ਹੜ੍ਹਾਂ ਨੇ ਸਰਹੱਦੀ ਖੇਤਰ ਦੇ ਪਿੰਡਾਂ ’ਚ ਮਚਾਈ ਤਬਾਹੀ
ਗੁਰਬਖਸ਼ਪੁਰੀ
ਤਰਨ ਤਾਰਨ, 18 ਅਗਸਤ
ਸਰਹੱਦੀ ਖੇਤਰ ਦੇ ਪਿੰਡ ਮੁੱਠਿਆਂਵਾਲਾ, ਝੁੱਗੀਆਂ ਨੱਥਾ ਸਿੰਘ, ਝੁੱਗੀਆਂ ਨੂਰ ਮੁਹੰਮਦ ਆਦਿ ਦੇ ਪਿੰਡਾਂ ਦੇ ਖੇਤਾਂ ਵਿੱਚ ਰਹਿੰਦੇ ਕਿਸਾਨਾਂ ਲਈ ਸ਼ੁੱਕਰਵਾਰ ਦੀ ਸ਼ਾਮ ਭਿਆਨਕ ਰੂਪ ਧਾਰ ਕੇ ਆਈ| ਅਚਾਨਕ ਦਰਿਆ ਸਤਲੁਜ ਅੰਦਰ ਤਿੰਨ-ਤਿੰਨ ਫੁੱਟ ਪਾਣੀ ਦੇ ਹੋਰ ਵਧ ਜਾਣ ਨਾਲ 50 ਦੇ ਕਰੀਬ ਪਰਿਵਾਰਾਂ ਦੇ ਘਰ ਪਾਣੀ ’ਚ ਘਿਰ ਗਏ ਅਤੇ ਉਨ੍ਹਾਂ ਦੇ ਬਾਕੀ ਦੁਨੀਆ ਤੋਂ ਸੰਪਰਕ ਟੁੱਟ ਗਿਆ| ਉਹ ਆਪਣਾ ਅਤੇ ਆਪਣੇ ਪਸ਼ੂਆਂ ਦਾ ਬਚਾਅ ਵੀ ਨਾ ਕਰ ਸਕੇ| ਵਧੇਰੇ ਘਰਾਂ ਵਿੱਚ ਰਾਤ ਦਾ ਖਾਣਾ ਤੱਕ ਵੀ ਨਾ ਬਣਾਇਆ ਜਾ ਸਕਿਆ|
ਇਲਾਕੇ ਦੇ ਕਿਸਾਨ ਕਾਰਜ ਸਿੰਘ, ਨਛੱਤਰ ਸਿੰਘ, ਬਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਉਹ ਰਾਤ ਭਰ ਘਰਾਂ ਦੀਆਂ ਛੱਤਾਂ ’ਤੇ ਬੈਠੇ ਰਹੇ| ਉਨ੍ਹਾਂ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਆਪਣਾ ਬਚਾਅ ਕਰਨ ਦੀਆਂ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਸਾਰੀਆਂ ਵਿਅਰਥ ਗਈਆਂ| ਉਨ੍ਹਾਂ ਦੇ ਪਸ਼ੂ ਵੀ ਰਾਤ ਭਰ ਪਾਣੀ ਵਿੱਚ ਖੜ੍ਹੇ ਰਹੇ| ਪ੍ਰਭਾਵਿਤ ਕਿਸਾਨਾਂ ਨੇ ਕਿਹਾ ਸਵੇਰ ਹੁੰਦਿਆਂ ਹੀ ਉਨ੍ਹਾਂ ਪ੍ਰਸ਼ਾਸਨ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਪਰ ਉਨ੍ਹਾਂ ਤੱਕ ਕਿਸ਼ਤੀਆਂ ਦੇਰ ਨਾਲ ਹੀ ਪਹੁੰਚ ਸਕੀਆਂ|
ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਕਿਹਾ ਕਿ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਉਨ੍ਹਾਂ ਸਮੇਤ ਹੋਰਨਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਦਰਿਆ ਵਿੱਚ ਫਸੇ ਕਿਸਾਨਾਂ ਅਤੇ ਹੋਰਨਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ|
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਰਿਆ ਅੰਦਰ ਫਸੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਗਿਆ ਹੈ ਭਾਵੇਂ ਕਿ ਘਰਾਂ ਦੇ ਕੁਝ ਜੀਅ ਆਪਣੇ ਘਰਾਂ ਦੀ ਰਾਖੀ ਆਦਿ ਕਰਨ ਲਈ ਉਥੇ ਰਹਿ ਰਹੇ ਹਨ| ਇਸ ਦੇ ਬਾਵਜੂਦ ਪ੍ਰਸ਼ਾਸਨ ਆਖਰੀ ਖਬਰਾਂ ਲਿਖੇ ਜਾਣ ਤੱਕ ਸਾਰੇ ਪਰਿਵਾਰਾਂ ਤੱਕ ਪਹੁੰਚ ਨਹੀਂ ਸੀ ਕਰ ਸਕਿਆ| ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਕਿਹਾ ਕਿ ਅੱਜ ਸਤਲੁਜ ਦਰਿਆ ਦੀ ਨਿਵਾਣ ਨੂੰ 2.75 ਲੱਖ ਕਿਉੂਸਿਕ ਪਾਣੀ ਵਹਿ ਰਿਹਾ ਹੈ ਜਿਹੜਾ ਬੀਤੇ ਕੱਲ੍ਹ 2.5 ਲੱਖ ਕਿਉੂਸਿਕ ਸੀ| ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੁੱਕੇ ਅਤੇ ਹਰੇ ਚਾਰੇ ਦੀ ਸਖਤ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਵਾਰ ਦਰਿਆਵਾਂ ਅੰਦਰ ਪਹਿਲਾਂ ਆਏ ਪਾਣੀ ਤੋਂ ਵਧੇਰੇ ਪਾਣੀ ਦੇ ਆਉਣ ਕਰਕੇ ਇਕ ਅਨੁਮਾਨ ਅਨੁਸਾਰ ਜ਼ਿਲ੍ਹੇ ਅੰਦਰ ਫਸਲਾਂ ਦਾ ਨੁਕਸਾਨ 90000 ਏਕੜ ਤੱਕ ਚਲੇ ਗਿਆ ਹੈ|