ਬਸੰਤ ਉਤਸਵ ਵਿੱਚ ਲੋਕ ਕਲਾਕਾਰਾਂ ਨੇ ਸਰੋਤੇ ਕੀਲੇ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 18 ਫਰਵਰੀ
ਹਰਿਆਣਾ ਕਲਾ ਪ੍ਰੀਸ਼ਦ ਵੱਲੋਂ 11 ਫਰਵਰੀ ਤੋਂ ਸ਼ੁਰੂ ਕੀਤੇ ਗਏ ਬਸੰਤ ਉਤਸਵ ਦੀ ਛੇਵੀਂ ਸ਼ਾਮ ਛੱਤੀਸਗੜ੍ਹ ਦੇ ਨਾਮ ਰਹੀ। ਛੱਤੀਸਗੜ੍ਹ ਦੇ ਦੁਰਗ ਤੋਂ ਆਈ ਲੋਕ ਕਲਾਕਾਰ ਸੰਪ੍ਰਿਆ ਪੂਜਾ ਨੇ ਆਪਣੀ ਪਾਂਡਵਾਨੀ ਗਾਇਕੀ ਨਾਲ ਖੂਬ ਧੂਮ ਮਚਾਈ। ਇਸ ਮੌਕੇ ਸਮਾਜ ਸੇਵੀ ਤੇ ਪ੍ਰੇਰਨਾ ਆਸ਼ਰਮ ਦੇ ਸੰਸਥਾਪਕ ਡਾ. ਜੈ ਭਗਵਾਨ ਸਿੰਗਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਹਰਿਆਣਾ ਕਲਾ ਪ੍ਰੀਸ਼ਦ ਦੇ ਡਾਇਰੈਕਟਰ ਨਗੇਂਦਰ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਟ ਕਰ ਜੀ ਆਇਆਂ ਕਿਹਾ ਜਿਸ ਮਗਰੋਂ ਸ਼ਮ੍ਹਾਂ ਰੋਸ਼ਨ ਕਰਕੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਗਈ।
ਹਰਿਆਣਾ ਤੇ ਛੱਤੀਸਗੜ੍ਹ ਦੀਆਂ ਲੋਕ ਕਾਲਾਵਾਂ ’ਤੇ ਅਧਾਰਿਤ ਇਸ ਪ੍ਰੋਗਰਾਮ ਦਾ ਸੰਚਾਲਨ ਕਲਾ ਪ੍ਰੀਸ਼ਦ ਦੇ ਮੀਡੀਆ ਇੰਚਾਰਜ ਵਿਕਾਸ ਸ਼ਰਮਾ ਨੇ ਕੀਤਾ। ਪ੍ਰੋਗਰਾਮ ਦੀ ਪਹਿਲੀ ਪੇਸ਼ਕਾਰੀ ਹਰਿਆਣਾ ਤੋਂ ਆਏ ਕਾਮਿਲ ਤੇ ਉਸ ਦੇ ਸਾਥੀਆਂ ਨੇ ਸ਼ਿਵਸਤੂਤੀ ਨਾਲ ਕੀਤੀ। ਇਸ ਮਗਰੋਂ ਪਾਂਡਵਾਨੀ ਗਾਇਕੀ ਲਈ ਪ੍ਰਸਿੱਧ ਪਦਮ ਵਿਭੂਸ਼ਣ ਤਿਜਨ ਬਾਈ ਦੀ ਸ਼ਗਿਰਦ ਸੰਪ੍ਰਿਆ ਪੂਜਾ ਨੇ ਛੱਤੀਸਗੜ੍ਹ ਸ਼ੈਲੀ ਵਿੱਚ ਪਾਂਡਵਾਨੀ ਗਾਇਨ ਪੇਸ਼ ਕਰਕੇ ਲੋਕਾਂ ਦਾ ਮਨੋਰੰਜਨ ਕੀਤਾ। ਇਕ ਪਾਸੇ ਸੰਪ੍ਰਿਆ ਪੂਜਾ ਦੀ ਗਾਇਕੀ ਅਤੇ ਕਥਾ ਅਤੇ ਦੂਜੇ ਪਾਸੇ ਬੈਜੋਂ, ਖੜਤਾਲ, ਤਬਲਾ, ਮੰਜੀਰਾ, ਡਫਲੀ ਤੇ ਢੋਲਕ ਆਦਿ ਵਾਦਾਂ ਦੇ ਸੰਗੀਤ ਨੇ ਲੋਕਾਂ ਨੂੰ ਕੀਲ ਲਿਆ। ਪੰਡਵਾਨੀ ਤੋਂ ਇਲਾਵਾ ਹਰਿਆਣਾ ਦੇ ਕਲਾਕਾਰਾਂ ਨੇ ਰਵਾਇਤੀ ਨਾਚ ਫੱਗ ਤੇ ਘੋੜੀ ਨਾਚ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਹਰਿਆਣਵੀ ਕਲਾਕਾਰਾਂ ਵਿੱਚ ਅਕਸ਼ੈ, ਰਾਮ ਮੇਹਰ, ਦੀਪਕ, ਤਿਲਕ ਰਾਜ, ਸ਼ਿਖਾ, ਸੰਜਨਾ, ਅੰਨ ਪੂਰਨਾ, ਟੀਨਾ, ਮੋਹਿਤ, ਵਿੱਕੀ, ਰਣਬੀਰ ਤੇ ਪਾਂਡਵਾਨੀ ਦੇ ਗਾਇਕਾਂ ਵਿੱਚ ਸੰਤੋਸ਼ ਨਿਸ਼ਾਦ, ਸਮਾਵੇਸ਼ ਤੇ ਨਿਖਾਦੂਮ ਸ਼ਾਮਲ ਸਨ। ਮੁੱਖ ਮਹਿਮਾਨ ਸਿੰਗਲਾ ਨੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕਰਦਿਆਂ ਕਿਹਾ ਕਿ ਲੋਕ ਕਲਾਕਾਰ ਹੀ ਆਪਣੇ ਸੂਬੇ ਦੇ ਸਭਿਆਚਾਰ ਨੂੰ ਜਿਉਂਦਾ ਰਖੱਦੇ ਹਨ।