ਫੁਟਬਾਲ: ਰੁੜਕਾਂ ਕਲਾਂ ਦੇ ਲੜਕੇ ਤੇ ਲੜਕੀਆਂ ਨੇ ਬਾਜ਼ੀ ਮਾਰੀ
ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 13 ਨਵੰਬਰ
ਯੂਥ ਫੁਟਬਾਲ ਕਲੱਬ ਰੁੜਕਾ ਕਲਾਂ ਦੀ ਅਗਵਾਈ ਹੇਠ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਲੜਕਿਆਂ ਨੇ ਰਾਜ ਪੱਧਰੀ ਇਸ ਟੂਰਨਾਮੈਂਟ ਵਿੱਚ ਸਥਾਨ ਬਣਾਇਆ।
ਖੇਡ ਮੁਕਾਬਲਿਆਂ ਵਿੱਚ ਯੂਥ ਫੁਟਬਾਲ ਕਲੱਬ ਰੁੜਕਾ ਕਲਾਂ ਅਕੈਡਮੀ ਨੇ ਜ਼ਲ੍ਹਾ ਜਲੰਧਰ ਵੱਲੋਂ ਭਾਗ ਲਿਆ, ਜਿਸ ਤਹਿਤ ਉਮਰ ਵਰਗ-14 ਸੈਮੀਫਾਈਨਲ ਮੈਚ ਹੁਸ਼ਿਆਰਪੁਰ ਅਤੇ ਜਲੰਧਰ ਦਰਮਿਆਨ ਹੋਏ ਮੈਚ ਵਿੱਚ ਜਲੰਧਰ ਦੀ ਟੀਮ ਨੇ 3-2 ਨਾਲ ਹੁਸ਼ਿਆਰਪੁਰ ਨੂੰ ਹਰਾਇਆ। ਅਗਲਾ ਮੈਚ ਕਪੂਰਥਲਾ ਦੀ ਟੀਮ ਨਾਲ ਹੋਇਆ, ਜਿਸ ਵਿੱਚ ਜਲੰਧਰ ਦੀ ਟੀਮ ਨੇ 6-2 ਨਾਲ ਕਪੂਰਥਲਾ ’ਤੇ ਜਿੱਤ ਪ੍ਰਾਪਤ ਕਰਕੇ ਰਾਜ ਪੱਧਰੀ ਫੁਟਬਾਲ ਮੁਕਾਬਲਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਉਮਰ ਵਰਗ-17 ਲੜਕਿਆਂ ਦਾ ਮੈਚ ਜਲੰਧਰ ਅਤੇ ਲੁਧਿਆਣੇ ਦੀ ਟੀਮ ਵਿਚਕਾਰ ਹੋਇਆ ਜਿਸ ਦਾ ਸਕੋਰ 5-4 ਰਿਹਾ। ਅਗਲਾ ਮੈਚ ਜਲੰਧਰ ਅਤੇ ਪਟਿਆਲਾ ਵਿਚਕਾਰ ਹੋਇਆ। ਫਾਈਨਲ ਮੈਚ ਜਲੰਧਰ ਅਤੇ ਹੁਸ਼ਿਆਰਪੁਰ ਦੀ ਟੀਮ ਵਿੱਚਕਾਰ ਖੇਡਿਆ ਗਿਆ, ਜਿਸ ਵਿੱਚ 3-2 ਨਾਲ ਜਲੰਧਰ ਦੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਫਾਈਨਲ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਦੂਜੇ ਪਾਸੇ ਯੂਥ ਫੁਟਬਾਲ ਕਲੱਬ ਰੁੜਕਾ ਕਲਾਂ ਉਮਰ ਵਰਗ-17 ਲੜਕੀਆਂ ਦੀ ਟੀਮ ਵੀ ਜ਼ਿਲ੍ਹਾ ਪੱਧਰ ’ਤੇ ਚੈਂਪੀਅਨ ਰਹੀ। ਰਾਜ ਪੱਧਰੀ ਫੁਟਬਾਲ ਦੇ ਖੇਡ ਮੁਕਾਬਲੇ ਮਾਹਲਪੁਰ ਵਿੱਚ ਕਰਵਾਏ ਗਏ, ਜਿਸ ਵਿੱਚ ਸੂਬੇ ਭਰ ’ਚੋਂ 22 ਟੀਮਾਂ ਨੇ ਭਾਗ ਲਿਆ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵਾਈਐੱਫਸੀ ਰੁੜਕਾਂ ਕਲਾਂ ਅਕੈਡਮੀ ਦੇ ਉਮਰ ਵਰਗ-17 ਲੜਕੀਆਂ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਕਲੱਬ ਪ੍ਰਧਾਨ ਗੁਰਮੰਗਲ ਦਾਸ ਨੇ ਕੋਚ ਅਤੇ ਸਮੁੱਚੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬੱਚਿਆਂ ਨੂੰ ਭਵਿੱਖ ਵਿੱਚ ਇਸੇ ਲਗਨ ਨਾਲ ਖੇਡਣ ਲਈ ਪ੍ਰੇਰਿਆ।