ਹੜ੍ਹ: ਖੁੱਲ੍ਹੇ ਅਸਮਾਨ ਹੇਠ ਸੌਣ ਲਈ ਮਜਬੂਰ ਸਰਹੱਦੀ ਪਿੰਡਾਂ ਦੇ ਲੋਕ
ਪਰਮਜੀਤ ਸਿੰਘ/ਕੁਲਦੀਪ ਬਰਾੜ
ਫਾਜ਼ਿਲਕਾ/ਮੰਡੀ ਘੁਬਾਇਆ, 4 ਅਗਸਤ
ਹੜ੍ਹ ਕਾਰਨ ਸਰਹੱਦੀ ਖੇਤਰ ਦੇ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਬਣਦੀ ਜਾ ਰਹੀ ਹੈ। ਹੜ੍ਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਨ ਕਾਰਨ ਲੋਕ ਬਾਹਰ ਸੌਣ ਲਈ ਮਜਬੂਰ ਹਨ। ਹੜ੍ਹ ਦੇ ਪਾਣੀ ਅਤੇ ਲਗਾਤਾਰ ਪਏ ਮੀਂਹ ਕਾਰਨ ਜਿੱਥੇ ਕਈ ਮਕਾਨ ਡਿੱਗ ਗਏ, ਅਤੇ ਕਈਆਂ ਦੀਆਂ ਦੀਵਾਰਾਂ ਅਤੇ ਲੈਂਟਰਾਂ ’ਚ ਤਰੇੜਾਂ ਆਉਣ ਕਾਰਨ ਲੋਕ ਸਹਿਮੇ ਹੋਏ ਹਨ। ਕੁਝ ਲੋਕ ਆਪਣੇ ਘਰ ਛੱਡ ਕੇ ਹੋਰ ਲੋਕਾਂ ਦੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ।
ਸਤਲੁਜ ਦਰਿਆ ’ਚ ਆਏ ਹੜ੍ਹ ਦੇ ਪਾਣੀ ਦਾ ਪੱਧਰ ਵਧਣ ਕਾਰਨ ਭਾਰਤ ਪਾਕਿਸਤਾਨ ਸਰਹੱਦ ’ਤੇ ਵਸੇ ਕਈ ਪਿੰਡਾਂ ਦਾ ਸੜਕੀ ਸੰਪਰਕ ਟੁੱਟ ਚੁੱਕਿਆ ਹੈ। ਪਿੰਡਾਂ ਦੀਆਂ ਸੜਕਾਂ ’ਤੇ 8-10 ਫੁੱਟ ਡੂੰਘੇ ਟੋਏ ਪੈ ਗਏ ਹਨ। ਸਰਹੱਦੀ ਪਿੰਡ ਦੋਨਾ ਨਾਨਕਾ ਦੇ ਪੰਚ ਛਿੰਦਰ ਸਿੰਘ, ਕਸ਼ਮੀਰ ਸਿੰਘ, ਸੰਤ ਸਿੰਘ, ਮੀਸ਼ਾ ਰਾਣੀ ਅਤੇ ਕਸ਼ਮੀਰਾਂ ਬਾਈ ਨੇ ਦੱਸਿਆ ਕਿ ਉਹ ਔਖੇ ਹਾਲਾਤ ਵਿੱਚ ਰਹਿ ਰਹੇ ਹਨ। ਹਰ ਤਰ੍ਹਾਂ ਦੀ ਆਵਾਜਾਈ ਠੱਪ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਤੇ ਪ੍ਰਸ਼ਾਸਨਿਕ ਅਧਿਕਾਰੀ ਖਾਨਾ ਪੂਰਤੀ ਤਕ ਸੀਮਤ ਹਨ ਲੋਕ ਮੁੱਢਲੀਆਂ ਸਹੂਲਤਾਂ ਨੂੰ ਵੀ ਤਰਸ ਰਹੇ ਹਨ। ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਪਸ਼ੂ ਭੁੱਖੇ ਮਰ ਰਹੇ ਹਨ। ਪੀੜਤਾਂ ਨੇ ਦੱਸਿਆ ਕਿ 20 ਦਿਨਾਂ ਤੋਂ ਦਰਿਆ ਦਾ ਪਾਣੀ ਆਇਆ ਹੋਇਆ ਹੈ ਪਰ ਉਨ੍ਹਾਂ ਅੱਜ ਕਿਸ਼ਤੀ ਦਿੱਤੀ ਗਈ ਹੈ। ਇਸੇ ਪਿੰਡ ਦੇ ਅਸ਼ੋਕ ਸਿੰਘ ਤੇ ਪਿੰਡ ਮਹਾਤਮ ਨਗਰ ਦੇ ਕੁਲਦੀਪ ਸਿੰਘ ਨੇ ਦੱਸਿਆ ਕਿ ਇੱਕ ਬੇੜੀ ਨਾਲ ਲੋਕਾਂ ਦੀ ਆਵਾਜਾਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਭ ਤੋਂ ਵੱਡਾ ਖ਼ਤਰਾ ਬਣਿਆ ਹੋਇਆ ਹੈ ਕਿਉਂਕਿ ਉਹ ਇਸ ਪਾਣੀ ਵਿੱਚੋਂ ਪੈਦਲ ਲੰਘ ਕੇ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਜੇ ਮਰੀਜ਼ਾਂ ਲਈ ਵੱਡੀ ਔਕੜ ਖੜ੍ਹੀ ਹੋ ਗਈ ਹੈ।
ਇਸ ਸਬੰਧੀ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਵੋਟਾਂ ਵੇਲੇ ਸਿਆਸੀ ਆਗੂ ਹੱਥ ਜੋੜ ਕੇ ਉਨ੍ਹਾਂ ਕੋਲ ਆਉਂਦੇ ਹਨ ਪਰ ਇਸ ਔਖੇ ਹਾਲਾਤ ਵਿੱਚ ਸਭ ਨੇ ਮੂੰਹ ਫੇਰ ਲਿਆ ਹੈ। ਉਨ੍ਹਾਂ ਕਿਹਾ ਕਿ ਸਿਰ ਢਕਣ ਲਈ ਦਿੱਤੀਆਂ ਤਰਪਾਲਾਂ ਵੀ ਪਾਟੀਆਂ ਹੋਈਆਂ ਹਨ। ਲੋਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਜੇ ਉਨ੍ਹਾਂ ਦੇ ਪਿੰਡ ਦੋਨਾ ਨਾਨਕਾ ਵਿੱਚ ਫਾਜ਼ਿਲਕਾ ਹਲਕੇ ਦਾ ਵਿਧਾਇਕ ਨਰਿੰਦਰਪਾਲ ਸਵਨਾ ਦਾ ਵਿਰੋਧ ਕੀਤਾ ਜਾਵੇਗਾ, ਕਿਉਂਕਿ ਮੁਸੀਬਤ ਵੇਲੇ ਉਨ੍ਹਾਂ ਨੇ ਪੀੜਤਾਂ ਦੀ ਸਾਰ ਤਕ ਨਹੀਂ ਲਈ।
ਦੂਜੇ ਪਾਸੇ, ਵਿਧਾਇਕ ਦਾ ਪੱਖ ਪੂਰਦਿਆਂ ਕੁੱਝ ਲੋਕਾਂ ਨੇ ਕਿਹਾ ਕਿ ਹਲਕਾ ਵਿਧਾਇਕ ਲੋਕਾਂ ਨੂੰ ਬਣਦੀਆਂ ਸਹੂਲਤਾਂ ਪਹੁੰਚਾ ਰਿਹਾ ਹੈ।
ਹੜ੍ਹਾਂ ਦੇ ਨੁਕਸਾਨ ਸਬੰਧੀ ਰਿਉਂਦ ਕਲਾਂ ’ਚ ਗਿਰਦਾਵਰੀ ਸ਼ੁਰੂ
ਮਾਨਸਾ (ਪੱਤਰ ਪ੍ਰੇਰਕ): ਘੱਗਰ ਦਰਿਆ ਦਾ ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਇਲਾਕੇ ਵਿੱਚ ਹੋਈ ਤਬਾਹੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਦਿੱਤੇ ਹੋਏ ਹੁਕਮਾਂ ਤਹਿਤ ਮਾਲ ਮਹਿਕਮੇ ਵੱਲੋਂ ਪਿੰਡਾਂ ਵਿੱਚ ਗਿਰਦਾਵਰੀ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਗਿਰਦਾਵਰੀ ਦਾ ਜਾਇਜ਼ਾ ਲੈਣ ਲਈ ਮਾਨਸਾ ਦੇ ਡੀਸੀ ਰਿਸ਼ੀਪਾਲ ਸਿੰਘ ਪਿੰਡ ਰਿਉਂਦ ’ਚ ਅਧਿਕਾਰੀਆਂ ਕੋਲ ਪੁੱਜੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਵਿਸ਼ੇਸ਼ ਗਿਰਦਾਵਰੀ ਉਪਰੰਤ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਹੜ੍ਹ ਪੀੜਤ ਨੂੰ ਮੁਆਵਜ਼ਾ ਰਕਮ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ। ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਗਿਰਦਾਵਰੀਆਂ ਦਾ ਕੰਮ ਇਮਾਨਦਾਰੀ ਤੇ ਪਾਰਦਰਸ਼ੀ ਢੰਗ ਨਾਲ ਕਰਵਾਇਆ ਜਾਵੇ ਤਾਂ ਜੋ ਕੋਈ ਵੀ ਹੜ੍ਹ ਪ੍ਰਭਾਵਿਤ ਵਿਅਕਤੀ ਮੁਆਵਜ਼ੇ ਤੋਂ ਵਾਂਝਾ ਨਾ ਰਹੇ।