ਫੋਕਲੋਰ ਰਿਸਰਚ ਅਕੈਡਮੀ ਅਤੇ ਬੁੱਧੀਜੀਵੀਆਂ ਵੱਲੋਂ ਯਾਦਗਾਰ ਮੁੜ ਬਣਾਉਣ ਦੀ ਮੰਗ
ਆਤਿਸ਼ ਗੁਪਤਾ
ਚੰਡੀਗੜ੍ਹ, 21 ਅਗਸਤ
ਫੋਕਲੋਰ ਰਿਸਰਚ ਅਕੈਡਮੀ ਚੰਡੀਗੜ੍ਹ ਨੇ ਵੰਡ ਵੇਲੇ ਭਾਰਤ ਤੇ ਪਾਕਿਸਤਾਨ ਦੋਵੇਂ ਪਾਸੇ ਮਾਰੇ ਗਏ ਲਗਪਗ 10 ਲੱਖ ਪੰਜਾਬੀਆਂ ਦੀ ਯਾਦ ਵਿੱਚ ਅਟਾਰੀ ਸਰਹੱਦ ’ਤੇ ਬਣਾਈ ਗਈ ਯਾਦਗਾਰ ਨੂੰ ਚੁੱਪ-ਚੁਪੀਤੇ ਹਟਾਉਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਸ ਦੇ ਵਿਰੋਧ ਵਿੱਚ ਚੰਡੀਗੜ੍ਹ ’ਚ ਇਕੱਠੇ ਹੋਏ ਫੋਕਲੋਰ ਰਿਸਰਚ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਤਾਰਾ ਸਿੰਘ ਸੰਧੂ, ਜਨਰਲ ਸਕੱਤਰ ਪ੍ਰੋ. ਈਸ਼ਵਰ ਦਿਆਲ ਗੌੜ, ਪ੍ਰੋ. ਮਨਜੀਤ ਸਿੰਘ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ, ਅਜੈ ਪਾਲ ਸਿੰਘ ਬਰਾੜ ਅਤੇ ਹੋਰਨਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਯਾਦਗਾਰ ਨੂੰ ਮੁੜ ਬਣਾ ਕੇ ਦੇਵੇ, ਨਹੀਂ ਤਾਂ ਪੰਜਾਬੀ ਇਕੱਠੇ ਹੋ ਕੇ ਨਵੇਂ ਸਿਰੇ ਤੋਂ ਖ਼ੁਦ ਯਾਦਗਾਰ ਬਣਾਉਣਗੇ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਅਟਾਰੀ ਸਰਹੱਦ ਤੋਂ ਇਸ ਯਾਦਗਾਰ ਨੂੰ ਹਟਾਉਣ ਪਿੱਛੇ ਕੁਝ ਰਾਸ਼ਟਰਵਾਦੀ ਲੋਕਾਂ ਦਾ ਹੱਥ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬੁੱਧੀਜੀਵੀ ਇਸ ਮਾਮਲੇ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ 28 ਅਗਸਤ ਨੂੰ ਪੰਜਾਬ ਵਿਧਾਨ ਸਭਾ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।