ਫੁਟਬਾਲ: ਮਾਹਿਲਪੁਰ ਨੇ ਬੱਡੋਂ ਨੂੰ 2-1 ਨਾਲ ਹਰਾਇਆ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 16 ਫਰਵਰੀ
ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨਾਂ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 61ਵੇਂ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਟੂਰਨਾਮੈਂਟ ਦੇ ਅੱਜ ਦੂਜੇ ਦਿਨ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਕਾਲਜ ਵਰਗ ਦੇ ਪਹਿਲੇ ਮੈਚ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਅਕੈਡਮੀ ਮਾਹਿਲਪੁਰ ਨੇ ਫੁਟਬਾਲ ਅਕੈਡਮੀ ਬੱਡੋਂ ਨੂੰ 2-0 ਦੇ ਫਰਕ ਨਾਲ ਹਰਾਇਆ। ਪਹਿਲਾ ਗੋਲ ਜੇਤੂ ਟੀਮ ਦੇ ਖਿਡਾਰੀ ਹਰਮਨਦੀਪ ਸਿੰਘ ਨੇ 12ਵੇਂ ਮਿੰਟ ਵਿੱਚ ਕੀਤਾ। ਦੂਜਾ ਗੋਲ ਤਨਵੀਰ ਸਿੰਘ ਨੇ 48ਵੇਂ ਮਿੰਟ ਵਿੱਚ ਕੀਤਾ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਵੱਜੋਂ ਰੋਸ਼ਨਜੀਤ ਸਿੰਘ ਪਨਾਮ, ਅਨੂਪ ਸਿੰਘ, ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਅਤੇ ਦਲਜੀਤ ਸਿੰਘ ਬੈਂਸ ਨੇ ਸ਼ਿਰਕਤ ਕੀਤੀ। ਉਨ੍ਹਾਂ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ। ਟੂਰਨਾਮੈਂਟ ਦਾ ਦੂਜਾ ਲੀਗ ਮੈਚ ਸੀਆਰਪੀਐੱਫ ਜਲੰਧਰ ਅਤੇ ਇੰਟਰਨੈਸ਼ਨਲ ਫੁਟਬਾਲ ਕਲੱਬ ਫਗਵਾੜਾ ਦੀਆਂ ਟੀਮਾਂ ਵਿਚਕਾਰ 1-1 ਦੀ ਬਰਾਬਰੀ ’ਤੇ ਖਤਮ ਹੋਇਆ। ਮੈਚ ਦਾ ਪਹਿਲਾ ਗੋਲ ਫਗਵਾੜਾ ਕਲੱਬ ਵੱਲੋਂ ਨਵਜਿੰਦਰ ਸਿੰਘ ਨੇ ਮੈਚ ਦੇ 13ਵੇਂ ਮਿੰਟ ਵਿੱਚ ਕੀਤਾ ਜਦਕਿ ਵਿਰੋਧੀ ਟੀਮ ਦੇ ਖਿਡਾਰੀ ਦਰਸ਼ਪ੍ਰੀਤ ਸਿੰਘ ਨੇ ਮੈਚ ਦੇ 89ਵੇਂ ਮਿੰਟ ਵਿੱਚ ਗੋਲ ਕਰਕੇ ਮੁਕਾਬਲਾ ਬਰਾਬਰ ਕਰ ਦਿੱਤਾ। ਇਸ ਮੌਕੇ ਤਹਿਸੀਲਦਾਰ ਵਿਵੇਕ ਕੁਮਾਰ, ਪ੍ਰਿੰਸੀਪਲ ਜਗਮੋਹਨ ਸਿੰਘ ਬੱਡੋਂ, ਮਲਕੀਤ ਸਿੰਘ ਅਤੇ ਪ੍ਰਿੰਸੀਪਲ ਪਰਵਿੰਦਰ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਸਹਿਯੋਗੀ ਸ਼ਖ਼ਸੀਅਤਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ। ਇਸ ਮੌਕੇ ਦਲਜੀਤ ਸਿੰਘ ਬੈਂਸ, ਸੇਵਕ ਸਿੰਘ ਬੈਂਸ, ਹਰਨੰਦਨ ਖਾਬੜਾ, ਪ੍ਰੋ. ਸਰਵਣ ਸਿੰਘ, ਅਮਨਦੀਪ ਸਿੰਘ ਬੈਂਸ, ਬਲਜਿੰਦਰ ਮਾਨ ਆਦਿ ਹਾਜ਼ਰ ਸਨ।