ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੜ੍ਹ ਦੀ ਮਾਰ: ਬਾਸਮਤੀ ਤੇ ਝੋਨਾ ਲਵਾਉਣ ਲੱਗੀ ਪੰਜਾਬ ਸਰਕਾਰ

08:04 AM Aug 01, 2023 IST
ਹੜ੍ਹ ਪ੍ਰਭਾਵਿਤ ਪਿੰਡ ਸਾਧੂਵਾਲਾ ’ਚ ਪਛੇਤਾ ਝੋਨਾ ਲਾਉਂਦੇ ਹੋਏ ਮਜ਼ਦੂਰ।

ਜੋਗਿੰਦਰ ਸਿੰਘ ਮਾਨ
ਮਾਨਸਾ, 31 ਜੁਲਾਈ
ਘੱਗਰ ਵਿੱਚ ਪਏ ਪਾੜਾਂ ਕਾਰਨ ਜਿਹੜੇ ਨੀਵੇਂ ਇਲਾਕਿਆਂ ਵਿੱਚ ਕਿਸਾਨਾਂ ਦੀਆਂ ਫ਼ਸਲਾਂ ਮਾਰੀਆਂ ਗਈਆਂ ਸਨ, ਉਥੇ ਹੁਣ ਪੰਜਾਬ ਸਰਕਾਰ ਝੋਨੇ ਦੀਆਂ ਪਛੇਤੀਆਂ ਕਿਸਮਾਂ ਅਤੇ ਬਾਸਮਤੀ ਦੀ ਲੁਆਈ ਕਰਵਾਉਣ ਲਈ ਕਾਹਲ ਕਰਨ ਲੱਗੀ ਹੈ। ਝੋਨੇ ਦੀ ਲੁਆਈ ਦੇ ਦਿਨ ਲੰਘਣ ਦੇ ਬਾਵਜੂਦ ਸਰਕਾਰ ਨੇ ਖੇਤੀ ਵਿਭਾਗ ਅਤੇ ਮਾਲ ਮਹਿਕਮੇ ਸਮੇਤ ਵਿਧਾਇਕਾਂ ਤੋਂ ਖੇਤਾਂ ’ਚੋਂ ਹੜ੍ਹਾਂ ਦਾ ਪਾਣੀ ਸੁੱਕਣ ਸਾਰ ਹੀ ਝੋਨੇ ਦੀ ਲੁਆਈ ਲਈ ਉਪਰਾਲੇ ਕਰਾਉਣੇ ਸ਼ੁਰੂ ਕਰ ਦਿੱਤੇ ਹਨ। ਮਾਨਸਾ ਜ਼ਿਲ੍ਹੇ ਵਿੱਚ ਆਏ ਹੜ੍ਹਾਂ ਵਾਲੇ ਖੇਤਰਾਂ ਵਿੱਚ ਅੱਜ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਸਮੇਤ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਆਪੋ-ਆਪਣੇ ਹੜ੍ਹ ਗ੍ਰਸਤ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਹੋਰਨਾਂ ਕਿਸਾਨਾਂ ਨੂੰ ਝੋਨਾ ਅਤੇ ਬਾਸਮਤੀ ਲਾਉਣ ਲਈ ਪ੍ਰੇਰਿਆ। ਜ਼ਿਲ੍ਹੇ ਦੇ ਪਿੰਡ ਰੋੜਕੀ, ਫੂਸ ਮੰਡੀ, ਭੁੱਲਣਵਾੜਾ, ਰਿਉਂਦ ਕਲਾਂ, ਚੱਕ ਅਲੀਸ਼ੇਰ, ਰਿਉਂਦ ਖੁਰਦ, ਕੁਲਰੀਆਂ, ਗੋਰਖਨਾਥ ਵਿੱਚ ਟਾਵੇਂ-ਟਾਵੇਂ ਖੇਤਾਂ ’ਚ ਝੋਨਾ ਲੱਗਣਾ ਸ਼ੁਰੂ ਹੋ ਗਿਆ ਹੈ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਭਾਵੇਂ ਮੀਂਹਾਂ ਅਤੇ ਹੜ੍ਹਾਂ ਦੇ ਪਾਣੀ ਨੇ ਨੀਵੇਂ ਇਲਾਕਿਆਂ ਦੀ ਫ਼ਸਲ ਨੂੰ ਮਾਰ ਦਿੱਤਾ ਹੈ, ਪਰ ਹੁਣ ਫ਼ਟਾਫ਼ਟ ਝੋਨੇ ਅਤੇ ਬਾਸਮਤੀ ਦੀਆਂ ਪਛੇਤੀਆਂ ਵਰਾਇਟੀਆਂ ਲਗਵਾ ਕੇ ਕਿਸਾਨਾਂ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਕੋਈ ਖੜੌਤ ਨਾ ਆਉਣ ਦਿੱਤੀ ਜਾਵੇ। ਜਿਹੜੇ ਕਿਸਾਨਾਂ ਵੱਲੋਂ ਮਰੀਆਂ ਫ਼ਸਲਾਂ ਤੋਂ ਬਾਅਦ ਹੁਣ ਹਿੰਮਤ ਕਰਕੇ ਨਵੀਂ ਫ਼ਸਲ ਨੂੰ ਲਾਇਆ ਜਾਵੇਗਾ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਮਰੀਆਂ ਫ਼ਸਲਾਂ ਦਾ ਵੱਖਰੇ ਤੌਰ ’ਤੇ ਛੇਤੀ ਮੁਆਵਜ਼ਾ ਦਿੱਤਾ ਜਾਵੇਗਾ, ਜਿਸ ਲਈ ਮਾਲ ਮਹਿਕਮੇ ਅਤੇ ਖੇਤੀਬਾੜੀ ਵਿਭਾਗ ਵੱਲੋਂ ਗਿਰਦਾਵਰੀਆਂ ਕਰਨ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ।
ਇਸੇ ਦੌਰਾਨ ਹੀ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਐਡਵਾਇਜ਼ਰੀ ਜਾਰੀ ਕਰਦਿਆਂ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਨੁਸਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵਿਭਾਗ ਵੱਲੋਂ 2 ਕਨਾਲ ਉੱਪਰ ਪੀ ਆਰ-126 ਦੀ ਪਨੀਰੀ ਦੀ ਬਿਜਾਈ ਕੀਤੀ ਗਈ ਹੈ ਜੋ 10 ਅਗਸਤ ਤੱਕ ਲੁਆਈ ਯੋਗ ਹੋ ਜਾਵੇਗੀ ਅਤੇ ਉਸ ਨੂੰ ਕਿਸਾਨ ਮੁਫ਼ਤ ’ਚ ਲੈ ਸਕਦੇ ਹਨ।
ਆਮ ਆਦਮੀ ਪਾਰਟੀ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਦੱਸਿਆ ਕਿ ਹੜ੍ਹਾਂ ਦੇ ਪਾਣੀ ਦੇ ਵਾਪਸ ਮੁੜਨ ਅਤੇ ਸੁੱਕਣ ਤੋਂ ਬਾਅਦ ਅਨੇਕਾਂ ਪਿੰਡਾਂ ਵਿੱਚ ਕਿਸਾਨਾਂ ਨੇ ਟਾਵੇਂ-ਟਾਵੇਂ ਥਾਵਾਂ ’ਤੇ ਝੋਨਾ ਲਾਉਣਾ ਆਰੰਭ ਕਰ ਦਿੱਤਾ ਹੈ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸੁਨੇਹਾ ਭੇਜਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਛੇਤਾ ਝੋਨਾ ਲਾਉਣ ਲਈ ਪਨੀਰੀ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨੇ ਦਿਲ ਖੋਲ੍ਹ ਕੇ ਹੜ੍ਹ ਪੀੜਤਾਂ ਲਈ ਪਨੀਰੀ ਲੁਆਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਪਛੇਤੇ ਝੋਨੇ ਦੀ ਵਢਾਈ ਤੋਂ ਬਾਅਦ ਵਿਕਣ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

Advertisement

ਘੱਗਰ-ਭਾਖੜਾ ਸਾਈਫਨ ’ਤੇ ਪਾਣੀ ਵਧਣ ਦੀ ਚਰਚਾ; ਅਫਵਾਹਾਂ ’ਤੇ ਧਿਆਨ ਨਾ ਦੇਣ ਦੀ ਸਲਾਹ: ਅਧਿਕਾਰੀ
ਬਰੇਟਾ (ਸਤ ਪ੍ਰਕਾਸ਼ ਸਿੰਗਲਾ): ਇਥੇ ਲਾਗਲੇ ਚਾਂਦਪੁਰਾ ਬੰਨ੍ਹ ਪੂਰਨ ਦਾ ਕੰਮ ਭਾਵੇਂ ਲਗਾਤਾਰ ਚੱਲ ਰਿਹਾ ਹੈ ਪਰ ਇਸ ਦੇ ਪੂਰੀ ਤਰ੍ਹਾਂ ਨਾਲ ਪੂਰੇ ਜਾਣ ਦੇ ਕੰਮ ’ਤੇ ਇੱਕ ਹਫਤਾ ਹੋਰ ਲੱਗ ਸਕਦਾ ਹੈ। ਇਸ ਬੰਨ੍ਹ ਦੇ ਕੰਮ ਦੀ ਹਲਕਾ ਵਿਧਾਇਕ ਬੁੱਧ ਰਾਮ ਵੱਲੋਂ ਪ੍ਰਸ਼ਾਸਨ ਸਣੇ ਨਿਗ੍ਹਾ ਰੱਖੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬੰਨ੍ਹ ਨੂੰ ਪੂਰਨ ਦੇ ਕੰਮ ਵਿੱਚ ਕੋਈ ਖੜੌਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਬੰਨ੍ਹ ਲਈ ਖਤਰਾ ਬਣਨ ਵਾਲੇ ਘੱਗਰ ਭਾਖੜਾ ਸਾਈਫਨ ਜਿਸ ਵਿੱਚ ਪਾਣੀ ਦਾ ਵਹਾਓ ਪਿਛਲੇ ਇੱਕ ਹਫਤੇ ਤੋਂ 6 ਫੁੱਟ ਚਲ ਰਿਹਾ ਹੈ ਜਿਸ ਵਿੱਚ ਕੋਈ ਬਦਲਾਅ ਲਈ ਆਇਆ। ਇਹ ਜਾਣਕਾਰੀ ਦਿੰਦੇ ਹੋਏ ਪੋਕਲਾਈਨ ਦੇ ਅਪਰੇਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਭਾਵੇਂ ਕਿ ਕੱਲ੍ਹ ਇਸ ਦੇ ਵਿੱਚ ਪਾਣੀ ਵਧਣ ਦੀ ਚਰਚਾ ਸੀ ਕਿ ਪਿੱਛੋਂ ਪਾਣੀ ਵੱਧ ਗਿਆ ਹੈ ਜਿਸ ਕਾਰਨ ਇਸ ਸਾਈਫਨ ’ਤੇ ਵੀ ਪਾਣੀ ਵਧੇਗਾ। ਇਸ ਤੋਂ ਬਾਅਦ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਵਿੱਚ ਸਹਿਮ ਪੈਦਾ ਹੋ ਗਿਆ ਸੀ ਪਰ ਹੁਣ ਪਾਣੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਜਿਸ ਸਦਕਾ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਅਫਵਾਹਾਂ ’ਤੇ ਧਿਆਨ ਨਾ ਦੇਣ ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਪ੍ਰਭਾਵਿਤ ਖੇਤਾਂ ਵਿੱਚ ਮੁੜ ਝੋਨਾ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

Advertisement
Advertisement