For the best experience, open
https://m.punjabitribuneonline.com
on your mobile browser.
Advertisement

ਇੱਕ ਮੰਚ ’ਤੇ ਵੱਖ ਵੱਖ ਦੇਸ਼ਾਂ ਦੇ ਲੋਕ ਨਾਚਾਂ ਦੀ ਧੂਮ

08:47 AM Oct 30, 2024 IST
ਇੱਕ ਮੰਚ ’ਤੇ ਵੱਖ ਵੱਖ ਦੇਸ਼ਾਂ ਦੇ ਲੋਕ ਨਾਚਾਂ ਦੀ ਧੂਮ
ਸਮਾਗਮ ਵਿੱਚ ਸ਼ਾਮਲ ਹੋਈਆਂ ਸਾਰੀਆਂ ਟੀਮਾਂ ਪ੍ਰਬੰਧਕਾਂ ਨਾਲ
Advertisement

ਸੁਰਿੰਦਰ ਮਾਵੀ
ਵਿਨੀਪੈੱਗ:

Advertisement

ਪਿਛਲੇ ਦਿਨੀਂ ਵਿਨੀਪੈੱਗ ਦੇ ਸੈਵਨ ਓਕਸ ਪਰਫਾਰਮਿੰਗ ਆਰਟਸ ਸੈਂਟਰ ਵਿੱਚ ‘ਫੋਕ ਐਂਡ ਫਿਊਜ਼ਨ’ ਨਾਮੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ 12 ਦੇਸ਼ਾਂ ਦੀਆਂ 15 ਟੀਮਾਂ ਦੇ 134 ਕਲਾਕਾਰਾਂ ਨੇ ਭਾਗ ਲਿਆ। ਅੰਮ੍ਰਿਤ ਕੰਗ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਨੀਪੈੱਗ ਵਿੱਚ ਆਪਣੀ ਕਿਸਮ ਦਾ ਇਹ ਪਹਿਲਾ ਕਲਚਰ ਐਕਸਚੇਂਜ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸੱਭਿਆਚਾਰਾਂ ਨਾਲ ਸਬੰਧਿਤ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਇਨ੍ਹਾਂ ਲੋਕ ਨਾਚਾਂ ਵਿੱਚ ਫਿਲੀਪੀਨਜ਼, ਪੁਰਤਗਾਲ, ਅਫ਼ਗਾਨਿਸਤਾਨ, ਰਵਾਂਡਾ, ਚੀਨ, ਈਰਾਨ, ਪੋਲੈਂਡ, ਇਥੋਪੀਆ, ਸਰਬੀਆ, ਯੂਕਰੇਨ ਅਤੇ ਭਾਰਤ ਦੀਆਂ ਟੀਮਾਂ ਵੱਲੋਂ ਭਾਗ ਲਿਆ ਗਿਆ। ਸਭ ਟੀਮਾਂ ਨੇ ਆਪਣੇ ਆਪਣੇ ਰਵਾਇਤੀ ਕੱਪੜੇ ਪਾਏ ਹੋਏ ਸਨ ਤੇ ਉਨ੍ਹਾਂ ਨੇ ਆਪਣੇ ਸੱਭਿਆਚਾਰ ਨਾਲ ਸਬੰਧਿਤ ਲੋਕ ਨਾਚ ਪੇਸ਼ ਕੀਤੇ। ਈਰਾਨ ਦੀ ਟੀਮ ਵੱਲੋਂ ਕਿਸਾਨਾਂ ਨਾਲ ਸਬੰਧਿਤ ਗਿੱਲਆਕੀ ਲੋਕ ਨਾਚ ਪੇਸ਼ ਕੀਤਾ ਗਿਆ। ਅਫ਼ਗਾਨਿਸਤਾਨ ਵੱਲੋਂ ਕਰਸਾਂਕੇ ਲੋਕ ਨਾਚ, ਕੇਰਲਾ ਦੀ ਟੀਮ ਵੱਲੋਂ ਤਾਤਵਾਮਾਸੀ ਲੋਕ ਨਾਚ ਤੇ ਕੁਚੀਪੁੜੀ ਲੋਕ ਨਾਚ ਪੇਸ਼ ਕੀਤਾ ਗਿਆ। ਰਵਾਂਡਾ ਦੀ ਟੀਮ ਵੱਲੋਂ ਇਨਤੋਰੇ, ਇਥੋਪੀਆ ਵੱਲੋਂ ਅਰੋਮੋ ਲੋਕ ਨਾਚ, ਯੁਕਰੇਨ ਵਾਲੋਂ ਹੋਪਾਕ ਨਾਮੀ ਲੋਕ ਨਾਚ, ਪੋਲੈਂਡ ਵੱਲੋਂ ਵੀਰਾ ਸਤਿਟੂ ਅਤੇ ਗੋਰਾਸਕੀ ਨਾਮੀ ਲੋਕ ਨਾਚ ਪੇਸ਼ ਕੀਤੇ ਗਏ। ਚੀਨ ਦੀ ਟੀਮ ਵੱਲੋਂ ਗੀਤ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਬੌਲੀਵੁੱਡ ਟੀਮ ਵੱਲੋਂ ਵੀ ਹਿੰਦੀ ਗੀਤਾਂ ’ਤੇ ਖ਼ੂਬਸੂਰਤ ਡਾਂਸ ਪੇਸ਼ ਕੀਤਾ ਗਿਆ। ਪੰਜਾਬ ਦੀ ਟੀਮ ਵੱਲੋਂ ਝੂਮਰ ਅਤੇ ਗਿੱਧਾ ਪੇਸ਼ ਕੀਤਾ ਗਿਆ। ਜਦੋਂ ਪੰਜਾਬ ਦੀ ਟੀਮ ਗਿੱਧਾ ਪੇਸ਼ ਕਰ ਰਹੀ ਸੀ ਤਾਂ ਪੰਜਾਬੀ ਦਰਸ਼ਕਾਂ ਵਿੱਚ ਜੋਸ਼ ਭਰ ਗਿਆ। ਉਨ੍ਹਾਂ ਨੇ ਇਸ ਦਾ ਬਹੁਤ ਆਨੰਦ ਮਾਣਿਆ।
ਪ੍ਰਭ ਨੂਰ ਸਿੰਘ ਅਤੇ ਕੋਮਲ ਸੰਘਾ ਦਾ ਮੰਚ ਸੰਚਾਲਨ ਲੋਕਾਂ ’ਤੇ ਸੋਹਣੀ ਛਾਪ ਛੱਡ ਗਿਆ। ਗੁਰਸ਼ਰਨ ਸਿੰਘ ਨੇ ਪ੍ਰੋਗਰਾਮ ਚਲਾਉਣ ਲਈ ਆਪਣਾ ਯੋਗਦਾਨ ਪਾਇਆ। ਮੈਨੀਟੋਬਾ ਦੀ ਇਮੀਗ੍ਰੇਸ਼ਨ ਮੰਤਰੀ ਮਲਾਇਆ ਮਾਰਸਿਲਿਨੋ ਨੇ ਆਪਣੀ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਇਨਾਮਾਂ ਦੀ ਵੰਡ ਕੀਤੀ। ਇਸ ਤੋਂ ਇਲਾਵਾ ਐੱਮਐੱਲਏ ਦਿਲਜੀਤ ਪਾਲ ਬਰਾੜ, ਐੱਮਐੱਲਏ ਮਿੰਟੂ ਸੰਧੂ, ਐੱਮਐੱਲਏ ਜੈਨੀਫਰ ਚੇਨ, ਸਿਟੀ ਕਾਉਂਸਲਰ ਦੇਵੀ ਸ਼ਰਮਾ ਅਤੇ ਐੱਮਐੱਲਏ ਜੇਡੀ ਦੇਵਗਨ ਨੇ ਵੀ ਆਪਣੀ ਹਾਜ਼ਰੀ ਲਵਾਈ। ਭਾਈਚਾਰੇ ਦੇ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਪਰਿਵਾਰਾਂ ਸਮੇਤ ਪਹੁੰਚ ਕੇ ਪ੍ਰੋਗਰਾਮ ਦੀ ਰੌਣਕ ਵਧਾਈ।

Advertisement

ਓਲੰਪੀਅਨ ਸੰਜੀਵ ਕੁਮਾਰ ਦਾ ਸਨਮਾਨ

ਓਲੰਪੀਅਨ ਸੰਜੀਵ ਕੁਮਾਰ, ਹਾਕੀ ਖਿਡਾਰੀ ਧਰਮਪਾਲ ਸਿੰਘ ਅਤੇ ਕੁਲਜੀਤ ਸਿੰਘ ਰੰਧਾਵਾ ਖਿਡਾਰੀਆਂ ਤੇ ਪ੍ਰਬੰਧਕਾਂ ਨਾਲ

ਵਿਨੀਪੈੱਗ:

ਓਲੰਪੀਅਨ ਸੰਜੀਵ ਕੁਮਾਰ, ਕੌਮੀ ਹਾਕੀ ਖਿਡਾਰੀ ਧਰਮਪਾਲ ਸਿੰਘ ਅਤੇ ਕੁਲਜੀਤ ਸਿੰਘ ਰੰਧਾਵਾ ਨੂੰ ਭਾਰਤੀ ਹਾਕੀ ਵਿੱਚ ਪਾਏ ਯੋਗਦਾਨ ਲਈ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਸ਼ਹਿਰ ਵਿਨੀਪੈੱਗ ਵਿੱਚ ਟੋਬਾ ਵਾਰੀਅਰਜ਼ ਫੀਲਡ ਹਾਕੀ ਅਕੈਡਮੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਹਾਕੀ ਨੂੰ ਪ੍ਰਫੁੱਲਿਤ ਕਰਨ ਤੋਂ ਲੈ ਕੇ ਕੈਨੇਡਾ ਦੇ ਪੰਜਾਬੀ ਗਰੁੱਪ ਵਿੱਚ ਨਵੇਂ ਖਿਡਾਰੀਆਂ ਨੂੰ ਹਾਕੀ ਸਿਖਾਉਣ ਤੋਂ ਲੈ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਇਸ ਅਕੈਡਮੀ ਨਾਲ ਮਿਲ ਕੇ ਕੰਮ ਕਰ ਰਹੇ ਹਨ। ਇਹ ਅਕੈਡਮੀ ਵਿਨੀਪੈੱਗ, ਮੈਨੀਟੋਬਾ ਵਿੱਚ ਚੱਲ ਰਹੀ ਹੈ। ਇਸ ਮੌਕੇ ਅਕੈਡਮੀ ਦੇ ਮੁਖੀ ਅਮਰਦੀਪ ਸਿੰਘ ਸੋਨੀ ਨੇ ਕਿਹਾ ਕਿ ਅਕੈਡਮੀ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ ਲਈ ਉਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਓਲੰਪੀਅਨ ਸੰਜੀਵ ਕੁਮਾਰ ਅੱਜ ਵੀ ਹਾਕੀ ਦੀ ਤਰੱਕੀ ਲਈ ਕੰਮ ਕਰ ਰਿਹਾ ਹੈ| ਉਹ ਪੰਜਾਬ, ਹਾਕੀ ਪੰਜਾਬ, ਬਲਵੰਤ ਸਿੰਘ ਕਪੂਰ ਅਤੇ ਮਹਿੰਦਰ ਮੁਨਸ਼ੀ ਸੁਸਾਇਟੀ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਮੌਕੇ ਸ਼ਮਸ਼ੇਰ ਸਿੰਘ ਸਿੱਧੂ, ਪਰਮਜੀਤ ਸਿੰਘ ਧਾਲੀਵਾਲ, ਕਰਮਬੀਰ ਸਿੰਘ, ਦਵਿੰਦਰ ਸਿੰਘ, ਅਮਨਦੀਪ ਸਿੰਘ, ਸੁਖਮਿੰਦਰ ਸਿੰਘ, ਹਰਮਨਪ੍ਰੀਤ ਸਿੰਘ ਮਾਹਲ, ਸੁਖਮਿੰਦਰ ਸਿੰਘ, ਗੁਰਕੰਵਲ ਸਿੰਘ ਚਾਨੀਆ, ਸੁਖਨਦੀਪ ਸਿੰਘ ਢੰਡੀ ਆਦਿ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਇਹ ਅਕੈਡਮੀ ਵਿਨੀਪੈੱਗ, ਮੈਨੀਟੋਬਾ ਵਿੱਚ ਚੱਲ ਰਹੀ ਹੈ। 2012 ਤੋਂ ਸੁਰਿੰਦਰ ਸਿੱਧੂ, ਸ਼ਮਸ਼ੇਰ ਸਿੱਧੂ ਅਤੇ ਸੁਖਮਿੰਦਰ ਸਿੰਘ ਵੱਲੋਂ ਜੂਨੀਅਰ ਵਿਕਾਸ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਹਾਕੀ ਅਕੈਡਮੀ ਹਾਕੀ ਖਿਡਾਰੀਆਂ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਹੈ ਅਤੇ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਹਾਕੀ ਦੀਆਂ ਪੇਚੀਦਗੀਆਂ ਬਾਰੇ ਸਿਖਾ ਕੇ ਉਨ੍ਹਾਂ ਨੂੰ ਤਿਆਰ ਕਰ ਰਹੀ ਹੈ ਜਿੱਥੇ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਖਿਡਾਰੀ ਅਭਿਆਸ ਕਰ ਰਹੇ ਹਨ।

Advertisement
Author Image

joginder kumar

View all posts

Advertisement