ਨਿਊਜ਼ੀਲੈਂਡ ’ਚ ਸਿੱਖ ਭਾਈਚਾਰੇ ਨੇ ਫੂਡ ਬੈਗ ਵੰਡੇ
ਜਸਪ੍ਰੀਤ ਸਿੰਘ ਰਾਜਪੁਰਾ
ਆਕਲੈਂਡ, 23 ਅਗਸਤ
ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ’ਚ ਲੌਕਡਾਊਨ ਦੇ ਲੈਵਲ-3 ਦੌਰਾਨ ਵੱਖ ਵੱਖ ਭਾਈਚਾਰਿਆਂ ਨਾਲ ਸਬੰਧਤ ਵਾਲੰਟੀਅਰਾਂ ਨੇ ਵਰ੍ਹਦੇ ਮੀਂਹ ’ਚ ਫੂਡ ਬੈਗ ਵੰਡ ਕੇ ਲੋਕਾਂ ਦੀ ਸੇਵਾ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਬੁਲਾਰੇ ਦਲਜੀਤ ਸਿੰਘ ਨੇ ਕਿਹਾ ਕਿ ਇਹ ਸੇਵਾ ਸਮੁੱਚੇ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਲੈਵਲ-3 ਤੇ ਲੈਵਲ-4 ਦੌਰਾਨ ਵੀ ਚੱਲਦੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਲਈ ਗੁਰੂਘਰ ਤੇ ਦਾਨੀ ਸੱਜਣ ਸਹਿਯੋਗ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਸਰਕਾਰ ਅਤੇ ਆਕਲੈਂਡ ਕੌਂਸਲ ਨੇ ਅਜਿਹੀ ਫੂਡ ਮੁਹਿੰਮ ਲਈ ਵਿੱਤੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਲੰਗਰ ਪ੍ਰਥਾ ਦੇ ਸਿਧਾਂਤ ਦਾ ਖਿਆਲ ਕਰਦਿਆਂ ਇਸ ਮੁਹਿੰਮ ਨੂੰ ਸਿਰਫ ਸੰਗਤ ਦੇ ਸਹਿਯੋਗ ਨਾਲ ਹੀ ਚਲਾਉਣ ਦਾ ਫ਼ੈਸਲਾ ਲਿਆ ਜਾ ਚੁੱਕਿਆ ਹੈ। ਬੁਲਾਰੇ ਨੇ ਦੱਸਿਆ ਕਿ ਇਸ ਵਾਰ ਲੌਕਡਾਊਨ ਲੱਗਣ ਨਾਲ ਪਹਿਲਾਂ ਨਾਲੋਂ ਫੂਡ ਦੀ ਮੰਗ ਵਧ ਗਈ ਤੇ ਪੁਲੀਸ ਤੇ ਹੋਰ ਸਰਕਾਰੀ ਅਦਾਰਿਆਂ ਵੱਲੋਂ ਵੀ ਲਗਾਤਾਰ ਫੋਨ ਆ ਰਹੇ ਹਨ।