For the best experience, open
https://m.punjabitribuneonline.com
on your mobile browser.
Advertisement

ਮੂਰਖ ਦਿਵਸ: ਹੱਸਣ ਤੇ ਹਸਾਉਣ ਦਾ ਚਾਅ

08:41 AM Mar 30, 2024 IST
ਮੂਰਖ ਦਿਵਸ  ਹੱਸਣ ਤੇ ਹਸਾਉਣ ਦਾ ਚਾਅ
Advertisement

ਬਰਜਿੰਦਰ ਕੌਰ ਬਿਸਰਾਓ

Advertisement

‘ਐਪਰਿਲ ਫੂਲ’ ਭਾਵ ਮੂਰਖ ਦਿਵਸ ਜਾਂ ਫੂਲਜ਼ ਡੇਅ ਬਾਰੇ ਤਾਂ ਆਪਾਂ ਸਭ ਬਚਪਨ ਤੋਂ ਹੀ ਭਲੀਭਾਂਤ ਜਾਣੂ ਹਾਂ। ਅੰਗਰੇਜ਼ੀ ਕੈਲੰਡਰ ਅਨੁਸਾਰ ਅਪਰੈਲ ਮਹੀਨੇ ਦੀ ਪਹਿਲੀ ਤਰੀਕ ਨੂੰ ਇਹ ਤਿਓਹਾਰ ਮਨਾਇਆ ਜਾਂਦਾ ਹੈ। ਵੈਸੇ ਇਸ ਦੀ ਕੋਈ ਖ਼ਾਸ ਇਤਿਹਾਸਕ ਮਹੱਤਤਾ ਤਾਂ ਨਹੀਂ ਹੈ ਪਰ ਫਿਰ ਵੀ ਸਾਰੇ ਪੱਛਮੀ ਮੁਲਕਾਂ ਵਿੱਚ ਇਸ ਨਾਲ ਜੁੜੀਆਂ ਬਹੁਤ ਸਾਰੀਆਂ ਕਹਾਣੀਆਂ ਪ੍ਰਚੱਲਿਤ ਹਨ। ਵਿਸ਼ਵੀਕਰਨ ਹੋਣ ਕਾਰਨ ਇਹ ਹੌਲੀ ਹੌਲੀ ਵਿਸ਼ਵ ਭਰ ਦੇ ਲੋਕਾਂ ਵਿੱਚ ਮਨਾਇਆ ਜਾਣ ਲੱਗਾ।
ਪ੍ਰਚੱਲਿਤ ਜਾਣਕਾਰੀਆਂ ਵਿੱਚੋਂ ਇੱਕ ਜਾਣਕਾਰੀ ਮੁਤਾਬਕ ਇਹ ਮਜ਼ਾਕ ਕਰਨ ਦਾ ਸਿਲਸਿਲਾ ਫਰਾਂਸ ਵਿੱਚ 1582 ਤੋਂ ਪਿੱਛੋਂ ਸ਼ੁਰੂ ਹੋਇਆ| 1582 ਤੋਂ ਪਹਿਲਾਂ ਸਾਰੇ ਯੂਰਪ ਨੇ ਜੂਲੀਅਨ ਕੈਲੰਡਰ ਅਪਣਾਇਆ ਹੋਇਆ ਸੀ, ਜਿਸ ਵਿੱਚ ਨਵਾਂ ਸਾਲ ਇੱਕ ਅਪਰੈਲ ਤੋਂ ਸ਼ੁਰੂ ਹੁੰਦਾ ਸੀ ਅਤੇ ਨਵੇਂ ਸਾਲ ਦੀ ਆਮਦ ਵਿੱਚ ਲੋਕ ਆਪਣੇ ਸਕੇ-ਸਬੰਧੀਆਂ ਨੂੰ ਤੋਹਫ਼ੇ ਭੇਟ ਕਰਦੇ ਸਨ ਤੇ ਜਸ਼ਨ ਮਨਾਉਂਦੇ ਸਨ| 1582 ਵਿੱਚ ਰੋਮ ਦੇ ਵੱਡੇ ਪਾਦਰੀ ਪੌਪ ਗ੍ਰੈਗੋਰੀ-ਤੇਰਵੇਂ ਨੇ ਜੂਲੀਅਨ ਕੈਲੰਡਰ ਨੂੰ ਸੋਧ ਕੇ ਨਵਾਂ ਕੈਲੰਡਰ ਜਾਰੀ ਕੀਤਾ, ਜਿਸ ਵਿੱਚ ਨਵਾਂ ਸਾਲ ਇੱਕ ਜਨਵਰੀ ਤੋਂ ਸ਼ੁਰੂ ਹੋਣਾ ਤੈਅ ਕੀਤਾ ਗਿਆ ਸੀ| ਇਸ ਕੈਲੰਡਰ ਨੂੰ ਗ੍ਰੈਗੋਰੀਅਨ ਕੈਲੰਡਰ ਨਾਂ ਵਜੋਂ ਜਾਣਿਆ ਜਾਂਦਾ ਹੈ| ਬਹੁਗਿਣਤੀ ਲੋਕਾਂ ਨੇ ਪੌਪ ਦੀ ਸੋਧ ਨੂੰ ਰੱਬ ਦਾ ਫੁਰਮਾਨ ਮੰਨ ਕੇ ਨਵੇਂ ਸਾਲ ਦਾ ਜਸ਼ਨ ਇੱਕ ਜਨਵਰੀ ਤੋਂ ਮਨਾਉਣਾ ਸ਼ੁਰੂ ਕਰ ਦਿੱਤਾ ਪਰ ਕੁਝ ਰੂੜ੍ਹੀਵਾਦੀ ਲੋਕ ਵੀ ਸਨ ਜਿਨ੍ਹਾਂ ਨੇ ਇਸ ਤਬਦੀਲੀ ਨੂੰ ਨਹੀਂ ਅਪਣਾਇਆ ਅਤੇ ਪਹਿਲਾਂ ਵਾਂਗ ਹੀ ਨਵੇਂ ਸਾਲ ਦਾ ਜਸ਼ਨ ਇੱਕ ਅਪਰੈਲ ਨੂੰ ਹੀ ਮਨਾਉਣਾ ਜਾਰੀ ਰੱਖਿਆ| ਇਸ ਤਰ੍ਹਾਂ ਉਹ ਬਹੁਗਿਣਤੀਆਂ ਵਿੱਚ ਮਜ਼ਾਕ ਦਾ ਪਾਤਰ ਬਣ ਗਏ ਤੇ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਨੇ ਉਨ੍ਹਾਂ ਨੂੰ ਜਾਅਲੀ ਤੋਹਫ਼ੇ ਅਤੇ ਝੂਠੀਆਂ ਪਾਰਟੀਆਂ ਦੇ ਸੱਦੇ ਭੇਜ ਕੇ ਖੂਬ ਮਜ਼ਾਕ ਉਡਾਇਆ ਭਾਵ ਉਹ ਅਪਰੈਲ ਦੇ ਮੂਰਖ ਮੰਨੇ ਗਏ ਸਨ|
ਇਸੇ ਤਰ੍ਹਾਂ ਹੀ ਇਸ ਦਿਨ ਨੂੰ ਮਨਾਉਣ ਪਿੱਛੇ ਹੋਰ ਵੀ ਕਈ ਕਹਾਣੀਆਂ ਜੁੜੀਆਂ ਹੋਈਆਂ ਹਨ ਪਰ ਇਹ ਤਾਂ ਪੱਕਾ ਹੈ ਕਿ ਇਹ ਤਿਓਹਾਰ ਪੱਛਮੀ ਸੱਭਿਅਤਾ ਦੀ ਪਰਤ ਵਿੱਚ ਲਿਪਟਿਆ ਹੋਇਆ ਸਾਡੇ ਦੇਸੀਆਂ ’ਤੇ ਵੀ ਰੰਗ ਚੜ੍ਹਾ ਦਿੰਦਾ ਹੈ। ਇਸ ਦਿਨ ਕੋਈ ਵੀ ਸਹਿਣਯੋਗ ਮਜ਼ਾਕ ਉਡਾ ਕੇ ਉਸ ਨੂੰ ‘ਐਪਰਿਲ ਫੂਲ’ ਕਹਿ ਕੇ ਹਾਸੇ ਠੱਠੇ ਵਾਲਾ ਮਾਹੌਲ ਬਣਾ ਸਕਦਾ ਹੈ। ਇਸ ਤਿਓਹਾਰ ਵਿੱਚ ਕੋਈ ਰੀਤੀ ਰਿਵਾਜ ਤਾਂ ਨਿਭਾਉਣ ਵਾਲੇ ਹੁੰਦੇ ਨਹੀਂ ਪਰ ਦੂਜੇ ਨੂੰ ਮੂਰਖ ਬਣਾਉਣ ਦੀਆਂ ਨਵੀਆਂ ਨਵੀਆਂ ਤਰਕੀਬਾਂ ਜ਼ਰੂਰ ਸੋਚੀਆਂ ਜਾਂਦੀਆਂ ਹਨ। ਸਰੋਤਾਂ ਅਨੁਸਾਰ ਸੰਸਾਰ ਵਿੱਚ ਸਿਰਫ਼ ਇੱਕੋ ਇੱਕ ਦੇਸ਼ ਯੂਕਰੇਨ ਵਿੱਚ ਇਸ ਦਿਨ ਦੀ ਛੁੱਟੀ ਮਨਾਈ ਜਾਂਦੀ ਹੈ, ਹੋਰ ਕਿਤੇ ਜਨਤਕ ਛੁੱਟੀ ਨਹੀਂ ਹੁੰਦੀ। ਕੁਝ ਦੇਸ਼ਾਂ ਜਿਵੇਂ ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ ਅਤੇ ਬ੍ਰਿਟੇਨ ਵਿੱਚ ਅਪਰੈਲ ਫੂਲ ਡੇਅ ਸਿਰਫ਼ ਦੁਪਹਿਰ ਤੱਕ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੇ ਤਰੀਕੇ ਵੀ ਵੱਖ-ਵੱਖ ਹਨ। ਫਰਾਂਸ, ਇਟਲੀ, ਬੈਲਜੀਅਮ ਵਿੱਚ ਕਾਗਜ਼ ਦੀ ਮੱਛੀ ਬਣਾ ਕੇ ਲੋਕਾਂ ਦੇ ਪਿੱਛੇ ਚਿਪਕਾ ਦਿੱਤੀ ਜਾਂਦੀ ਹੈ ਅਤੇ ਮਜ਼ਾਕ ਬਣਾਇਆ ਜਾਂਦਾ ਹੈ। ਈਰਾਨੀ ਫਾਰਸੀ ਨਵੇਂ ਸਾਲ ਦੇ 13ਵੇਂ ਦਿਨ ਇੱਕ-ਦੂਜੇ ’ਤੇ ਤਾਅਨਾ ਮਾਰਦੇ ਹਨ। ਇਹ 1 ਜਾਂ 2 ਅਪਰੈਲ ਦਾ ਦਿਨ ਹੁੰਦਾ ਹੈ। ਡੈਨਮਾਰਕ ਵਿੱਚ ਇਹ 1 ਮਈ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਮਜ-ਕਟ ਕਹਿੰਦੇ ਹਨ। ਉੱਥੇ ਹੀ ਸਪੈਨਿਸ਼ ਬੋਲਣ ਵਾਲੇ ਦੇਸ਼ਾਂ ਵਿੱਚ 28 ਦਸੰਬਰ ਨੂੰ ਅਪਰੈਲ ਫੂਲ ਮਨਾਇਆ ਜਾਂਦਾ ਹੈ ਜਿਸ ਨੂੰ ਡੇਅ ਆਫ ਹੋਲੀ ਇਨੋਸੈਂਟਸ ਕਿਹਾ ਜਾਂਦਾ ਹੈ।
ਆਮ ਤੌਰ ’ਤੇ ਇਸ ਦਿਨ ਦਾ ਉਦੇਸ਼ ਚੰਗੇ ਸੁਭਾਅ ਦੀ ਸਿਰਜਣਾ ਕਰਨਾ ਹੁੰਦਾ ਹੈ। ਜੋ ਲੋਕ ‘ਫੂਲਜ਼ ਡੇਅ’ ਨੂੰ ਮਨਾਉਂਦੇ ਹਨ, ਉਹ ਦੋਸਤਾਂ ਅਤੇ ਪਰਿਵਾਰਾਂ ਵਿੱਚ ਚੰਗੇ ਹੱਸਣ ਹਸਾਉਣ ਵਾਲੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ ਜਿਨ੍ਹਾਂ ਦੇ ਦਿਲ ਵਿੱਚ ਦੂਜਿਆਂ ਨੂੰ ਖ਼ੁਸ਼ ਕਰਦੇ ਰਹਿਣਾ ਅਤੇ ਕਿਸੇ ਨੂੰ ਦਿਲੋਂ ਨੁਕਸਾਨ ਨਾ ਪਹੁੰਚਾਉਣਾ ਜਾਂ ਨਾਰਾਜ਼ ਨਾ ਕਰਨ ਦੀ ਕੋਸ਼ਿਸ਼ ਕਰਨਾ ਆਦਿ ਦੀਆਂ ਭਾਵਨਾਵਾਂ ਪੈਦਾ ਕਰਦੇ ਹਨ। ਇਸ ਦਿਨ ਕੋਈ ਕਿਸੇ ਨੂੰ ਮੂਰਖ ਬਣਾਉਂਦਾ ਹੈ ਅਤੇ ਕੋਈ ਖ਼ੁਦ ਮੂਰਖ ਬਣ ਜਾਂਦਾ ਹੈ। ਇਸ ਤਰ੍ਹਾਂ ਇਹ ਪਹਿਲੀ ਅਪਰੈਲ ਦਾ ਦਿਨ ਇੱਕ ਹਾਸੇ-ਮਜ਼ਾਕ ਦੇ ਹਾਂ ਪੱਖੀ ਹੁੰਗਾਰੇ ਦੇ ਦਿਨ ਵਜੋਂ ਮੰਨਿਆ ਜਾ ਸਕਦਾ ਹੈ। ਇਸ ਨਾਲ ਮਨੁੱਖਤਾ ਅੰਦਰ ਪਿਆਰ ਅਤੇ ਮਿਲਵਰਤਨ ਦੀ ਭਾਵਨਾ ਪੈਦਾ ਹੁੰਦੀ ਹੈ।
ਅੱਜ ਦੇ ਜ਼ਮਾਨੇ ਵਿੱਚ ਮਨੁੱਖ ਪਰੇਸ਼ਾਨੀਆਂ ਵਿੱਚ ਘਿਰਿਆ ਹੋਇਆ ਹੱਸਣ ਹਸਾਉਣ ਨੂੰ ਵੀ ਤਰਸਿਆ ਪਿਆ ਹੈ। ਉਸ ਲਈ ਇਹ ਦਿਨ ਬਹੁਤ ਉੱਤਮ ਮੰਨਿਆ ਜਾਂਦਾ ਹੈ ਕਿਉਂਕਿ ਮੂਰਖ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਅਤੇ ਉਸ ਲਈ ‘ਕਿਆ ਗਮ ਔਰ ਕਿਆ ਖੁਸ਼ੀ’। ਮੂਰਖ ਨਾਲ ਚੰਗਾ ਹੋਵੇ ਜਾਂ ਮਾੜਾ ਪਰ ਉਸ ਲਈ ਤਾਂ ਜ਼ਿੰਦਗੀ ਸਿਰਫ਼ ਹੱਸਣ ’ਤੇ ਹੀ ਟਿਕੀ ਹੁੰਦੀ ਹੈ। ਇਸ ਲਈ ਹੋ ਸਕਦਾ ਹੈ ਕਿ ਮੂਰਖਾਂ ਦੀ ਜ਼ਿੰਦਗੀ ਨੂੰ ਵਧੀਆ ਮੰਨਦੇ ਹੋਏ ਸਿਆਣੇ ਲੋਕਾਂ ਨੇ ਇੱਕ ਦਿਨ ਲਈ ਮੂਰਖ ਬਣਨ ਵਾਲਾ ਤੱਤ ਕੱਢਿਆ ਹੋਵੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਾਸਾ ਪਰਮਾਤਮਾ ਵੱਲੋਂ ਮਿਲੀ ਇੱਕ ਬਹੁਤ ਵੱਡੀ ਸੌਗਾਤ ਹੈ। ਇਸ ਦੀ ਪ੍ਰਾਪਤੀ ਲਈ ਐਪਰਲ ਫੂਲ ਵਾਲੇ ਦਿਨ ਲੋਕੀਂ ਇੱਕ ਦੂਜੇ ਨਾਲ ਮਜ਼ਾਕ ਕਰਦੇ ਹਨ। ਜੇ ਇਹ ਮੰਨ ਲਿਆ ਜਾਵੇ ਕਿ ਮਨਾਉਣ ਵਾਲਿਆਂ ਦੁਆਰਾ ਇਸ ਦਿਨ ਨੂੰ ਖੁੱਲ੍ਹ ਕੇ ਮਨਾਇਆ ਜਾਂਦਾ ਹੈ ਅਤੇ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਇਸ ਤਰ੍ਹਾਂ ਲਾਹ ਕੇ ਸੁੱਟ ਦਿੱਤਾ ਜਾਂਦਾ ਹੈ ਜਿਵੇਂ ਦੁੱਧ ਤੋਂ ਮੱਖੀ ਲਾਹ ਕੇ ਸੁੱਟ ਦਿੱਤੀ ਜਾਂਦੀ ਹੈ, ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਇਸ ਦਿਨ ਕਿਸੇ ਨਾ ਕਿਸੇ ਬਹਾਨੇ ਆਪਣੇ ਜਾਣ ਪਹਿਚਾਣ ਵਾਲਿਆਂ, ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਨਵੀਆਂ ਨਵੀਆਂ ਤਰਕੀਬਾਂ ਲਾ ਕੇ ਕੁਝ ਇਹੋ ਜਿਹੇ ਕਾਰਨਾਮੇ ਕੀਤੇ ਜਾਂਦੇ ਹਨ ਕਿ ਕੁਝ ਪਲਾਂ ਲਈ ਉਨ੍ਹਾਂ ਨੂੰ ਮੂਰਖ ਬਣਾ ਕੇ ਹਾਸੇ-ਠੱਠੇ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦਿਵਸ ਪਿੱਛੇ ਲੋਕਾਂ ਨੂੰ ਕੁਝ ਪਲਾਂ ਲਈ ਸਕੂਨ ਦੇਣਾ ਅਤੇ ਦਿਲੋਂ ਖ਼ੁਸ਼ ਕਰਨ ਦੀ ਸੋਚ ਕੰਮ ਕਰਦੀ ਹੈ, ਜਿਸ ਨਾਲ ਲੋਕਾਂ ਦੀਆਂ ਚਿੰਤਾਵਾਂ ਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਕੁਝ ਸਮੇਂ ਲਈ ਹਾਸੇ ਟਹਿਕਦੇ ਹਨ। ਇੱਕ ਦੂਜੇ ਨੂੰ ਭੁਲੇਖੇ ਪਾਉਣ ਦੀਆਂ ਗੱਲਾਂ, ਚਕਮਾ ਦੇ ਕੇ ਕੁਝ ਅਚਨਚੇਤੀ ਮੂਰਖ ਬਣਾਉਣ ਦੀਆਂ ਗੱਲਾਂ ਕਰ ਕੇ ਇੱਕ-ਦੂਜੇ ਨਾਲ ਕੀਤੇ ਜਾਂਦੇ ਮਜ਼ਾਕਾਂ ਅਤੇ ਵਿਹਾਰਕ ਨਟਖਟੀ ਦਾ ਸਿਲਸਿਲਾ ਸਾਰਾ ਦਿਨ ਚੱਲਦਾ ਰਹਿੰਦਾ ਹੈ। ਇਸ ਤਰ੍ਹਾਂ ਇਹ ਵਿਲੱਖਣ ਕਿਸਮ ਦਾ ਤਿਓਹਾਰ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਇੱਕ ਨਿਆਮਤ ਬਣ ਕੇ ਆਉਂਦਾ ਹੈ। ਹਰ ਕਿਸੇ ਨੂੰ ਆਪਣੇ ਆਲੇ ਦੁਆਲੇ ਹਾਨੀ ਰਹਿਤ ਮਰਿਆਦਾ ਸਹਿਤ ਇਸ ਤਿਓਹਾਰ ਨੂੰ ਮਨਾਉਣਾ ਚਾਹੀਦਾ ਹੈ।
ਸੰਪਰਕ: 99889-01324

Advertisement
Author Image

joginder kumar

View all posts

Advertisement
Advertisement
×