ਫੂਡ ਸੇਫਟੀ ਵਿੰਗ ਵੱਲੋਂ ਦਸ ਕੁਇੰਟਲ ਮਿਲਾਵਟੀ ਖੋਆ ਬਰਾਮਦ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਅਕਤੂਬਰ
ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਰਾਜਸਥਾਨ ਤੋਂ ਆਏ ਮਿਲਾਵਟੀ ਖੋਏ ਦੀ ਖੇਪ ਬਰਾਮਦ ਕੀਤੀ ਹੈ। ਇਹ ਖੋਆ ਰਾਜਸਥਾਨ ਤੋ ਆਈ ਬੱਸ ਰਾਹੀਂ ਪੰਜਾਬ ਭੇਜਿਆ ਗਿਆ ਸੀ । ਸਿਹਤ ਵਿਭਾਗ ਵੱਲੋਂ ਅੱਜ ਸਵੇਰੇ ਗੋਲਡਨ ਗੇਟ ਵਿੱਚ ਮਿਲਾਵਟਖੋਰਾਂ ਨੂੰ ਫੜਨ ਲਈ ਸਪੈਸ਼ਲ ਨਾਕਾ ਲਗਾਇਆ ਗਿਆ ਸੀ। ਇਸ ਦੀ ਅਗਵਾਈ ਸਹਾਇਕ ਕਮਿਸ਼ਨਰ ਫੂਡ ਰਾਜਿੰਦਰ ਪਾਲ ਸਿੰਘ, ਐੱਫਐੱਸਓ ਅਮਨਦੀਪ ਸਿੰਘ ਅਤੇ ਸਤਨਾਮ ਸਿੰਘ ਸਣੇ ਹੋਰ ਕਰ ਰਹੇ ਸਨ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਬੱਸ ਆਰਜੇ07 ਪੀਬੀ 3427 ਦਾ ਪਿੱਛਾ ਕਰਨ ਉਪਰੰਤ ਸਿਟੀ ਸੈਂਟਰ ਨੇੜੇ ਬੱਸ ਅੱਡੇ ਕੋਲ ਉਸ ਨੂੰ ਰੋਕ ਲਿਆ। ਇਸ ਦੌਰਾਨ ਤਲਾਸ਼ੀ ਲੈਣ ’ਤੇ ਬੱਸ ਵਿੱਚੋਂ 20 ਬੋਰੀਆਂ ਖੋਆ ਬਰਾਮਦ ਹੋਇਆ। ਹਰ ਬੋਰੀ ਵਿੱਚ 50 ਕਿੱਲੋ ਖੋਆ ਸੀ ਅਤੇ ਇਸ ਦੀ ਕੁੱਲ ਮਾਤਰਾ 1000 ਕਿਲੋਗ੍ਰਾਮ ਹੈ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਖੋਏ ਦਾ ਮਾਲਕ ਸ਼ੰਕਰ ਲਾਲ ਪਿੰਡ ਬੰਬਲੂ ਬੀਕਾਨੇਰ ਰਾਜਸਥਾਨ ਦਾ ਹੈ, ਜੋ ਅੰਮ੍ਰਿਤਸਰ ਦੀਆਂ ਸਥਾਨਕ ਦੁਕਾਨਾਂ ਨੂੰ ਇਸ ਦੀ ਸਪਲਾਈ ਕਰ ਰਿਹਾ ਸੀ। ਸਹਾਇਕ ਕਮਿਸ਼ਨਰ ਫੂਡ ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਖੋਏ ਨੂੰ ਜ਼ਬਤ ਕਰਕੇ ਲੈਬਾਰਟਰੀ ਵਿੱਚ ਜਾਂਚ ਲਈ ਭੇਜਿਆ ਗਿਆ ਹੈ ਅਤੇ ਰਿਪੋਰਟ ਪ੍ਰਾਪਤ ਹੋਣ ਤੇ ਇਸ ’ਤੇ ਕਾਰਵਾਈ ਕੀਤੀ ਜਾਵੇਗੀ। ਡੀਸੀ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ‘ਸਵੱਛ ਪਕਵਾਨ ਸਵਸਥ ਦੁਕਾਨ’ ਮੁਹਿੰਮ ਤਹਿਤ ਸਬ ਡਿਵੀਜ਼ਨ ਪੱਧਰ ’ਤੇ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਰੋਜ਼ਾਨਾ ਆਪਣੇ ਖੇਤਰ ਵਿੱਚ ਖਾਣ ਪੀਣ ਦੀਆਂ ਦੁਕਾਨਾਂ, ਹੋਟਲ, ਰੈਸਟੋਰੈਂਟ, ਢਾਬੇ, ਡੇਅਰੀਆਂ, ਬੇਕਰੀਆਂ ਆਦਿ ਦੀ ਜਾਂਚ ਕਰ ਰਹੇ ਹਨ।