For the best experience, open
https://m.punjabitribuneonline.com
on your mobile browser.
Advertisement

ਮੂਰਖ ਆਜੜੀ

11:38 AM Nov 23, 2024 IST
ਮੂਰਖ ਆਜੜੀ
Advertisement

ਜਤਿੰਦਰ ਮੋਹਨ

ਅਸਮਾਨ ਵਿੱਚ ਕਾਲੇ ਬੱਦਲ ਛਾਏ ਹੋਏ ਸਨ। ਸਾਉਣ ਦਾ ਮਹੀਨਾ ਹੋਣ ਕਰਕੇ ਬੱਦਲ ਪੂਰਬ ਤੋਂ ਪੱਛਮ ਦਿਸ਼ਾ ਵੱਲ ਭੱਜੇ ਜਾ ਰਹੇ ਸਨ। ਠੰਢੀ ਠੰਢੀ ਹਵਾ ਚੱਲ ਰਹੀ ਸੀ ਜਿਸ ਕਾਰਨ ਆਲਾ-ਦੁਆਲਾ ਖ਼ੂਬਸੂਰਤ ਬਣਿਆ ਹੋਇਆ ਸੀ। ਅਜਿਹੇ ਵਾਤਾਵਰਨ ਵਿੱਚ ਰੁੱਖਾਂ ’ਤੇ ਬੈਠੇ ਪੰਛੀ ਵੀ ਆਪਸ ਵਿੱਚ ਮਸਤੀ ਕਰ ਰਹੇ ਸਨ, ਫਿਰ ਭਲਾ ਬੱਚੇ ਮਸਤੀ ਕਿਉਂ ਨਾ ਕਰਨ?
ਤੀਜਾ ਪੀਰੀਅਡ ਲੱਗਦੇ ਹੀ ਹਿੰਦੀ ਅਧਿਆਪਕ ਰਾਮ ਰਤਨ ਅੱਠਵੀਂ ਜਮਾਤ ਵਿੱਚ ਆ ਗਏ। ਉਹ ਬੱਚਿਆਂ ਨੂੰ ਹਿੰਦੀ ਪੜ੍ਹਾਉਣ ਤੋਂ ਪਹਿਲਾਂ ਵਿਸ਼ੇ ਦਾ ਸਬੰਧ ਪੰਜਾਬੀ ਭਾਸ਼ਾ ਵਿੱਚ ਬੋਲ ਕੇ ਸਮਝਾਉਂਦੇ ਸਨ। ਸੁਹਾਵਣਾ ਮੌਸਮ ਹੋਣ ਕਰਕੇ ਬੱਚਿਆਂ ਨੇ ਅਧਿਆਪਕ ਨੂੰ ਕਿਹਾ, ‘‘ਸਰ ਅੱਜ ਤਾਂ ਸਾਨੂੰ ਖੇਡਣ ਦਾ ਮੌਕਾ ਦਿਓ। ਦੇਖੋ ਕਿੰਨਾ ਵਧੀਆ ਮੌਸਮ ਹੈ।’’
‘‘ਮੌਸਮ ਤਾਂ ਬੇਟੇ ਪੜ੍ਹਨ ਵਾਲੈ।’’
‘‘ਸਰ ਸਾਡਾ ਤਾਂ ਖੇਡਣ ਨੂੰ ਦਿਲ ਕਰਦੈ।’’
‘‘ਬੱਚਿਓ ਥੋੜ੍ਹੇ ਚਿਰ ਵਿੱਚ ਬਾਰਿਸ਼ ਆਉਣ ਵਾਲੀ ਐ। ਗਰਾਊਂਡ ’ਚ ਜਾਣਾ ਠੀਕ ਨਹੀਂ ਹੈ।’’
‘‘ਸਰ, ਚਲੋ ਫਿਰ ਕੋਈ ਕਹਾਣੀ ਹੀ ਸੁਣਾ ਦਿਓ।’’
‘‘ਬੱਚਿਓ! ਅੱਜ ਕਹਾਣੀ ਤਾਂ ਮੇਰੇ ਕੋਈ ਯਾਦ ਨਹੀਂ।’’ ਅਧਿਆਪਕ ਨੇ ਆਪਣੇ ਸੱਜੇ ਕੰਨ ਉਤੇ ਹੱਥ ਫੇਰਦਿਆਂ ਕਿਹਾ।
‘‘ਸਰ! ਨਹੀਂ, ਤੁਹਾਨੂੰ ਕਿੰਨੀਆਂ ਕਹਾਣੀਆਂ ਤਾਂ ਆਉਂਦੀਆਂ ਨੇ।’’
ਅਧਿਆਪਕ ਨੇ ਆਪਣੇ ਆਪ ਵਿੱਚ ਮਾਣ ਮਹਿਸੂਸ ਕੀਤਾ। ਅਧਿਆਪਕ ਨੇ ਕੁਝ ਸੋਚ ਕੇ ਕਿਹਾ, ‘‘ਚਲੋ ਮੈਂ ਤੁਹਾਨੂੰ ਕਹਾਣੀ ਸੁਣਾ ਦਿੰਦਾ ਹਾਂ।’’
ਸਾਰੇ ਬੱਚੇ ਕਹਾਣੀ ਸੁਣਨ ਲਈ ਤਿਆਰ ਹੋ ਗਏ।
ਅਧਿਆਪਕ ਨੇ ਆਪਣੇ ਆਪ ਵਿੱਚ ਵਡੱਤਣ ਮਹਿਸੂਸ ਕੀਤੀ ਅਤੇ ਕਿਹਾ, ‘‘ਚਲੋ ਮੈਂ ਕਹਾਣੀ ਸੁਣਾਉਂਦਾ ਹਾਂ।’’
‘‘ਬੱਚਿਓ! ਇੱਕ ਵਾਰ ਦੀ ਗੱਲ ਹੈ ਕਿ ਭੋਲਾ ਨਾਮੀ ਆਜੜੀ ਆਪਣੀਆਂ ਭੇਡਾਂ ਅਤੇ ਬੱਕਰੀਆਂ ਚਾਰਨ ਹਰ ਰੋਜ਼ ਨਹਿਰ ਦੇ ਨਾਲ ਨਾਲ ਜਾਂਦਾ ਹੁੰਦਾ ਸੀ। ਉਹ ਹਰ ਰੋਜ਼ ਹੀ ਸਾਰੇ ਦਰੱਖਤਾਂ ਨੂੰ ਬੜੇ ਧਿਆਨ ਨਾਲ ਦੇਖਦਾ। ਇੱਕ ਦਿਨ ਜਦੋਂ ਉਹ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਇੱਕ ਦਰੱਖਤ ਦੇ ਉੱਤੇ ਅਮਰਵੇਲ ਦਾ ਜਾਲ ਪਿਆ ਹੋਇਆ ਸੀ।’’
ਅਧਿਆਪਕ ਨੇ ਬੱਚਿਆਂ ਨੂੰ ਅਮਰਵੇਲ ਬਾਰੇ ਦੱਸਦਿਆਂ ਉਨ੍ਹਾਂ ਨੂੰ ਪੁੱਛਿਆ, ‘‘ਬੱਚਿਓ! ਕੀ ਤੁਸੀਂ ਅਮਰਵੇਲ ਦੇਖੀ ਹੈ?’’
ਪੇਂਡੂ ਬੱਚਿਆਂ ਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਸ਼ਹਿਰੀ ਬੱਚਿਆਂ ਨੂੰ ਇਸ ਬਾਰੇ ਗਿਆਨ ਨਾ ਹੋਣ ਕਾਰਨ ਉਨ੍ਹਾਂ ਨੇ ਅਧਿਆਪਕ ਨੂੰ ਪੁੱਛਿਆ, ‘‘ਸਰ ਕਿਹੋ ਜਿਹੀ ਹੁੰਦੀ ਹੈ ਅਮਰਵੇਲ?’’
‘‘ਇਹ ਪੀਲੇ ਰੰਗ ਦੀ ਨੂਡਲਜ਼ ਵਰਗੀ ਹੁੰਦੀ ਹੈ। ਇਹ ਜਿਸ ਵੀ ਰੁੱਖ ’ਤੇ ਡਿੱਗ ਪਵੇ ਜਾਂ ਕੋਈ ਇਸ ਨੂੰ ਸੁੱਟ ਦੇਵੇ ਤਾਂ ਇਹ ਉਸੇ ਤੋਂ ਖੁਰਾਕ ਲੈ ਕੇ ਬਹੁਤ ਜ਼ਿਆਦਾ ਫੈਲ ਜਾਂਦੀ ਹੈ। ਦਰੱਖਤ ਕਮਜ਼ੋਰ ਪੈਣ ਲੱਗਦਾ ਹੈ ਅਤੇ ਇਹ ਫੈਲਣ ਲੱਗ ਜਾਂਦੀ ਹੈ।’’
ਬੱਚਿਆਂ ਦੀ ਸਮਝ ਵਿੱਚ ਆਉਣ ਤੋਂ ਬਾਅਦ ਅਧਿਆਪਕ ਨੇ ਕਹਾਣੀ ਅੱਗੇ ਸੁਣਾਉਣੀ ਸ਼ੁਰੂ ਕੀਤੀ।
‘‘ਹਾਂ ਬੱਚਿਓ! ਇੱਕ ਦਿਨ ਉਸ ਮੂਰਖ ਆਜੜੀ ਨੇ ਕਾਫ਼ੀ ਸਾਰੀ ਅਮਰਵੇਲ ਤੋੜ ਲਈ ਤੇ ਇੱਕ ਥੈਲੇ ਵਿੱਚ ਪਾ ਲਈ। ਸ਼ਾਮ ਨੂੰ ਜਦੋਂ ਆਪਣੇ ਘਰ ਆਉਣ ਲੱਗਾ ਤਾਂ ਰਸਤੇ ਵਿੱਚ ਆਉਂਦੇ ਆਉਂਦੇ ਨਹਿਰ ਦੇ ਕਿਨਾਰੇ ਲੱਗੇ ਦਰੱਖਤਾਂ ਉੱਪਰ ਸੁੱਟਦਾ ਆਇਆ। ਆਪਣੇ ਘਰ ਆਉਣ ਤੱਕ ਉਸ ਨੇ ਸਾਰਾ ਥੈਲਾ ਖਾਲੀ ਕਰ ਦਿੱਤਾ।’’
‘‘ਸਰ! ਇਹ ਤਾਂ ਬਹੁਤ ਮਾੜਾ ਕੀਤਾ ਉਸ ਨੇ।’’ ਬੱਚਿਆਂ ਨੇ ਚਿੰਤਤ ਹੋ ਕੇ ਕਿਹਾ।
‘‘ਕੁਝ ਦਿਨ ਬੀਤੇ ਤਾਂ ਆਜੜੀ ਨੇ ਦੇਖਿਆ ਕਿ ਹੌਲੀ ਹੌਲੀ ਇਹ ਅਮਰਵੇਲ ਦੂਜੇ ਦਰੱਖਤਾਂ ’ਤੇ ਵਧਣ ਫੁੱਲਣ ਲੱਗ ਪਈ। ਥੋੜ੍ਹੇ ਦਿਨਾਂ ਵਿੱਚ ਹੀ ਅਮਰਵੇਲ ਨਾਲ ਰੁੱਖ ਭਰ ਗਏ ਅਤੇ ਉਨ੍ਹਾਂ ਦਾ ਵਿਕਾਸ ਰੁਕ ਗਿਆ। ਆਜੜੀ ਆਪਣੀ ਕੀਤੀ ਕਾਰਵਾਈ ’ਤੇ ਬਹੁਤ ਖ਼ੁਸ਼ ਸੀ। ਇਹ ਸਭ ਦੇਖ ਕੇ ਨਹਿਰ ਦੀ ਪਟੜੀ ’ਤੇ ਜਾਣ ਵਾਲੇ ਲੋਕ ਅਮਰਵੇਲ ਸੁੱਟਣ ਵਾਲੇ ਨੂੰ ਬੁਰਾ ਭਲਾ ਕਹਿੰਦੇ, ਪਰ ਭੋਲਾ ਚੁੱਪ ਕਰ ਜਾਂਦਾ।
ਇੱਕ ਦਿਨ ਭੋਲਾ ਨਹਿਰ ਦੇ ਕਿਨਾਰੇ ਆਪਣਾ ਇੱਜੜ ਚਾਰ ਰਿਹਾ ਸੀ ਤਾਂ ਨਾਲ ਦੇ ਖੇਤ ਵਾਲਾ ਨੱਥਾ ਸਿੰਘ ਨੰਬਰਦਾਰ ਭੋਲੇ ਕੋਲ ਆ ਕੇ ਪੁੱਛਣ ਲੱਗਾ, ‘‘ਭੋਲਿਆ, ਆਹ ਕਿਸ ਮੂਰਖ ਦਾ ਕੰਮ ਐ?’’
‘‘ਕਿਹੜਾ ਜੀ?’’
‘‘ਆਹ ਅਮਰ ਵੇਲ ਥਾਂ ਥਾਂ ਸੁੱਟੀ ਪਈ ਹੈ।’’
‘‘ਮੂਰਖਾਂ ਦੀ ਕੀ ਕਮੀ ਹੈ ਜੀ, ਮੂਰਖ ਵਾਧੂ ਫਿਰਦੇ ਨੇ।’’ ਭੋਲੇ ਨੇ ਇਹ ਗੱਲ ਕਹਿ ਦਿੱਤੀ, ਪਰ ਉਸ ਨੂੰ ਆਪਣੇ ਆਪ ’ਤੇ ਸ਼ਰਮ ਆਈ।
‘‘ਭੋਲਿਆ, ਤੂੰ ਹਰ ਰੋਜ਼ ਇੱਥੇ ਇੱਜੜ ਚਾਰਦੈਂ, ਤੂੰ ਕਿਸੇ ਨੂੰ ਅਮਰਵੇਲ ਸੁੱਟਦੇ ਦੇਖਿਆ ਹੋਵੇ?’’
‘‘ਨਾ ਜੀ ਮੈਂ ਤਾਂ ਨਹੀਂ ਦੇਖਿਆ।’’
ਭੋਲੇ ਦੀ ਗੱਲ ਸੁਣ ਕੇ ਨੰਬਰਦਾਰ ਨੂੰ ਗੁੱਸਾ ਆਇਆ ਤੇ ਉਸ ਨੇ ਗੁੱਸੇ ਵਿੱਚ ਕਿਹਾ, ‘‘ਜੇਕਰ ਮੈਨੂੰ ਇਹੋ ਜਿਹਾ ਆਦਮੀ ਮਿਲ ਜਾਵੇ ਤਾਂ ਮੈਂ ਉਸ ਦੇ ਸਿਰ ਵਿੱਚ ਛਿੱਤਰ ਮਾਰ ਮਾਰ ਕੇ ਉਸ ਦਾ ਸਿਰ ਮਿੱਠੇ ਚੌਲਾਂ ਵਰਗਾ ਕਰ ਦੇਵਾਂ।’’ ਇਹ ਕਹਿੰਦੇ ਹੀ ਜਦੋਂ ਨੰਬਰਦਾਰ ਨੇ ਕਚੀਚੀ ਵੱਟੀ ਤਾਂ ਉਸ ਦੇ ਨਕਲੀ ਦੰਦ ਟੁੱਟ ਗਏ। ਭੋਲੇ ਦੀ ਹਾਸੀ ਮਸਾਂ ਰੁਕੀ। ਨੰਬਰਦਾਰ ਚੁੱਪ ਚਾਪ ਉੱਥੋਂ ਚਲਾ ਗਿਆ।
ਨੰਬਰਦਾਰ ਦੀ ਗੱਲ ਦਾ ਭੋਲੇ ’ਤੇ ਅਜਿਹਾ ਅਸਰ ਹੋਇਆ ਕਿ ਉਹ ਉਦਾਸ ਰਹਿਣ ਲੱਗ ਪਿਆ। ਜਦੋਂ ਵੀ ਉਹ ਨੰਬਰਦਾਰ ਨੂੰ ਦੇਖਦਾ ਤਾਂ ਉਸ ਦੀ ਨੀਵੀਂ ਪੈ ਜਾਂਦੀ। ਉਹ ਹਰ ਰੋਜ਼ ਨਹਿਰ ਦੇ ਕਿਨਾਰੇ ਇੱਜੜ ਲੈ ਕੇ ਜਾਂਦਾ ਤਾਂ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੀਆਂ ਗਾਲ੍ਹਾਂ ਦਾ ਸਾਹਮਣਾ ਕਰਨਾ ਪੈਂਦਾ। ਭਾਵੇਂ ਉਹ ਲੋਕ ਗਾਲ੍ਹਾਂ ਅਮਰਵੇਲ ਸੁੱਟਣ ਵਾਲੇ ਨੂੰ ਹੀ ਦਿੰਦੇ ਸਨ, ਪਰ ਭੋਲੇ ਨੂੰ ਇਹੀ ਮਹਿਸੂਸ ਹੁੰਦਾ ਸੀ ਕਿ ਉਹ ਸਾਰੀਆਂ ਗਾਲ੍ਹਾਂ ਉਸੇ ਨੂੰ ਹੀ ਦਿੱਤੀਆਂ ਜਾ ਰਹੀਆਂ ਹਨ। ਇੱਕ ਦਿਨ ਉਹ ਆਪਣਾ ਇੱਜੜ ਚਾਰ ਰਿਹਾ ਸੀ ਤਾਂ ਉਸ ਨੂੰ ਇੰਜ ਭੁਲੇਖਾ ਲੱਗਾ ਜਿਵੇਂ ਕੋਈ ਆਤਮਾ ਉਸ ਦੇ ਸਾਹਮਣੇ ਖੜ੍ਹੀ ਹੈ ਤਾਂ ਉਹ ਡਰ ਗਿਆ। ਉਸ ਨੂੰ ਲੱਗਾ ਕਿ ਆਤਮਾ ਉਸ ਨੂੰ ਕਹਿ ਰਹੀ ਹੈ।
‘‘ਸਰ ਆਤਮਾ ਹੁੰਦੀ ਹੈ?’’
‘‘ਵਿਆਹ ਦੇ ਗੀਤ ਸਾਰੇ ਸੱਚੇ ਨਹੀਂ ਹੁੰਦੇ ਬੱਚਿਓ।’’
ਅਧਿਆਪਕ ਦੀ ਗੱਲ ਸੁਣ ਕੇ ਸਾਰੇ ਬੱਚੇ ਹੱਸ ਪਏ।
‘‘ਚਲੋ ਸਰ! ਤੁਸੀਂ ਸਾਨੂੰ ਦੱਸੋ ਆਤਮਾ ਕੀ ਕਹਿੰਦੀ ਸੀ?’’
‘‘ਉਹ ਕਹਿਣ ਲੱਗੀ, ‘ਭੋਲਿਆ, ਤੂੰ ਮੂਰਖ ਹੈਂ ਅਤੇ ਤੂੰ ਬੁਰੇ ਕੰਮ ਕਰਦਾ ਹੈਂ।’’
ਭੋਲਾ ਹੱਥ ਬੰਨ੍ਹ ਕੇ ਖੜ੍ਹਾ ਰਿਹਾ। ਉਸ ਨੂੰ ਆਪਣੀ ਗ਼ਲਤੀ ਯਾਦ ਆ ਰਹੀ ਸੀ।
‘‘ਸਰ! ਫਿਰ ਆਤਮਾ ਨੇ ਕੀ ਕਿਹਾ?’’
‘‘ਭੋਲਿਆ, ਸਾਰੇ ਦਰੱਖਤ ਤੈਨੂੰ ਸਰਾਪ ਦੇ ਰਹੇ ਨੇ। ਜੇ ਤੂੰ ਬਚਣਾ ਹੈ ਤਾਂ ਬਚ। ਨਹੀਂ ਤਾਂ ਤੇਰਾ ਵਿਨਾਸ਼ ਹੋ ਜਾਵੇਗਾ। ਤੂੰ ਦਰੱਖਤਾਂ ’ਤੇ ਸੁੱਟੀ ਇਹ ਸਾਰੀ ਵੇਲ ਉਤਾਰ ਦੇ।’’
ਭੋਲੇ ਨੇ ਆਤਮਾ ਦੀ ਗੱਲ ਸੁਣ ਕੇ ਮੁਆਫ਼ੀ ਮੰਗੀ ਅਤੇ ਕਿਹਾ ਕਿ ‘ਮੇਰੀ ਭੁੱਲ ਬਖ਼ਸ਼ ਦਿਓ, ਮੈਂ ਅੱਗੇ ਤੋਂ ਅਜਿਹਾ ਕੰਮ ਨਹੀਂ ਕਰਾਂਗਾ।’ ਇਹ ਕਹਿ ਕੇ ਆਤਮਾ ਗਾਇਬ ਹੋ ਗਈ।
ਭੋਲਾ ਬਹੁਤ ਉਦਾਸ ਹੋ ਗਿਆ। ਦੂਜੇ ਦਿਨ ਉਸ ਨੇ ਇੱਜੜ ਨਾ ਛੱਡਿਆ ਅਤੇ ਆਪਣੇ ਇੱਕ ਸਾਥੀ ਨੂੰ ਲੈ ਕੇ ਦਰੱਖਤਾਂ ’ਤੇ ਲੱਗੀ ਅਮਰਵੇਲ ਨੂੰ ਉਤਾਰਨ ਲੱਗਾ। ਸਾਰੀ ਵੇਲ ਉਤਾਰ ਕੇ ਭੋਲੇ ਨੂੰ ਲੱਗਾ ਜਿਵੇਂ ਹੁਣ ਉਸ ਦਾ ਸਾਰਾ ਗੁਨਾਹ ਮੁਆਫ਼ ਹੋ ਗਿਆ ਹੋਵੇ।’’
‘‘ਕਿਉਂ ਆਈ ਕਹਾਣੀ ਪਸੰਦ?’’
‘‘ਸਰ ਕਹਾਣੀ ਤਾਂ ਪਸੰਦ ਆਈ, ਪਰ ਉਹ ਆਤਮਾ ਕੌਣ ਸੀ?’’
‘‘ਉਹ ਆਤਮਾ ਕੋਈ ਹੋਰ ਨਹੀਂ ਸੀ ਕਮਲਿਓ! ਉਹ ਤਾਂ ਭੋਲੇ ਦੇ ਮਨ ਵਿੱਚ ਨੰਬਰਦਾਰ ਦਾ ਡਰ ਸੀ ਜਿਸ ਨੇ ਭੋਲੇ ਨੂੰ ਅਜਿਹਾ ਗੁਨਾਹ ਕਰਨ ਲਈ ਡਰਾਇਆ ਸੀ ਕਿਉਂਕਿ ਨੰਬਰਦਾਰ ਨੂੰ ਪਤਾ ਸੀ ਕਿ ਇਹ ਕੰਮ ਭੋਲੇ ਦਾ ਹੀ ਹੈ।’’

Advertisement

ਸੰਪਰਕ: 94630-20766

Advertisement

Advertisement
Author Image

sukhwinder singh

View all posts

Advertisement