ਫੁਟਬਾਲ: ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਖਾਲਸਾ ਸਕੂਲ ਮੋਹਰੀ
ਪੱਤਰ ਪ੍ਰੇਰਕ
ਕੁਰਾਲੀ, 28 ਜੁਲਾਈ
ਕੁਰਾਲੀ ਜ਼ੋਨ ਅਧੀਨ ਪੈਂਦੇ ਸਕੂਲਾਂ ਦੇ ਫੁਟਬਾਲ ਮੁਕਾਬਲੇ ਸਥਾਨਕ ਗਰਾਊਂਡ ਵਿੱਚ ਹੋਏ। ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਫੁਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਮੁਕਾਬਲਿਆਂ ਦੌਰਾਨ ਲੜਕੀਆਂ ਤੇ ਲੜਕਿਆਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਖਾਲਸਾ ਸਕੂਲ ਕੁਰਾਲੀ ਦੀਆਂ ਟੀਮਾਂ ਦੀ ਚੜ੍ਹਤ ਰਹੀ। ਜ਼ਿਲ੍ਹਾ ਫੁਟਬਾਲ ਐਸੋਸੀਏਸ਼ਨ ਮੁਹਾਲੀ ਦੇ ਸਕੱਤਰ ਸਪਿੰਦਰ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਟੀਮਾਂ ਨੂੰ ਆਸ਼ੀਰਵਾਦ ਦਿੱਤਾ। ਲੜਕਿਆਂ ਦੇ 14 ਸਾਲ ਉਮਰ ਵਰਗ ਵਿੱਚ ਖਾਲਸਾ ਸਕੂਲ ਕੁਰਾਲੀ ਦੀ ਟੀਮ ਨੇ ਪਹਿਲਾ ਤੇ ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਦੀ ਟੀਮ ਨੇ ਦੂਜਾ, ਲੜਕਿਆਂ ਦੇ 17 ਸਾਲ ਵਰਗ ਵਿੱਚ ਖਾਲਸਾ ਸਕੂਲ ਕੁਰਾਲੀ ਤੇ ਐਜੂਸਟਾਰ ਆਦਰਸ਼ ਸਕੂਲ ਕਾਲੇਵਾਲ ਅਤੇ 19 ਸਾਲ ਵਰਗ ਵਿੱਚ ਖਿਜ਼ਰਾਬਾਦ ਤੇ ਸਿੰਘਪੁਰਾ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨਾਂ ’ਤੇ ਰਹੇ। ਲੜਕੀਆਂ ਦੇ ਫੁਟਬਾਲ ਮੁਕਾਬਲਿਆਂ ਦੇ 14 ਸਾਲ ਵਰਗ ਵਿੱਚ ਖਾਲਸਾ ਸਕੂਲ ਅੱਵਲ ਰਿਹਾ ਜਦੋਂਕਿ 17 ਸਾਲ ਵਰਗ ਦੀਆਂ ਲੜਕੀਆਂ ਵਿੱਚ ਖਾਲਸਾ ਸਕੂਲ ਕੁਰਾਲੀ ਪਹਿਲੇ ਤੇ ਬਰੁੱਕਫੀਲਡ ਸਕੂਲ ਕੁਰਾਲੀ ਦੂਜੇ ਸਥਾਨ ’ਤੇ ਰਹੇ। ਇਸ ਮੌਕੇ ਜਸਵਿੰਦਰ ਸਿੰਘ, ਲਖਵੀਰ ਸਿੰਘ ਖਿਜ਼ਰਾਬਾਦ, ਗੁਰਪ੍ਰੀਤ ਕੌਰ, ਫੁਟਬਾਲ ਕੋਚ ਗੁਰਜੀਤ ਸਿੰਘ, ਕੁਲਦੀਪ ਸਿੰਘ, ਮੋਨੂੰ ਬਾਠ ਆਦਿ ਹਾਜ਼ਰ ਸਨ।