ਬਠਿੰਡਾ ’ਚ ਮਹਿਕਾਂ ਬਿਖੇਰਦਾ ਫਲਾਵਰ ਫੈਸਟੀਵਲ ਸਮਾਪਤ
ਮਨੋਜ ਸ਼ਰਮਾ
ਬਠਿੰਡਾ, 11 ਮਾਰਚ
ਇੱਥੇ ਰੋਜ਼ ਗਾਰਡਨ ਵਿੱਚ ਮਹਿਕਾਂ ਬਿਖੇਰਦਾ ਦੋ ਰੋਜ਼ਾ ਫੁੱਲਾਂ ਦਾ ਮੇਲਾ ਸਮਾਪਤ ਹੋ ਗਿਆ। ਟਰੀ ਲਵਰ ਸੋਸਾਇਟੀ ਦੇ ਪ੍ਰਬੰਧਕਾਂ ਨੇ ਦੱਸਿਆ ਬਠਿੰਡਾ ਦਾ ਇਹ ਮੇਲਾ ਬਠਿੰਡਾ ਵਿੱਚ ਹੀ ਨਹੀਂ ਸਗੋਂ ਸਮੁੱਚੇ ਮਾਲਵੇ ਵਿੱਚ ਆਪਣੀ ਮਹਿਕ ਬਿਖੇਰ ਗਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੋਂ ਬਾਅਦ ਬਠਿੰਡਾ ਪਹਿਲਾ ਸ਼ਹਿਰ ਹੈ ਜਿਸ ਵਿੱਚ ਫੁੱਲਾਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ। ਮੇਲੇ ਦੌਰਾਨ ਜਿੱਥੇ ਸ਼ਹਿਰੀਆਂ ਨੇ ਆਨੰਦ ਮਾਣਿਆ ਉੱਥੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਵੱਖ ਵੱਖ ਫੁੱਲਾਂ ਦਾ ਆਨੰਦ ਮਾਣਦੇ ਹੋਏ ਵੱਖ ਵੱਖ ਪ੍ਰਦਰਸ਼ਨੀਆਂ ਤੋਂ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ।
ਮੇਲੇ ਦੌਰਾਨ ਫੁੱਲਾਂ ਦੇ ਨਾਲ ਨਾਲ ਆਰਟੀਫਿਸ਼ਲ ਫੁੱਲਾਂ ਦੇ ਗੁਲਦਸਤੇ ਵੀ ਵਾਤਾਵਰਨ ਪ੍ਰੇਮੀਆਂ ਦਾ ਧਿਆਨ ਖਿੱਚਦੇ ਰਹੇ। ਇਸ ਮੌਕੇ ਮਾਲਵੇ ਦੀਆਂ ਆਰਗੈਨਿਕ ਦੁਕਾਨਾਂ ਵੱਲੋਂ ਵੀ ਖੂਬ ਵਿਕਰੀ ਕੀਤੀ ਗਈ। ਗੁੜ, ਸ਼ਕਰ ਸ਼ਹਿਦ ਹਲਦੀ ਦੇ ਸਟਾਲਾਂ ’ਤੇ ਭੀੜ ਲੱਗੀ ਰਹੀ। ਇਨ੍ਹਾਂ ਦੁਕਾਨਾਂ ’ਤੇ ਲੱਗੇ ਭੀੜ ਨੂੰ ਦੇਖਦਿਆਂ ਸ਼ਹਿਰ ਵਾਸੀ ਆਪਣੀ ਸਿਹਤ ਲਈ ਵੀ ਸੁਚੇਤ ਦਿਸੇ। ਮੇਲੇ ਦੌਰਾਨ ਨਟੀਅਮ ਕਲੱਬ ਦੀ ਟੀਮ ਵੱਲੋਂ ਨੁਕੜ ਨਾਟਕ ‘ਜੇ ਚਾਹੁੰਦੇ ਹੋ ਸੋਹਣਾ ਭਵਿੱਖ’ ਰਾਹੀਂ ਵਾਤਾਵਰਨ ਸਾਫ ਰੱਖਣ ਦਾ ਸੰਦੇਸ਼ ਦਿੱਤਾ ਗਿਆ। ਟਰੀ ਲਵਰ ਸੁਸਾਇਟੀ ਦੇ ਅਮੂਲ ਗਰਗ ਤੇ ਵਿਕਾਸ ਕਟਾਰੀਆ ਦੀ ਟੀਮ ਨੇ ਮੇਲੇ ’ਚ ਪੁੱਜੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।