ਕਾਵਿ ਸੰਗ੍ਰਹਿ ‘ਬੰਦ ਦਰਵਾਜ਼ੇ ਦੀ ਝਾਤ’ ਤੇ ‘ਚਾਨਣ ਦੀ ਚੋਗ’ ਲੋਕ ਅਰਪਣ
ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 1 ਅਕਤੂਬਰ
ਮਾਲਵਾ ਲਿਖਾਰੀ ਸਭਾ ਵੱਲੋਂ ਨਵ-ਉਸਾਰਿਤ ਲੇਖਕ ਭਵਨ ਵਿੱਚ ਪਲੇਠਾ ਸਾਹਿਤਕ ਸਮਾਗਮ ਉੱਘੇ ਕਵੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਮਾਗਮ ਦੌਰਾਨ ਉੱਭਰਦੇ ਕਵੀ ਪਵਨ ਕੁਮਾਰ ਹੋਸ਼ੀ ਦਾ ਪਲੇਠਾ ਕਾਵਿ-ਸੰਗ੍ਰਹਿ ‘ਬੰਦ ਦਰਵਾਜ਼ੇ ਦੀ ਝਾਤ’ ਅਤੇ ਸੁਰਜੀਤ ਦੇਵਲ ਦਾ ਬਾਲ ਕਾਵਿ-ਸੰਗ੍ਰਹਿ ‘ਚਾਨਣ ਦੀ ਚੋਗ’ ਲੋਕ ਅਰਪਣ ਕੀਤਾ ਗਿਆ।
ਕਰਮ ਸਿੰਘ ਜ਼ਖਮੀ ਪ੍ਰਧਾਨ ਮਾਲਵਾ ਲਿਖਾਰੀ, ਮੂਲ ਚੰਦ ਸ਼ਰਮਾ ਅਤੇ ਜਗਜੀਤ ਸਿੰਘ ਲੱਡਾ ਨੇ ਲੋਕ ਅਰਪਣ ਕੀਤੀਆਂ ਪੁਸਤਕਾਂ ਬਾਰੇ ਆਪਣੇ ਵਿਚਾਰ ਰੱਖੇ। ਕਵੀ ਹੋਸ਼ੀ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਬਾਰੇ ਦੱਸਿਆ। ਸ੍ਰੀ ਬੁੱਟਰ ਨੇ ਕਿਹਾ ਕਿ ਲੇਖਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਲੇਖਕ ਭਵਨ ਦੀ ਉਸਾਰੀ ਕਰਨ ਲਈ ਮਾਲਵਾ ਲਿਖਾਰੀ ਸਭਾ ਸੰਗਰੂਰ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਮਾਗਮ ਦੇ ਸ਼ੁਰੂ ਵਿਚ ਸੁਰਜੀਤ ਸਿੰਘ ਮੌਜੀ ਦੀ ਪਤਨੀ ਸੁਖਵਿੰਦਰ ਕੌਰ ਅਤੇ ਸ਼ਿਵ ਕੁਮਾਰ ਅੰਬਾਲਵੀ ਦੀ ਪਤਨੀ ਭਾਵਨਾ ਸ਼ਰਮਾ ਦੇ ਅਕਾਲ ਚਲਾਣੇ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਜੰਗੀਰ ਸਿੰਘ ਰਤਨ, ਮੂਲ ਚੰਦ ਸ਼ਰਮਾ, ਅਮਰ ਗਰਗ ਕਲਮਦਾਨ, ਮਨੀਸ਼ਾ ਰਾਣੀ, ਗੁਰਵੀਰ ਅਤਫ਼, ਗਗਨਦੀਪ ਕੌਰ ਸੱਪਲ, ਰਾਜ ਰਾਣੀ ਤੇ ਨੂਰਪ੍ਰੀਤ ਕੌਰ ਆਦਿ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਡਾ. ਮੀਤ ਖਟੜਾ, ਰਣਜੀਤ ਸਿੰਘ ਧੂਰੀ, ਸਾਧੂ ਸਿੰਘ, ਪਵਨ ਕੁਮਾਰ ਹੋਸ਼ੀ ਅਤੇ ਕਰਮ ਸਿੰਘ ਜ਼ਖ਼ਮੀ ਆਦਿ ਸ਼ਾਮਲ ਸਨ।