦੇ 2 ਟਾਈਟਲ ਜਿੱਤੇ। 1 ਟਰਾਫੀ ਦੇਸ਼ਾਂ ਦੇ ਚੈਂਪੀਅਨਜ਼ ਦੀ ਜਿੱਤੀ। 2023 ਤੋਂ ਉਹ ਇੰਟਰ ਮਿਆਮੀ ਵੱਲੋਂ ਖੇਡ ਰਿਹੈ ਜਿਸ ਵੱਲੋਂ ਉਹਦੀਆਂ ਜਿੱਤਾਂ ਦਾ ਦੌਰ ਜਾਰੀ ਹੈ।
ਕਲੱਬਾਂ ਦੇ ਨਾਲ ਨਾਲ ਉਹ ਆਪਣੇ ਮੁਲਕ ਅਰਜਨਟੀਨਾ ਵੱਲੋਂ ਵੀ 2006 ਤੋਂ ਖੇਡਦਾ ਆ ਰਿਹੈ। ਹੁਣ ਤੱਕ 178 ਤੋਂ ਵੱਧ ਅੰਤਰਾਸ਼ਟਰੀ ਮੈਚ ਖੇਡਦਿਆਂ 106 ਗੋਲਾਂ ਤੋਂ ਵੱਧ ਗੋਲ ਕਰ ਚੁੱਕੈ ਤੇ 53 ਤੋਂ ਵੱਧ ਗੋਲ ਕਰਨ ਵਿੱਚ ਮਦਦਗਾਰ ਬਣ ਚੁੱਕੈ। ਉਹ ਫੁੱਟਬਾਲ ਦਾ ਸਭ ਤੋਂ ਸਿਖਰਲਾ ਟੂਰਨਾਮੈਂਟ ਫੀਫਾ ਵਰਲਡ ਕੱਪ 2006, 2010, 2014, 2018 ਤੇ 2022 ਪੰਜ ਵਾਰ ਖੇਡ ਚੁੱਕਿਆ ਹੈ। ਚਾਰ ਸਾਲਾਂ ਬਾਅਦ ਹੁੰਦੇ ਫੀਫਾ ਵਰਲਡ ਕੱਪ 5 ਵਾਰ ਖੇਡਣਾ ਤੇ ਛੇਵੀਂ ਵਾਰ ਖੇਡਣ ਦੀ ਸੰਭਾਵਨਾ ਬਣਾਈ ਰੱਖਣੀ ਸਿਰੇ ਦਾ ਰਿਕਾਰਡ ਹੈ। ਉਹ ਨਾ ਸਿਰਫ਼ 5 ਵਾਰ ਫੀਫਾ ਵਰਲਡ ਕੱਪ ਖੇਡਿਆ ਬਲਕਿ 2022 ਦਾ ਵਰਲਡ ਕੱਪ ਜਿੱਤਿਆ ਵੀ ਹੈ। 2014 ਦੇ ਵਰਲਡ ਕੱਪ ਵਿੱਚ ਉਨ੍ਹਾਂ ਦੀ ਟੀਮ ਉਪ ਜੇਤੂ ਸੀ। 2021 ਦਾ ਕੋਪਾ ਅਮਰੀਕਾ ਕੱਪ ਵੀ ਜਿੱਤਿਆ ਅਤੇ 2007, 2015 ਤੇ 2016 ਦੇ ਅਮਰੀਕਾ ਕੱਪਾਂ ਦਾ ਉਪ ਜੇਤੂ ਰਿਹਾ। 2008 ਦੀਆਂ ਓਲੰਪਿਕ ਖੇਡਾਂ ਵਿੱਚੋਂ ਫੁੱਟਬਾਲ ਦਾ ਗੋਲਡ ਮੈਡਲ ਵੀ ਮੈੱਸੀ ਹੋਰਾਂ ਦੀ ਟੀਮ ਅਰਜਨਟੀਨਾ ਨੇ ਜਿੱਤਿਆ ਸੀ।
ਮੈਸੀ ਨੂੰ ਮਿਲੇ ਮਾਣ ਸਨਮਾਨ ਤੇ ਖ਼ਿਤਾਬਾਂ ਦਾ ਕੋਈ ਅੰਤ ਨਹੀਂ। ਫੁੱਟਬਾਲ ਦਾ ਸਭ ਤੋਂ ਵੱਡਾ ਐਵਾਰਡ ਬੈਲਨ ਡੀ ਓਰ ਉਸ ਨੂੰ 22 ਸਾਲ ਦੀ ਚੜ੍ਹਦੀ ਉਮਰੇ 2009 ਵਿੱਚ ਮਿਲ ਗਿਆ ਸੀ ਜੋ 2010, 2011, 2012, 2015, 2019 ਤੇ 2023 ਵਿੱਚ ਵੀ ਮਿਲਿਆ। 2009 ਵਿੱਚ ਉਹ ਫੀਫਾ ਵਰਲਡ ਪਲੇਅਰ ਆਫ ਦਾ ਯੀਅਰ ਐਵਾਰਡ ਨਾਲ ਸਨਮਾਨਿਆ ਗਿਆ ਸੀ। ਇੱਕ ਵਾਰ ਫੀਫਾ ਵਰਡਲ ਪਲੇਅਰ ਆਫ ਦਿ ਯੀਅਰ, ਇੱਕ ਵਾਰ ਗੋਲਡਨ ਫੁੱਟਬਾਲ ਐਵਾਰਡ, 6 ਵਾਰ ਯੂਰੋਪੀਅਨ ਗੋਲਡਨ ਸ਼ੂ ਐਵਾਰਡ, 3 ਵਾਰ ਯੂਈਐੱਫਏ ਬੈੱਸਟ ਪਲੇਅਰ ਇਨ ਯੂਰਪ ਐਵਾਰਡ ਅਤੇ 2014 ਤੇ 2022 ਵਿੱਚ ਫੀਫਾ ਵਰਲਡ ਕੱਪ ਗੋਲਡਨ ਬਾਲ ਦੇ ਐਵਾਰਡ ਮਿਲੇ। 8 ਵਾਰ ਲਾ ਲੀਗਾ ਟਾਪ ਸਕੋਰਰ ਦੀ ਟਰਾਫੀ ਜਿੱਤੀ ਜੋ ਹੁਣ ਤੱਕ ਦਾ ਰਿਕਾਰਡ ਹੈ। 6 ਵਾਰ ਉਹ ਯੂਈਐੱਫਏ ਚੈਂਪੀਅਨਜ਼ ਲੀਗ ਦਾ ਟਾਪ ਸਕੋਰਰ ਬਣਿਆ। 2021 ਵਿੱਚ ਕੋਪਾ ਅਮਰੀਕਾ ਦਾ ਬੈਸਟ ਪਲੇਅਰ ਐਲਾਨਿਆ ਗਿਆ। ਇੱਕੋ ਕਲੱਬ ਵੱਲੋਂ 672 ਗੋਲ ਕਰਨ ਦਾ ਰਿਕਾਰਡ ਵੀ ਉਹਦੇ ਨਾਂ ਹੈ ਜੋ ਉਸ ਨੇ ਬਾਰਸੀਲੋਨਾ ਕਲੱਬ ਲਈ ਕੀਤੇ।
ਮੈਸੀ ਦਾ ਸੁਫ਼ਨਾ ਸੀ ਕਿ ਕਦੇ ਅਰਜਨਟੀਨਾ ਨੂੰ ਫੀਫਾ ਵਰਲਡ ਕੱਪ ਦਾ ਜੇਤੂ ਬਣਾ ਕੇ ਆਪਣੇ ਦੇਸ਼ ਦਾ ਮਾਣ ਰੱਖਿਆ ਜਾਵੇ, ਪਰ ਉਸ ਦਾ ਇਹ ਸੁਫ਼ਨਾ ਸਾਕਾਰ ਨਹੀਂ ਸੀ ਹੋ ਰਿਹਾ। ਆਖ਼ਰ 2022 ਵਿੱਚ ਕਤਰ ਵਿੱਚ ਹੋਏ ਫੀਫਾ ਵਰਲਡ ਕੱਪ ਵਿੱਚ ਉਸ ਨੇ ਆਪਣੇ ਮਨ ਦੀ ਚਿਰੋਕਣੀ ਰੀਝ ਪੂਰੀ ਕੀਤੀ। ਆਪਣੇ ਦੇਸ਼ ਅਰਜਨਟੀਨਾ ਨੂੰ ਵੱਖ ਵੱਖ ਮੈਚਾਂ ਵਿੱਚ ਜਿਤਾਉਂਦਿਆਂ ਉਸ ਨੇ 7 ਗੋਲ ਕੀਤੇ ਤੇ 3 ਗੋਲ ਕਰਨ ਵਿੱਚ ਬਾਲ ਬਣਾ ਕੇ ਦਿੱਤੀ। ਆਖ਼ਰ ਅਰਜਨਟੀਨਾ ਫੁੱਟਬਾਲ ਦਾ ਵਰਲਡ ਕੱਪ ਜਿੱਤ ਗਿਆ। ਲਿਓਨਲ ਮੈਸੀ ਨੂੰ ਕਤਰ ਕੱਪ ਦਾ ਸਭ ਤੋਂ ਵਧੀਆ ਖਿਡਾਰੀ ਐਲਾਨਿਆ ਗਿਆ ਤੇ ਉਸ ਨੂੰ ਗੋਲਡਨ ਬਾਲ ਨਾਲ ਨਿਵਾਜਿਆ ਗਿਆ।
2021 ਵਿੱਚ ਕੋਪਾ ਅਮਰੀਕਾ ਕੱਪ ਜਿੱਤ ਕੇ ਉਸ ਨੇ ਇੱਕ ਹੋਰ ਵੱਡੀ ਕੌਮਾਂਤਰੀ ਪ੍ਰ੍ਰਾਪਤ ਹਾਸਲ ਕੀਤੀ। ਉਹ ਟੂਰਨਾਮੈਂਟ ਦਾ ਟਾਪ ਸਕੋਰਰ ਤੇ ਸਰਬੋਤਮ ਖਿਡਾਰੀ ਸਿੱਧ ਹੋਇਆ। ਅੱਜਕੱਲ੍ਹ ਉਹ ਇੰਟਰ ਮਿਆਮੀ ਵੱਲੋਂ ਖੇਡ ਰਿਹਾ ਹੈ। ਕਲੱਬ ਵਿੱਚ ਸ਼ਾਮਲ ਹੁੰਦਿਆਂ ਪਹਿਲੀ ਵਾਰ ਲੀਗਜ਼ ਕੱਪ ਜਿਤਾਇਆ। ਉਹ ਪਕੇਰੀ ਉਮਰੇ ਇੱਕੋ ਟੂਰਨਾਮੈਂਟ ਵਿੱਚ 10 ਗੋਲ ਕਰ ਕੇ ਐੱਮਵੀਪੀ ਯਾਨੀ ਸਭ ਤੋਂ ਕੀਮਤੀ ਖਿਡਾਰੀ ਬਣਿਆ। ਉਸ ਦੇ ਰੱਖੇ ਰਿਕਾਰਡਾਂ ’ਤੇ ਝਾਤ ਮਾਰੀਏ ਤਾਂ 8 ਵਾਰ ਬੈਲਨ ਡੀ ਓਰ ਐਵਾਰਡ, ਇੱਕੋ ਸਾਲ 2012 ਵਿੱਚ 91 ਗੋਲ, ਲਾ ਲੀਗਾ ਵਿੱਚ 474 ਗੋਲ। ਯੂਰਪ ਦੇ ਇੱਕੋ ਸੀਜ਼ਨ 2011-12 ਵਿੱਚ ਸਭ ਤੋਂ ਵੱਧ 91 ਗੋਲ ਦੇ ਰਿਕਾਰਡ ਅਜੇ ਵੀ ਉਹਦੇ ਨਾਂ ਹਨ।
ਮਾਰਾਡੋਨਾ ਨੇ ਫਰਵਰੀ 2006 ਵਿੱਚ 18 ਸਾਲ ਦੇ ਮੈੱਸੀ ਨੂੰ ਆਪਣਾ ਵਾਰਸ ਐਲਾਨਿਆ ਸੀ। ਫੀਫਾ ਵਿਸ਼ਵ ਕੱਪ 2018 ਸਮੇਂ ਰੂਸ ਵਿੱਚ ਮਾਰਾਡੋਨਾ ਤੇ ਮੈਸੀ ਦੀਆਂ ਤਸਵੀਰਾਂ ਦੇ ਝੰਡੇ ਲਹਿਰਾਏ ਗਏ ਸਨ। ਉਂਜ 2019 ਤੱਕ ਅਰਜਨਟੀਨਾ ਵਿੱਚ ਮਸ਼ਹੂਰੀ ਵਜੋਂ ਮੈਸੀ, ਮਾਰਾਡੋਨਾ ਤੋਂ ਪਿੱਛੇ ਸੀ। ਜਿਵੇਂ ਮੁਹੰਮਦ ਅਲੀ ਬਨਾਮ ਜੋਅ ਫਰੇਜ਼ੀਅਰ, ਫੈਡਰਰ ਤੇ ਨਡਾਲ ਅਤੇ ਬੋਰਗ ਤੇ ਮਕੈਨਰੋ ਦੇ ਮੁਕਾਬਲੇ ਚੱਲਦੇ ਸਨ, ਉਵੇਂ ਰੋਨਾਲਡੋ ਬਨਾਮ ਮੈਸੀ ਦੀ ਮਸ਼ਹੂਰੀ ਦੇ ਮੁਕਾਬਲੇ ਚੱਲ ਰਹੇ ਹਨ।
ਮੈਸੀ ਦੀ ਸਾਲਾਨਾ ਆਮਦਨ 2024 ਵਿੱਚ 135 ਮਿਲੀਅਨ ਡਾਲਰ ਅੰਕੀ ਗਈ ਹੈ। ਰੁਪਏ ਆਪੇ ਬਣਾ ਲਓ ਕਿੰਨੇ ਬਣਦੇ ਹਨ? ਨਾਵਾਂ ਤੇ ਨਾਮਣਾ ਕਮਾਉਣ ਵਿੱਚ ਮੈਸੀ ਤੋਂ ਵੱਧ ਬੱਲੇ-ਬੱਲੇ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਨੇ ਕਰਵਾਈ ਹੈ। ਉਸ ਦੀ ਸਾਲਾਨਾ ਆਮਦਨ 260 ਮਿਲੀਅਨ ਡਾਲਰ ਹੈ। ਉਹ ਹੈ ਵੀ ਬਣਦਾ ਤਣਦਾ ਤੇ ਕੱਦ ਕਾਠ ਵੀ ਛੇ ਫੁੱਟ ਤੋਂ ਦੋ ਇੰਚ ਉੱਚਾ ਹੈ। ਉਸ ਨੂੰ ਮਸ਼ਹੂਰੀਆਂ ਵੀ ਵਧੇਰੇ ਮਿਲਦੀਆਂ ਹਨ। ਮੈਸੀ ਪੁੰਨ ਦਾਨ ਕਰਨ ਵਿੱਚ ਦਰਿਆ ਦਿਲ ਹੈ। ਉਸ ਨੇ ਮਾਰਚ 2010 ਤੋਂ ਯੂਨੀਸੈੱਫ ਗੁਡਵਿੱਲ ਅੰਬੈਸਡਰ ਬਣ ਕੇ ਯੂਨੀਸੈੱਫ ਨੂੰ ਮਿਲੀਅਨਜ਼ ਡਾਲਰਾਂ ਦੇ ਫੰਡ, ਆਪਣੀ ਲਿਓ ਮੈਸੀ ਫਾਊਂਡੇਸ਼ਨ ਨੂੰ ਫੰਡ ਅਤੇ ਸਿਹਤ ਸੰਭਾਲ, ਸਿੱਖਿਆ ਤੇ ਬੱਚਿਆਂ ਲਈ ਖੇਡਾਂ ਵਾਸਤੇ ਫੰਡ ਦੇਣੇ ਜਾਰੀ ਰੱਖੇ ਹੋਏ ਹਨ। ਰੋਨਾਲਡੋ ਵੀ ਬਥੇਰਾ ਪੁੰਨ ਦਾਨ ਕਰ ਰਿਹੈ। ਉਹ ਮੈਸੀ ਨਾਲੋਂ ਦੋ ਸਾਲ ਵੱਡਾ ਹੈ। ਦੋਵੇਂ ਹੀ ਸਰਗਰਮ ਖਿਡਾਰੀ ਹਨ। ਵੇਖਦੇ ਹਾਂ ਉਹ ਕਦੋਂ ਤੱਕ ਖੇਡਦੇ ਤੇ ਕਦੋਂ ਖੇਡਣ ਤੋਂ ਰਿਟਾਇਰ ਹੁੰਦੇ ਹਨ?

Advertisement

ਈ-ਮੇਲ: principalsarwansingh@gmail.com

Advertisement
Author Image

sukhwinder singh

View all posts

Advertisement