ਫੁਟਬਾਲ: ਮਾਹਿਲਪੁਰ ਕਲੱਬ ਅਤੇ ਸੀਆਰਪੀਐੱਫ ਜਲੰਧਰ ਫਾਈਨਲ ’ਚ
ਸੁਰਜੀਤ ਮਜਾਰੀ
ਬੰਗਾ, 9 ਦਸੰਬਰ
ਸਿਲਵਰ ਜੁਬਲੀ ਮਨਾ ਰਹੇ ਯਾਦਗਾਰੀ ਫੁਟਬਾਲ ਟੂਰਨਾਮੈਂਟ ਦੇ 5ਵੇਂ ਦਿਨ ਸੈਮੀਫ਼ਾਈਨਲ ਦੇ ਮੁਕਾਬਲੇ ਖੇਡੇ ਗਏ। ਪਹਿਲੇ ਸੈਮੀਫਾਈਨਲ ਦਾ ਉਦਘਾਟਨ ਕੇਹਰ ਸਿੰਘ ਥਾਂਦੀ ਨੇ ਕੀਤਾ। ਪਹਿਲੇ ਸੈਮੀਫਾਈਨਲ ਵਿੱਚ ਸੀਆਰਪੀਐੱਫ ਜਲੰਧਰ ਅਤੇ ਇੰਟਰਨੈਸ਼ਨਲ ਫਗਵਾੜਾ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਦੂਜੇ ਅੱਧ ’ਚ ਸੀਆਰਪੀਐੱਫ ਦੇ ਖਿਡਾਰੀ ਦਰਸ਼ਪ੍ਰੀਤ ਸਿੰਘ ਨੇ 60ਵੇਂ ਮਿੰਟ ’ਚ ਸ਼ਾਨਦਾਰ ਗੋਲ ਕਰ ਕੇ ਆਪਣੀ ਟੀਮ ਨੂੰ ਲੀਡ ਦਿਵਾਈ, ਜੋ ਅੰਤ ਤੱਕ ਕਾਇਮ ਰਹੀ। ਦੂਜਾ ਸੈਮੀਫਾਈਨਲ ਪੀਏਪੀ ਜਲੰਧਰ ਤੇ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਕਲੱਬ ਵਿਚਾਲੇ ਖੇਡਿਆ ਗਿਆ। ਪਹਿਲੇ ਹਾਫ ’ਚ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਦੂਜੇ ਹਾਫ ਦੇ ਆਖਰੀ ਮਿੰਟਾਂ ’ਚ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਕਲੱਬ ਮਾਹਿਲਪੁਰ ਦੇ ਖਿਡਾਰੀ ਤੱਖੀ ਧਮਾਈ ਨੇ ਇੱਕ ਤੋਂ ਬਾਅਦ ਇੱਕ ਲਗਾਤਾਰ ਦੋ ਗੋਲ ਕਰ ਕੇ ਆਪਣੀ ਟੀਮ ਨੂੰ ਫਾਈਨਲ ਵਿੱਚ ਪੁਚਾਇਆ। ਇਸ ਮੌਕੇ ਪਰਵਿੰਦਰ ਸਿੰਘ ਖਾਲਸਾ ਕਾਲਜ ਮਾਹਿਲਪੁਰ, ਸੁਭਾਸ਼ ਚੰਦਰ, ਇਕਬਾਲ ਸਿੰਘ ਰਾਣਾ, ਮਨਜੀਤ ਸਿੰਘ ਰਾਏ, ਜਰਨੈਲ ਸਿੰਘ ਪੱਲੀਝਿੱਕੀ, ਸਰਬਜੀਤ ਮੰਗੂਵਾਲ, ਜਸਵੰਤ ਖਟਕੜ, ਤਰਲੋਚਨ ਸਿੰਘ ਪੂੰਨੀ, ਡਾ. ਗੁਰਮੀਤ ਸਰਾਂ, ਚਰਨਜੀਤ ਸ਼ਰਮਾ ਤੇ ਹੋਰ ਹਾਜ਼ਰ ਸਨ।
ਵਾਲੀਬਾਲ: ਕੋਟਲੀ ਗਾਜਰਾਂ ਨੇ ਫੁਲਵਾੜੀ ਕਲੱਬ ਲੋਹੀਆਂ ਖਾਸ ਨੂੰ ਹਰਾਇਆ
ਸ਼ਾਹਕੋਟ (ਪੱਤਰ ਪ੍ਰੇਰਕ): ਚਾਨਣ ਸਿੰਘ ਚੰਦੀ ਤੇ ਪ੍ਰਦੁਮਣ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ ਵੱਲੋਂ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਦੀ ਯਾਦ ’ਚ ਕਰਵਾਇਆ ਜਾਣ ਵਾਲਾ 29ਵਾਂ ਸਲਾਨਾ ਪੇਂਡੂ ਖੇਡ ਮੇਲਾ ਅੱਜ ਕਲੱਬ ਦਾ ਝੰਡਾ ਲਹਿਰਾਉਣ, ਅਸਮਾਨ ਵਿਚ ਸ਼ਾਂਤੀ ਦੇ ਪ੍ਰਤੀਕ ਕਬੂਤਰ ਤੇ ਗੁਬਾਰੇ ਛੱਡਣ ਨਾਲ ਸ਼ੁਰੂ ਹੋ ਗਿਆ। ਟੂਰਨਾਮੈਂਟ ’ਚ ਵਾਲੀਬਾਲ ਦੇ ਉਦਘਾਟਨੀ ਮੈਚ ਵਿਚ ਕੋਟਲੀ ਗਾਜਰਾਂ ਨੇ ਫੁਲਵਾੜੀ ਕਲੱਬ ਲੋਹੀਆਂ ਖਾਸ ਨੂੰ ਹਰਾਇਆ। ਵਾਲੀਵਾਲ ਦੇ ਅਗਲੇ ਮੈਚ ’ਚ ਸ਼ਹੀਦ ਮਨਦੀਪ ਸਿੰਘ ਯਾਦਗਾਰੀ ਸਪੋਰਟਸ ਕਲੱਬ ਕੋਟਲੀ ਗਾਜਰਾਂ ਨੇ ਕਾਲਾ ਸੰਘਿਆਂ ਨੂੰ ਹਰਾ ਕੇ ਅਗਲੇ ਗੇੜ ਵਿਚ ਜਗ੍ਹਾ ਬਣਾਈ।