ਫੂਡ ਸੇਫਟੀ ਵਿੰਗ ਵੱਲੋਂ ਮਿਲਾਵਟੀ ਪਨੀਰ ਬਣਾਉਣ ਦਾ ਪਰਦਾਫਾਸ਼
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 15 ਅਕਤੂਬਰ
ਸਿਹਤ ਵਿਭਾਗ ਅਤੇ ਪੁਲੀਸ ਦੀ ਸਾਂਝੀ ਟੀਮ ਵੱਲੋਂ ਇਕ ਡੇਅਰੀ ’ਚ ਛਾਪਾ ਮਾਰਿਆ ਗਿਆ ਜਿੱਥੋਂ ਮਿਲਾਵਟੀ ਪਨੀਰ ਬਰਾਮਦ ਹੋਇਆ। ਸਹਾਇਕ ਫੂਡ ਸੇਫਟੀ ਕਮਿਸ਼ਨਰ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਇੱਥੋਂ 20 ਕੁਇੰਟਲ ਸੁੱਕਾ ਦੁੱਧ, 75 ਕਿਲੋ ਰਿਫਾਇੰਡ ਤੇਲ ਜੋ ਕਿ ਮਿਲਾਵਟੀ ਪਨੀਰ ਤਿਆਰ ਕਰਨ ਲਿਈ ਲਿਆਂਦਾ ਸੀ ,ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਕੱਚੇ ਮਾਲ ਤੋਂ ਤਿਆਰ ਕੀਤਾ 100 ਕਿਲੋ ਪਨੀਰ ਮਿਲਿਆ, ਜਿਸ ਨੂੰ ਨਸ਼ਟ ਕਰਵਾ ਦਿੱਤਾ ਗਿਆ। ਟੀਮ ਵੱਲੋਂ ਸਕਿਮਡ ਮਿਲਕ ਪਾਊਡਰ ਅਤੇ ਰਿਫਾਇੰਡ ਤੇਲ ਦਾ ਸਾਰਾ ਸਟਾਕ ਜ਼ਬਤ ਕੀਤਾ ਗਿਆ ਅਤੇ 5 ਨਮੂਨੇ ਲਏ ਗਏ ਹਨ , ਜੋ ਅਗਲੇਰੀ ਜਾਂਚ ਲਈ ਲੈਬ ਵਿੱਚ ਭੇਜੇ ਗਏ ਅਤੇ ਰਿਪੋਰਟ ਆਉਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਾਫ ਸੁਥਰਾ ਵਾਤਾਵਰਣ ਅਤੇ ਸਿਹਤਮੰਦ ਪਕਵਾਨ ਨੂੰ ਉਤਸ਼ਾਹਤ ਕਰਨ ਲਈ ਸਬ ਡਵੀਜ਼ਨ ਪੱਧਰ ’ਤੇ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਹਰ ਰੋਜ਼ ਆਪਣੇ ਖੇਤਰ ਵਿੱਚ ਖਾਣ ਪੀਣ ਦੀਆਂ ਦੁਕਾਨਾਂ, ਹੋਟਲ, ਰੈਸਟੋਰੈਂਟ, ਢਾਬੇ, ਡੇਅਰੀਆਂ, ਬੇਕਰੀਆਂ ਆਦਿ ਦੀ ਜਾਂਚ ਕਰਨਗੀਆਂ ਅਤੇ ਇਸ ਦੀ ਰੋਜ਼ਾਨਾ ਰਿਪੋਰਟ ਜ਼ਿਲ੍ਹਾ ਪੱਧਰ ਦੇ ਨੋਡਲ ਅਧਿਕਾਰੀ ਸਿਵਲ ਸਰਜਨ ਅੰਮ੍ਰਿਤਸਰ ਨੂੰ ਦੇਣਗੀਆਂ।
ਸਿਵਲ ਸਰਜਨ ਹਰ ਹਫਤੇ ਇਨ੍ਹਾਂ ਦੀਆਂ ਰਿਪੋਰਟਾਂ ਦੀ ਘੋਖ ਮਗਰੋਂ ਹਰੇਕ ਸਬ ਡਵੀਜਨ ਵਿੱਚ 3 ਤੋਂ 5 ਦੁਕਾਨਾਂ ਦੀ ਚੋਣ ਸਫਾਈ ਅਤੇ ਸਿਹਤਮੰਦ ਪਕਵਾਨ ਦੇ ਅਧਾਰ ’ਤੇ ਕਰਨਗੇ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੱਛ ਦੁਕਾਨ ਸਵੱਸਥ ਪਕਵਾਨ ਤਹਿਤ ਪ੍ਰਸੰਸਾ ਪੱਤਰ ਜਾਰੀ ਕਰਨਗੇ।
ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਨਾਲ ਬਾਕੀ ਦੁਕਾਨਦਾਰ ਵੀ ਸਾਫ ਸਫਾਈ ਅਤੇ ਸਿਹਤਮੰਦ ਪਕਵਾਨਾਂ ਲਈ ਉਤਸ਼ਾਹਤ ਹੋਣਗੇ। ਇਸ ਤੋਂ ਇਲਾਵਾ ਜਾਂਚ ਦੌਰਾਨ ਮਾੜੀ ਕਾਰਗੁਜ਼ਾਰੀ ਵਾਲੇ ਦੁਕਾਨਦਾਰਾਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਪ੍ਰੋਗਰਾਮ ਦੇ ਇਚਾਰਜ ਵਧੀਕ ਡਿਪਟੀ ਕਮਿਸ਼ਨ ਜਨਰਲ ਹੋਣਗੇ ਜਦ ਕਿ ਸਬ ਡਵੀਜ਼ਨ ਪੱਧਰ ’ਤੇ ਤਾਇਨਾਤ ਸੀਨੀਅਰ ਮੈਡੀਕਲ ਅਫਸਰ ਆਪਣੇ ਇਲਾਕੇ ਦੇ ਉਪ ਮੰਡਲ ਮੈਜਿਸਟਰੇਟ ਨਾਲ ਤਾਲਮੇਲ ਕਰਕੇ ਸਬ ਡਵੀਜ਼ਨ ਪੱਧਰ ਦੀ ਕਮੇਟੀ ਗਠਿਤ ਕਰਨਗੇ।