ਪੰਜਾਬ ਕਲਾ ਭਵਨ ’ਚ ਕਹਾਣੀ ਸੰਗ੍ਰਹਿ ‘ਛੱਜੂ ਖੁਰੀਆਂ ਵਾਲਾ’ ਲੋਕ ਅਰਪਣ
ਹਰਦੇਵ ਚੌਹਾਨ
ਚੰਡੀਗੜ੍ਹ, 19 ਨਵੰਬਰ
ਸਾਹਿਤ ਵਿਗਿਆਨ ਕੇਂਦਰ ਦੀ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿੱਚ ਹੋਈ। ਇਸ ਦੌਰਾਨ ਡਾ. ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਸਰਬਜੀਤ ਕੌਰ ਸੋਹਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਡਾ. ਲਾਭ ਸਿੰਘ ਖੀਵਾ ਨੇ ਕੀਤੀ। ਪ੍ਰਧਾਨਗੀ ਮੰਡਲ ਨੇ ਡਾ. ਮਨਜੀਤ ਸਿੰਘ ਮਝੈਲ ਦੀ ਪੁਸਤਕ ‘ਛੱਜੂ ਖੁਰੀਆਂ ਵਾਲਾ’ ਲੋਕ ਅਰਪਣ ਕੀਤੀ। ਪੁਸਤਕ ਬਾਰੇ ਪਰਚਾ ਪੜ੍ਹਦਿਆਂ ਮਨਜੀਤ ਕੌਰ ਮੁਹਾਲੀ ਨੇ ਕਹਾਣੀਆਂ ਨੂੰ ਸੰਵੇਦਨਾ ਭਰਪੂਰ ਅਤੇ ਸਧਾਰਨ ਵਰਗ ਦੇ ਲੋਕਾਂ ਵੱਲੋਂ ਜ਼ਿੰਦਗੀ ਵਿੱਚ ਕੀਤੀ ਜਾਂਦੀ ਜੱਦੋ-ਜਹਿਦ ਦਾ ਹਕੀਕੀ ਬਿਆਨ ਦੱਸਿਆ। ਦਵਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਕਹਾਣੀਆਂ ਸੱਚਾਈ ਨੇੜੇ ਹਨ ਅਤੇ ਹਰੇਕ ਪਾਠਕ ਨੂੰ ਮੋਂਹਦੀਆਂ ਹਨ। ਵਿਚਾਰ ਚਰਚਾ ਵਿੱਚ ਡਾ. ਅਵਤਾਰ ਸਿੰਘ ਪਤੰਗ, ਡਾ. ਸੁਰਿੰਦਰ ਗਿੱਲ, ਬਲਕਾਰ ਸਿੱਧੂ ਅਤੇ ਸਿਰੀ ਰਾਮ ਅਰਸ਼ ਨੇ ਭਾਗ ਲਿਆ। ਲੇਖਕ ਮਝੈਲ ਨੇ ਦੱਸਿਆ ਕਿ ਉਸ ਨੇ ਇਹ ਪਾਤਰ ਅਤੇ ਕਹਾਣੀਆਂ ਦੇ ਵਿਸ਼ੇ ਛੋਟੀ ਉਮਰੇ ਦੇਖੇ, ਵਾਚੇ ਹਨ। ਇਹ ਪਾਤਰ ਕਿਰਤੀ ਅਤੇ ਮੱਧ ਵਰਗੀ ਲੋਕ ਹਨ ਜੋ ਕਿ ਮਨੁੱਖਤਾ ਨੂੰ ਪਿਆਰ ਕਰਦੇ ਹਨ।
ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਕਹਾਣੀਆਂ ਹਰੇਕ ਪਾਠਕ ਨੂੰ ਨਾਲ ਤੋਰ ਲੈਂਦੀਆਂ ਹਨ ਅਤੇ ਪਾਤਰਾਂ ਦਾ ਚਿਤਰਨ ਬੜੀ ਖੂਬਸੂਰਤੀ ਨਾਲ ਕੀਤਾ ਗਿਆ ਹੈ। ਡਾ. ਖੀਵਾ ਨੇ ਕਿਹਾ ਕਿ ਕਹਾਣੀਆਂ ਹਰੇਕ ਤਕਨੀਕੀ ਪੱਖ ਤੋਂ ਸਫਲ ਹਨ। ਡਾ. ਮਝੈਲ ਕਵੀ ਨਾਲੋਂ ਕਹਾਣੀਕਾਰ ਵੱਧ ਸਫਲ ਹੈ। ਬਲਵਿੰਦਰ ਸਿੰਘ ਢਿੱਲੋਂ ਨੇ ਡਾ. ਮਝੈਲ ਦੀ ਪਹਿਲੀ ਕਿਤਾਬ ਵਿੱਚੋਂ ਇਕ ਗੀਤ ਸੁਣਾਇਆ। ਕੇਂਦਰ ਦੇ ਸਰਪ੍ਰਸਤ ਡਾ. ਅਵਤਾਰ ਸਿੰਘ ਪਤੰਗ ਤੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਪਰਮ, ਪ੍ਰੀਤਮ ਸਿੰਘ ਰੁਪਾਲ, ਡਾ. ਗੁਰਦੇਵ ਸਿੰਘ ਗਿੱਲ ਆਦਿ ਹਾਜ਼ਰ ਸਨ।