ਭੋਜਨ ਅਤੇ ਮਨੁੱਖ ਦੀ ਸਿਹਤ
ਭੁੱਖਮਰੀ ਅਤੇ ਆਤਮ-ਨਿਰਭਰਤਾ, ਦੋਵੇਂ ਦੋ ਵਿਰੋਧੀ ਹਾਲਾਤ ਬਿਆਨ ਕਰਦੇ ਹਨ। ਸਮਝੋ, ਕੋਈ ਆਤਮ-ਨਿਰਭਰ ਹੋਵੇ ਤੇ ਨਾਲ ਹੀ ਭੁੱਖਮਰੀ ਦਾ ਸ਼ਿਕਾਰ ਵੀ ਹੋਵੇ। ਜਦੋਂ ਵੀ ਕੋਈ ਆਤਮ-ਨਿਰਭਰ ਹੁੰਦਾ ਹੈ ਤਾਂ ਉਹ ਆਪਣੀ ਪਹਿਲੀ ਅਤੇ ਮੁੱਖ ਲੋੜ ਭੁੱਖ ਵੱਲ ਧਿਆਨ ਦੇਵੇਗਾ। ਨਾਲੇ ਭੁੱਖਾ ਬੰਦਾ ਆਤਮ-ਨਿਰਭਰ ਕਿਵੇਂ ਹੋ ਸਕਦਾ ਹੈ?
ਦੂਸਰੇ ਪਾਸੇ, ਜਦੋਂ ਅਸੀਂ ਭੁੱਖਮਰੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਸ਼ਬਦਾਂ ਨੂੰ ਲੈ ਕੇ ਉਸ ਦੀ ਚੀਰ-ਫਾੜ ਕਰਦੇ ਹਾਂ। ਕਹਿਣ ਤੋਂ ਭਾਵ ਕਿ ਲੋਕ ਭੁੱਖੇ ਹਨ, ਢਿੱਡ ਭਰ ਕੇ ਰੋਟੀ ਨਹੀਂ ਖਾ ਰਹੇ ਜਾਂ ਕਹੀਏ, ਰਾਤ ਨੂੰ ਭੁੱਖੇ ਢਿੱਡ ਸੌਂਦੇ ਹਨ। ਦਰਅਸਲ ਭੁੱਖਮਰੀ ਤੋਂ ਇਹ ਭਾਵ ਨਹੀਂ ਹੈ। ਦੇਸ਼ ਵਿਚ ਜਦੋਂ ਭੁੱਖਮਰੀ ਬਾਰੇ ਅੰਕੜੇ ਆਉਂਦੇ ਹਨ ਤਾਂ ਸਰਕਾਰਾਂ ਅਤੇ ਉਨ੍ਹਾਂ ਦੇ ਸਮਰਥਕ ਇਸ ਨੂੰ ਮੰਨਣ ਤੋਂ ਇਨਕਾਰੀ ਹੁੰਦੇ ਹਨ; ਖ਼ਾਸ ਕਰ ਕੇ ਜਦੋਂ ਆਤਮ-ਨਿਰਭਰ ਭਾਰਤ ਦਾ ਸੰਕਲਪ ਲਿਆ ਹੋਵੇ ਤੇ ਦੇਸ਼ ਦੀ 80 ਕਰੋੜ ਤੋਂ ਵੱਧ ਜਨਤਾ ਨੂੰ ਹਰ ਮਹੀਨੇ ਖਾਣ ਲਈ ਰਾਸ਼ਨ ਦਾ ਇੰਤਜ਼ਾਮ ਵੀ ਹੋਵੇ। ਦਰਅਸਲ ਭੁੱਖਮਰੀ ਵਿਆਪਕ ਸਮੱਸਿਆ ਹੈ ਇਸ ਨੂੰ ਜਾਂਚਣ-ਪਰਖਣ ਲਈ ਵਿਗਿਆਨਕ ਮਾਪਦੰਡ ਹੈ ਜੋ ਵਿਸ਼ਵ ਸਿਹਤ ਸੰਸਥਾ ਵਰਗੀਆਂ ਸੰਸਥਾਵਾਂ ਦੇ ਮਾਪਦੰਡਾਂ ’ਤੇ ਆਧਾਰਿਤ ਹੁੰਦਾ ਹੈ।
ਇਸ ਮਸਲੇ ਦੇ ਅੰਕੜਿਆਂ ਮੁਤਾਬਿਕ 120 ਦੇਸ਼ਾਂ ਵਿਚੋਂ 112ਵੇਂ ਥਾਂ ’ਤੇ ਹੈ। ਇਹ ਰਿਪੋਰਟ ਦੇਖ-ਪੜ੍ਹ ਕੇ ਨਮੋਸ਼ੀ ਤਾਂ ਹੁੰਦੀ ਹੈ ਪਰ ਸੱਚ ਇਹੀ ਹੈ। ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਭੁੱਖਮਰੀ ਵਿਆਪਕ ਸਮੱਸਿਆ ਹੈ, ਇਸ ਦਾ ਪ੍ਰਭਾਵ ਵੀ ਕਾਫ਼ੀ ਫੈਲਿਆ ਹੈ ਅਤੇ ਇਹ ਬਹੁਪੱਖੀ ਵੀ ਹੈ। ਭੁੱਖਮਰੀ ਦਾ ਅੰਕੜਾ ਮਾਪਣ ਲਈ ਮਾਪਦੰਡ ਹੈ: ਕਿੰਨੇ ਲੋਕ ਲੋੜੀਂਦੀ ਖ਼ੁਰਾਕ ਤੋਂ ਘੱਟ ਖਾ ਰਹੇ ਹਨ ਜਿਵੇਂ ਨੌਜਵਾਨ ਨੂੰ ਰੋਜ਼ਾਨਾ 2400 ਕੈਲਰੀਜ਼ (ਊਰਜਾ ਇਕਾਈਆਂ) ਦੀ ਲੋੜ ਹੁੰਦੀ ਹੈ। ਉਸੇ ਤਰ੍ਹਾਂ ਬੱਚਿਆਂ ਅਤੇ ਔਰਤਾਂ ਤੇ ਵੱਖ ਵੱਖ ਕੰਮ-ਵਰਗ ਵਾਲਿਆਂ ਦੀ ਖ਼ੁਰਾਕੀ ਲੋੜ ਹੁੰਦੀ ਹੈ।
ਦੂਸਰਾ ਪਹਿਲੂ ਹੈ, ਖ਼ਾਸ ਕਰ ਕੇ ਬੱਚਿਆਂ ਵਿਚ ਆਪਣੀ ਉਮਰ ਮੁਤਾਬਕ ਕੱਦ ਦਾ ਛੋਟਾ ਹੋਣਾ ਜਾਂ ਭਾਰ ਘੱਟ ਹੋਣਾ; ਭਾਵ, ਉਹ ਸੁੱਕਾ ਹੈ ਤੇ ਨਾਲ ਗਿੱਠਾ ਵੀ। ਇਨ੍ਹਾਂ ਨਾਲ ਇਕ ਹੋਰ ਅੰਕੜਾ ਹੈ ਕਿ ਬੱਚਿਆਂ ਦੀ ਮੌਤ ਦਰ ਜਿਸ ਵਿਚੋਂ ਸਭ ਤੋਂ ਸੰਵੇਦਨਸ਼ੀਲ ਅੰਕੜਾ ਹੈ ਪੰਜ ਸਾਲ ਤੋਂ ਘੱਟ, ਖ਼ਾਸ ਕਰ ਕੇ ਇਕ ਤੋਂ ਪੰਜ ਸਾਲ ਦੇ ਬੱਚਿਆਂ ਦੀ ਮੌਤ ਦਰ। ਇਨ੍ਹਾਂ ਦਾ ਮੁੱਖ ਕਾਰਨ ਵੀ ਬੱਚੇ ਵਿਚ ਖੁਰਾਕ ਦੀ ਘਾਟ ਕਰ ਕੇ ਆਈ ਕਮਜ਼ੋਰੀ ਹੁੰਦਾ ਹੈ। ਇਹ ਸਾਰੇ ਪੱਖ ਵਿਚਾਰ ਕੇ ਫਿਰ
ਅੰਕੜਾ ਤਿਆਰ ਹੁੰਦਾ ਹੈ। ਫਿਰ ਵੱਖ ਵੱਖ ਦੇਸ਼ਾਂ, ਕੌਮਾਂ ਦੀ ਤੁਲਨਾ ਹੁੰਦੀ ਹੈ।
ਇਸੇ ਪ੍ਰਸੰਗ ’ਚ ਇਕ ਹੋਰ ਅੰਕੜਾ ਹੈ, ‘ਡੇਲੀ’ ( DALY- ਡਿਸਾਬਿਲਟੀ-ਅਡਜਸਟਡ ਲਾਈਫ ਈਅਰ) ਮਤਲਬ, ਬਿਮਾਰੀ ਕਾਰਨ ਸਾਡੀ ਜ਼ਿੰਦਗੀ ਦੇ ਦਿਨਾਂ ਦੇ ਪ੍ਰਭਾਵਿਤ ਹੋਣ ਦੀ ਸਥਿਤੀ ਕੀ ਹੈ? ਕਿਸੇ ਨੂੰ ਕੋਈ ਵੀ ਕਾਰਨ ਬਿਮਾਰ ਕਰਦਾ ਹੈ, ਕਿਸੇ ਨੂੰ ਹਵਾ, ਕਿਸੇ ਨੂੰ ਪ੍ਰਦੁਸ਼ਿਤ ਪਾਣੀ, ਕਿਸੇ ਨੂੰ ਮੱਖੀ-ਮੱਛਰ। ਜਿਵੇਂ ਕਹਿ ਸਕਦੇ ਹਾਂ- ਮਲੇਰੀਆ, ਡੇਂਗੂ, ਚਿਕਨਗੁਨੀਆਂ, ਨਿਮੋਨੀਆ, ਜ਼ੁਕਾਮ, ਖਾਂਸੀ, ਦਮਾ ਜਾਂ ਹੋਰ ਕੋਈ ਰੋਗ। ਇਸ ਤਰ੍ਹਾਂ ਤਕਰੀਬਨ ਹਰ ਬਿਮਾਰੀ ਵਿਚ ਕੁਝ ਦਿਨ ਬਰਬਾਦ ਜਾਂ ਸਿਹਤਮੰਦ ਜ਼ਿੰਦਗੀ ਜਿਊਣ ਦੇ ਦਿਨ ਪ੍ਰਭਾਵਿਤ ਹੁੰਦੇ ਹਨ।
ਦੇਖਣ ਵਿਚ ਆਇਆ ਹੈ ਕਿ ਸਭ ਤੋਂ ਵਧ ਦਿਨ ਕੁਪੋਸ਼ਣ ਨਾਲ ਬਰਬਾਦ ਹੁੰਦੇ ਹਨ, ਮਤਲਬ ਖ਼ੁਰਾਕ ਦੀ ਘਾਟ ਨਾਲ। ਸਮਝਣ ਦੀ ਲੋੜ ਹੈ ਕਿ ਖ਼ੁਰਾਕ ਦੀ ਘਾਟ ਦਾ ਸਰੀਰ ਦੀ ਊਰਜਾ ਕਾਰਨ, ਕੰਮ ਕਰਨ ਦੀ ਸਮਰੱਥਾ ਨਾਲ ਜੋ ਸਬੰਧ ਹੈ, ਉਸ ਤੋਂ ਵੀ ਵੱਧ ਸਰੀਰ ਦੀ ਸੁੱਰਖਿਆ ਪ੍ਰਣਾਲੀ (ਇਮਿਊਨ ਸਿਸਟਮ) ਨਾਲ ਹੈ। ਇਨ੍ਹਾਂ ਬਿਮਾਰੀਆਂ ਵਿਚ ਸਭ ਤੋਂ ਪ੍ਰਮੁੱਖ ਟੀਬੀ ਜਿਸ ਨੂੰ ਸਮਾਜਿਕ ਬਿਮਾਰੀ ਵੀ ਕਿਹਾ ਗਿਆ ਹੈ। ਇਹ ਭਾਵੇਂ ਟੀਬੀ ਦੇ ਜ਼ਰਮ ਨਾਲ ਹੁੰਦੀ ਹੈ ਪਰ ਉਹ ਜ਼ਰਮ ਉਸ ਬੰਦੇ ’ਤੇ ਹਮਲਾ ਕਰਦੇ ਹਨ ਜਿਸ ਨੂੰ ਕੁਪੋਸ਼ਣ ਹੁੰਦਾ ਹੈ। ਇਉਂ ਘੱਟ ਕੱਦ, ਘੱਟ ਭਾਰ (ਉਮਰ ਮੁਤਾਬਕ), ਖੂਨ ਦੀ ਕਮੀ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਅਤੇ ਔਸਤਨ ਲੋੜੀਂਦੀ ਖੁਰਾਕ ਨਾ ਮਿਲਣੀ ਆਦਿ ਸਾਰੇ ਮਿਲ ਕੇ ਭੁੱਖਮਰੀ ਦੀ ਹਾਲਤ ਪੈਦਾ ਕਰਦੇ ਹਨ।
ਅਸੀਂ ਜਦੋਂ ਪੰਜ ਕਿਲੋ ਪ੍ਰਤੀ ਪਰਿਵਾਰ ਲਈ ਅਨਾਜ ਦੀ ਗੱਲ ਕਰਦੇ ਹਾਂ, ਭਾਵ ਭਾਵੇਂ ਉਹ ਪਹਿਲੀਆਂ ਸਰਕਾਰਾਂ ਵਲੋਂ ਵੀ ਖੁਰਾਕ ਦੇ ਅਧਿਕਾਰ ਤਹਿਤ ਤੈਅ ਕੀਤਾ ਗਿਆ ਪਰ ਅਸਲ ਵਿਚ ਜੇ ਸਮਝਿਆ ਜਾਵੇ ਤਾਂ ਇਕ ਨੌਜਵਾਨ ਨੂੰ ਔਸਤ 14-15 ਕਿਲੋ ਪ੍ਰਤੀ ਮਹੀਨਾ (ਅੱਧਾ ਕਿਲੋ ਰੋਜ਼ਾਨਾ) ਅਨਾਜ ਦੀ ਲੋੜ ਹੈ ਜੋ ਖ਼ੁਰਾਕ ਸੁੱਰਖਿਆ ਅਧਿਕਾਰ ਤਹਿਤ ਹੈ। ਹੁਣ 5 ਸਾਲਾਂ ਲਈ 80 ਕਰੋੜ ਲੋਕਾਂ ਨੂੰ ਅਨਾਜ, ਉਹੀ ਪੰਜ ਕਿਲੋ ਵਾਲਾ ਅਨਾਜ ਹੀ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਹੁਣ ਬਾਕੀ ਦੇ ਸੱਤ ਕਿਲੋ ਅਨਾਜ ਦੀ ਵਿਵਸਥਾ ਕਿੱਥੋਂ ਹੋਵੇਗੀ? ਆਤਮ-ਨਿਰਭਰ ਹੋਵੇ ਤਾਂ ਉਹ ਆਪਣੀ ਭੁੱਖ ਦੀ ਲੋੜ ਅਨੁਸਾਰ ਖਰੀਦ ਸਕੇ। ਅਸੀਂ ਉਸ ਰਾਹ ਨਹੀਂ ਨਹੀਂ ਪਏ।
ਚੀਨੀ ਕਹਾਵਤ ਹੈ: ਭੁੱਖੇ ਨੂੰ ਮੱਛੀ ਨਾ ਦੇਵੋ, ਉਸ ਨੂੰ ਮੱਛੀ ਫੜਨ ਦਾ ਹੁਨਰ ਸਿਖਾਓ। ਇਸੇ ਕਰ ਕੇ ਆਵਾਜ਼ਾਂ ਉੱਭਰਦੀਆਂ ਹਨ- ਲੋਕਾਂ ਨੂੰ ਰੁਜ਼ਗਾਰ ਦਿਉ, ਉਨ੍ਹਾਂ ਦੇ ਹੱਥਾਂ ਨੂੰ ਕੰਮ ਦੇਵੋ ਤਾਂ ਕਿ ਉਹ ਆਪਣਾ ਢਿੱਡ ਭਰਨ ਦੇ ਕਾਬਿਲ ਹੋ ਸਕਣ। ਆਤਮ-ਨਿਰਭਰ ਹੋਣ ਦਾ ਇਹੀ ਸੰਕਲਪ ਹੈ। ਵੱਡੇ ਪ੍ਰਸੰਗ ਵਿਚ ਆਤਮ-ਨਿਰਭਰ ਉਹੀ ਹੈ ਜੋ ਆਪਣੇ ਸਰੀਰ ਦੀਆਂ ਮੂਲ ਲੋੜਾਂ (ਸਾਧਾਰਨ ਭਾਸ਼ਾ ਵਿਚ ਰੋਟੀ, ਕੱਪੜਾ, ਮਕਾਨ; ਜਿਸ ਨੂੰ ਵਧਾ ਕੇ ਹੁਣ ਸਿੱਖਿਆ ਤੇ ਸਿਹਤ ਨਾਲ ਜੋੜ ਕੇ ਘੇਰਾ ਵਧਾ ਦਿੱਤਾ ਹੈ) ਪੂਰੀਆਂ ਕਰ ਸਕਦਾ ਹੈ। ਹੁਣ ਸਿੱਖਿਆ ਅਤੇ ਸਿਹਤ ਵੀ ਵੱਸੋਂ ਬਾਹਰ ਹੋ ਰਹੇ ਹਨ। ਇਨ੍ਹਾਂ ਦੋਹਾਂ ਨੂੰ ਅਰਥ ਸ਼ਾਸਤਰੀ ਮਨੁੱਖੀ ਵਿਕਾਸ ਨਾਲ ਜੋੜ ਕੇ ਦੇਖਦੇ ਹਨ। ਦੇਸ਼ ਵਿਚ ਵੀ ਵੱਖਰਾ, ਮਨੁੱਖੀ ਵਸੀਲੇ ਵਿਕਾਸ ਮੰਤਰਾਲਾ, ਹੈ ਜਿਸ ਤਹਿਤ ਹਰ ਤਰ੍ਹਾਂ ਦੀ ਸਿੱਖਿਆ ਆਉਂਦੀ ਹੈ ਜੋ ਹੁਨਰਮੰਦ ਪੈਦਾ ਕਰਦੀ ਹੈ। ਹੁਨਰਮੰਦ ਅਤੇ ਸਿਹਤਮੰਦ ਸ਼ਖ਼ਸ ਦੇਸ਼ ਲਈ ਵਧੀਆ ਸਰਮਾਇਆ ਹੁੰਦਾ ਹੈ ਜੋ ਦੇਸ਼ ਦੀ ਪੈਦਾਵਾਰ ਵਿਚ ਵਾਧਾ ਕਰਦਾ ਹੈ। ਇਸ ਨੂੰ ਭੁੱਖਮਰੀ ਨਾਲ ਜੋੜੀਏ ਤਾਂ ਮਨੁੱਖੀ ਵਿਕਾਸ ਮੁਲਕਾਂ ਵਿਚੋਂ ਸਾਡਾ ਮੁਲਕ 191 ਦੇਸ਼ਾਂ ਵਿਚੋਂ 132ਵੇਂ ਨੰਬਰ ’ਤੇ ਹੈ।
ਹੁਣ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਵਿਕਾਸ ਦਾ ਮਾਡਲ ਤੇ ਮਨੁੱਖੀ ਸਿਹਤ, ਮਨੁੱਖੀ ਸਿਹਤ ਲਈ ਖ਼ੁਰਾਕ ਅਤੇ ਉਸ ਦੇ ਲਈ ਸਹੀ ਅਰਥਾਂ ਵਿਚ ਆਤਮ-ਨਿਰਭਰ ਹੋਣਾ ਕਿੰਨਾ ਜ਼ਰੂਰੀ ਹੈ। ਆਤਮ-ਨਿਰਭਰ ਹੋਣਾ ਅਤੇ ਖ਼ੁਦਮੁਖ਼ਤਾਰੀ ਦਾ ਵੀ ਆਪਣਾ ਰਿਸ਼ਤਾ ਹੈ। ਖ਼ੁਦਮੁਖ਼ਤਾਰ ਸ਼ਖ਼ਸ ਆਪਣੇ ਫ਼ੈਸਲੇ ਆਪ ਕਰਦਾ ਹੈ। ਉਸ ਨੂੰ ਕਿਸੇ ਦਾ ਮੂੰਹ ਨਹੀਂ ਤੱਕਣਾ ਪੈਂਦਾ। ਉਸ ਨੂੰ ਪੰਜ ਕਿਲੋ ਅਨਾਜ ਦੀ ਉਡੀਕ ਨਹੀਂ ਕਰਨੀ ਪੈਂਦੀ ਤੇ ਇਹ ਨਹੀਂ ਦੇਖਣਾ ਪੈਂਦਾ ਕਿ ਉਹ ਪੰਜ ਕਿਲੋ ਚੌਲ ਹੈ ਜਾਂ ਕਣਕ ਹੈ, ਜਦੋਂਕਿ ਉਸ ਦੇ ਖਾਣ ਲਈ ਲੋੜ ਕੁਝ ਹੋਰ ਹੈ।
ਆਤਮ-ਨਿਰਭਰਤਾ ਅਤੇ ਖ਼ੁਦਮੁਖ਼ਤਾਰੀ ਦਾ ਮਸਲਾ ਸਿੱਖਿਆ ਨਾਲ ਜੁੜਿਆ ਹੈ। ਸਿੱਖਿਆ ਸਕੂਲੀ ਹੀ ਨਹੀਂ, ਜੀਵਨ ਵਿਚ ਉਸ ਦਾ ਆਪਣਾ ਮਹੱਤਵ ਹੈ। ਕੀ ਖਾਧਾ ਜਾਵੇ? ਕਿੰਨਾ ਖਾਧਾ ਜਾਵੇ? ਸਿਹਤਮੰਦ ਖਾਣਾ ਕੀ ਹੈ? ਜਿਵੇਂ ਇਕ ਪਾਸੇ ਸੋਕਾ ਹੈ, ਦੂਸਰੇ ਪਾਸੇ ਮੋਟਾਪਾ ਵੀ ਹੈ। ਸਮਝੀਏ ਕਿ ਇਹ ਦੋਵੇਂ ਹੀ ਕੁਪੋਸ਼ਣ ਵਰਗ ਵਿਚ ਆਉਂਦੇ ਹਨ। ਦੋਵੇਂ ਹੀ ਬਿਮਾਰ ਹਨ ਤੇ ਸਿਹਤ ਲਈ ਸਹੀ ਰਾਇ ਦੀ ਤਲਾਸ਼ ਵਿਚ ਹਨ। ਇਸ ਤੋਂ ਵੱਡੀ ਗੱਲ: ਇਕ ਦੀ ਵਾਧੂ ਤੇ ਗ਼ਲਤ ਖ਼ੁਰਾਕ ਦਰਅਸਲ ਲੋੜਵੰਦ ਬੰਦੇ/ਬੱਚੇ ਦੀ ਖ਼ੁਰਾਕ ਦੀ ਭਰਪਾਈ ਵੀ ਕਰ ਸਕਦੀ ਹੈ; ਦੋਵਾਂ ਨੂੰ ਬੁਰੀਆਂ/ਬਿਮਾਰ ਹਾਲਤਾਂ ਤੋਂ ਬਚਾ ਸਕਦੀ ਹੈ। ਇਸ ਵਿਚ ਖ਼ੁਰਾਕ-ਸਿੱਖਿਆ ਦੀ ਅਹਿਮੀਅਤ ਹੈ ਜੋ ਵੱਡੇ ਪੱਧਰ ’ਤੇ ਹੀ ਸਾਡੇ ਲੋਕਾਂ ਵਿਚ ਘੱਟ ਹੈ ਅਤੇ ਲਗਾਤਾਰ ਘਟ ਰਹੀ ਹੈ ਸਗੋਂ ਵਿਗੜ ਰਹੀ ਹੈ।
ਆਤਮ-ਨਿਰਭਰ ਹੋਣ ਅਤੇ ਭੁੱਖਮਰੀ ਦਾ ਇੱਕ ਸੂਖਮ ਸਬੰਧ ਵੀ ਹੈ। ਆਤਮ-ਨਿਰਭਰ ਹੋਣ ਲਈ ਸਿੱਖਿਅਤ ਹੋਣਾ ਜ਼ਰੂਰੀ ਹੈ। ਹੁਨਰ ਵੱਖਰੀ ਗੱਲ ਹੈ। ਸਾਡੇ ਵਡੇਰੇ ਬਿਨਾਂ ਵਿਧੀਵਤ ਸਿੱਖਿਆ ਦੇ ਕੰਮ ਕਰਦੇ ਰਹੇ ਹਨ। ਉਨ੍ਹਾਂ ਨੂੰ ਕੰਮ ਕਰ ਕੇ ਮੁਹਾਰਤ ਹਾਸਿਲ ਸੀ ਤੇ ਪਰਿਵਾਰਕ ਸਿਖਲਾਈ ਵੀ ਪਰ ਹੁਣ ਵਿਧੀਵਤ ਡਿਗਰੀਨੁਮਾ ਕੋਰਸ ਅਤੇ ਪੜ੍ਹਾਈ ਨਾਲ ਜੁੜਿਆ ਰੁਜ਼ਗਾਰ ਹੈ ਅਤੇ ਉਸ ਦਾ ਪੜ੍ਹਾਈ ਨਾਲ ਸਬੰਧ ਹੈ। ਕਾਲਜਾਂ ਦੇ ਦਾਖ਼ਲੇ ਅਤੇ ਦਾਖ਼ਲੇ ਤੋਂ ਬਾਅਦ ਚੰਗੇ ਨੰਬਰਾਂ ’ਤੇ ਆਧਾਰਿਤ ਕਿੱਤੇ ਲਈ ਚੋਣ ਦਾ ਸਵਾਲ ਵੀ ਹੈ।
ਇਹ ਵੀ ਸਮਝਣਾ ਪਵੇਗਾ ਕਿ ਸਿਆਣਪ ਅਤੇ ਮੁਹਾਰਤ ਆਪਸ ਵਿਚ ਬਦਲ ਨਹੀਂ ਹਨ ਪਰ ਹਾਂ, ਸਿਆਣਪ ਦੇ ਆਪਣੇ ਵੱਖਰੇ ਫ਼ਾਇਦੇ ਹਨ। ਉਂਝ, ਦਿਮਾਗ ਦੇ ਵਿਕਾਸ ਦਾ, ਮੁਹਾਰਤ ਦਾ ਅਤੇ ਚੰਗੀ ਖ਼ੁਰਾਕ ਦਾ ਆਪਸੀ ਸਬੰਧ ਹੈ। ਸਹੀ ਦਿਮਾਗ ਲਈ, ਦਿਮਾਗ ਦੀ ਕਾਰਗੁਜ਼ਾਰੀ ਲਈ ਖ਼ੁਰਾਕੀ ਪਦਾਰਥਾਂ, ਵਿਟਾਮਿਨ ਅਤੇ ਖਣਿਜ ਦੀ ਗੱਲ ਹੁੰਦੀ ਹੈ ਤਾਂ ਉੱਥੇ ਖ਼ੁਰਾਕ ਵਰਗ ਵਿਚ ਫ਼ਲ ਅਤੇ ਸਬਜ਼ੀਆਂ ਦੀ ਗੱਲ ਆਉਂਦੀ ਹੈ ਪਰ ਜਦੋਂ ਸਰਕਾਰ ਖ਼ੁਰਾਕ ਸੁਰੱਖਿਆ ਦੀ ਗਾਰੰਟੀ ਦੇਵੇ ਜਾਂ ਹੁਣ ਪ੍ਰਧਾਨ ਮੰਤਰੀ ਦੀ ਯੋਜਨਾ ਤਹਿਤ ਹਰ ਸ਼ਖ਼ਸ ਨੂੰ ਪੰਜ ਕਿਲੋ ਅਨਾਜ ਦੀ ਗੱਲ ਹੁੰਦੀ ਹੈ, ਉਹ ਕਣਕ-ਚੌਲ ਤੋਂ ਅੱਗੇ ਨਹੀਂ ਕਰਦੇ। ਇਸ ਵਿਚ ਵਿਟਾਮਿਨ, ਖਣਿਜ ਆਦਿ, ਕਹਿਣ ਤੋਂ ਭਾਵ ਉਹ ਸੂਖ਼ਮ ਖੁਰਾਕੀ ਤੱਤਾਂ ਆਦਿ ਵਾਲੀ ਖੁਰਾਕ ਸ਼ਾਮਿਲ ਨਹੀਂ ਹੁੰਦੀ। ਇਉਂ ਢਿੱਡ ਭਰਨ ਵਾਲੀ ਗੱਲ ਹੈ, ਸਹੀ ਅਰਥਾਂ ਵਿਚ ਕਹੀਏ ਤਾਂ ਉਹ ਵੀ ਕਾਫ਼ੀ ਨਹੀਂ ਹੈ।
ਜੇ ਅਸੀਂ ਮਨੁੱਖ ਨੂੰ ਸਰਮਾਇਆ ਅਤੇ ਸਮਾਜ ਵਿਕਾਸ ਦਾ ਸੂਚਕ ਮੰਨਦੇ ਹਾਂ, ਇਸ ਨੂੰ ਸੋਝੀ ਵਾਲਾ ਕਹਿੰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਉਸ ਨੂੰ ਸਾਰੇ ਖੁਰਾਕੀ ਤੱਤਾਂ ਦੀ ਲੋੜ ਹੈ। ਸੰਪੂਰਨ ਵਿਕਾਸ ਲਈ ਇਹ ਸਭ ਚਾਹੀਦਾ ਹੈ। ਉਹ ਸਭ ਤਾਂ ਹੀ ਹਾਸਲ ਹੋ ਸਕਦਾ ਹੈ ਜੇ ਉਹ ਆਪ ਸਿਆਣਾ ਹੋਵੇ, ਸਿੱਖਿਅਤ ਹੋਵੇ, ਫ਼ੈਸਲੇ ਕਰਨ ਲਈ ਆਤਮ-ਨਿਰਭਰ ਹੋਵੇ।
ਸੰਪਰਕ: 98158-08506