ਧੁੰਦ ਦਾ ਕਹਿਰ: ਮਹਿਲ ਕਲਾਂ ’ਚ ਪੰਜ ਵਾਹਨ ਟਕਰਾਏ, ਲੜਕੀ ਦੀ ਮੌਤ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 10 ਜਨਵਰੀ
ਬਰਨਾਲਾ-ਲੁਧਿਆਣਾ ਰਾਜ ਮਾਰਗ ਉਪਰ ਅੱਜ ਸਵੇਰ ਸਮੇਂ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਮੁਟਿਆਰ ਪ੍ਰੋਫ਼ੈਸਰ ਦੀ ਮੌਤ ਹੋ ਗਈ ਜਦਕੀ ਅੱਧੀ ਦਰਜਨ ਦੇ ਕਰੀਬ ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਪਿੰਡ ਵਜੀਦਕੇ ਕਲਾਂ ਦੇ ਨਜ਼ਦੀਕ ਵਾਪਰਿਆ, ਜਿੱਥੇ ਇੱਕ ਇੱਟਾਂ ਨਾਲ ਭਰੀ ਟਰਾਲੀ ਜਿਉਂ ਹੀ ਲਿੰਕ ਸੜਕ ਤੋਂ ਮੁੱਖ ਹਾਈਵੇ ਉਪਰ ਚੜ੍ਹੀ ਤਾਂ ਪਿੱਛੇ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਇੱਕ ਟਰਾਲੇ ਨੇ ਪਿੱਛੇ ਤੋਂ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਬੱਸ ਵਿੱਚੋਂ ਉਤਰ ਰਹੀ ਇੱਕ ਲੜਕੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਉਕਤ ਲੜਕੀ ਦੀ ਮੌਕੇ ਉਪਰ ਮੌਤ ਹੋ ਗਈ। ਇਸ ਤੋਂ ਇਲਾਵਾ ਇੱਕ ਕਾਰ ਤੇ ਥ੍ਰੀ ਵ੍ਹੀਲਰ ਵੀ ਇਸ ਹਾਦਸੇ ਵਿੱਚ ਟਕਰਾ ਗਏ। ਥਾਣਾ ਠੁੱਲ੍ਹੀਵਾਲ ਦੀ ਐੱਸਐੱਚਓ ਕਿਰਨ ਕੌਰ ਨੇ ਦੱਸਿਆ ਕਿ ਹਾਦਸੇ ਵਿੱਚ ਅਨੂਪ੍ਰਿਯਾ ਕੌਰ ਵਾਸੀ ਖੇੜੀ ਕਲਾਂ (ਸ਼ੇਰਪੁਰ) ਦੀ ਮੌਤ ਹੋਈ ਹੈ ਜੋ ਰਾਏਕੋਟ ਕਿਸੇ ਕਾਲਜ ਵਿੱਚ ਪ੍ਰੋਫੈਸਰ ਸੀ। ਉਨ੍ਹਾਂ ਦੱਸਿਆ ਕਿ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਕਰੀਬ ਸੱਤ ਜਣੇ ਜ਼ਖ਼ਮੀ ਵੀ ਹੋਏ ਹਨ, ਜਿਹਨਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ):
ਇਥੇ ਅੱਜ ਅਚਾਨਕ ਪਈ ਸੰਘਣੀ ਧੁੰਦ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ। ਦੁਪਹਿਰ ਤੱਕ ਧੁੰਦ ਦਾ ਇਹੀ ਹਾਲ ਰਿਹਾ। ਇਸ ਦੌਰਾਨ ਸਕੂਲੀਂ ਜਾਣ ਵਾਲੇ ਵਿਦਿਆਰਥੀ ਅਤੇ ਕੰਮਾਂ ’ਤੇ ਜਾਣ ਵਾਲੇ ਲੋਕ ‘ਕੀੜੀ ਦੀ ਤੋਰ’ ਨਾਲ ਚੱਲਦੇ ਵਾਹਨਾਂ ’ਤੇ ਸਵਾਰ ਸਨ। ਧੁੰਦ ਕਾਰਣ ਦੇਖਣ ਦੀ ਸੀਮਾ ਬਹੁਤ ਘੱਟ ਸੀ। ਸ਼ਹਿਰ ਤੋਂ ਬਾਹਰੀ ਖੇਤਰ ’ਚ ਹੋਰ ਵੀ ਬੁਰਾ ਹਾਲ ਸੀ। ਇਸ ਦੌਰਾਨ ਇੱਕਾ-ਦੁੱਕਾ ਹਾਦਸੇ ਵੀ ਹੋਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।