ਸਾਲ ਦੇ ਅਖੀਰਲੇ ਦਿਨ ਸਾਰਾ ਦਿਨ ਛਾਈ ਰਹੀ ਧੁੰਦ
ਆਤਿਸ਼ ਗੁਪਤਾ
ਚੰਡੀਗੜ੍ਹ, 31 ਦਸੰਬਰ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਸਾਲ ਦੇ ਆਖਰੀ ਦਿਨ ਵੀ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਜਾਰੀ ਰਿਹਾ। ਦਿਨ ਸਮੇਂ ਚੱਲ ਰਹੀਆਂ ਸੀਤ ਲਹਿਰਾਂ ਕਰਕੇ ਲੋਕਾਂ ਨੂੰ ਸਾਰਾ ਦਿਨ ਕੰਬਣੀ ਛੇੜੀ ਰੱਖੀ। ਉੱਥੇ ਹੀ ਅੱਜ ਸਾਰਾ ਦਿਨ ਸੂਰਜ ਨਾ ਦਿਸਣ ਕਰਕੇ ਤਾਪਮਾਨ ਵਿੱਚ ਵੀ 8 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਠੰਢ ਵਧਣ ਦੇ ਨਾਲ ਹੀ ਸ਼ਹਿਰ ਵਿੱਚ ਲੋਕ ਅੱਜ ਕੱਲ੍ਹੇ ਘਰੋਂ ਬਾਹਰ ਹੀ ਨਿਕਲ ਰਹੇ ਹਨ। ਮੌਸਮ ਵਿਗਿਆਨੀਆਂ ਨੇ ਨਵੇਂ ਵਰ੍ਹੇ ਦੀ ਆਮਦ ’ਤੇ 1 ਜਨਵਰੀ ਨੂੰ ਵੀ ਸੰਘਣੀ ਧੁੰਦ ਪੈਣ ਤੇ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ, ਜਦੋਂ ਕਿ ਅਗਲੇ 3-4 ਦਿਨ ਮੌਸਮ ਸਾਫ ਰਹੇਗਾ। ਮੌਸਮ ਵਿਗਿਆਨੀਆਂ ਅਨੁਸਾਰ 5 ਜਨਵਰੀ ਨੂੰ ਸ਼ਹਿਰ ਵਿੱਚ ਮੁੜ ਤੋਂ ਮੌਸਮ ਆਪਣਾ ਮਿਜ਼ਾਜ ਬਦਲ ਸਕਦਾ ਹੈ, ਜਿਸ ਕਰਕੇ ਮੀਂਹ ਵੀ ਪੈ ਸਕਦਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 11.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 8 ਡਿਗਰੀ ਸੈਲਸੀਅਸ ਤੱਕ ਘੱਟ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਗਿਆ। ਹਾਲਾਂਕਿ ਸ਼ਹਿਰ ਵਿੱਚ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਸਿਰਫ਼ 2.4 ਡਿਗਰੀ ਸੈਲਸੀਅਸ ਦਾ ਫਰਕ ਹੀ ਦਰਜ ਕੀਤਾ ਗਿਆ ਹੈ। ਸ਼ਹਿਰ ਵਿੱਚ ਲਗਾਤਾਰ ਵੱਧ ਰਹੀ ਠੰਢ ਕਰਕੇ ਰੋਜ਼ਾਨਾ ਦਿਹਾੜੀਆਂ ਕਰਨ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੇ ਨਾਲ ਹੀ ਠੰਢ ਪੈਣ ਕਰਕੇ ਗਰਮ ਕੱਪੜੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਚਿਹਰੇ ਖਿੜੇ ਪਏ ਹਨ।