ਮੀਂਹ ਕਾਰਨ ਰਾਜਧਾਨੀ ਦੇ ਕਈ ਖੇਤਰਾਂ ਵਿੱਚ ਜਲਥਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਜੁਲਾਈ
ਅੱਜ ਇੱਥੇ ਦਿੱਲੀ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਨਾਲ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਰਾਹਤ ਮਿਲੀ। ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਦੇ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਭਾਰੀ ਮੀਂਹ ਪਿਆ, ਭਾਰਤ ਮੌਸਮ ਵਿਭਾਗ (ਆਈਐਮਡੀ) ਨੇ ਅਗਲੇ ਪੰਜ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੱਧ ਅਤੇ ਦੱਖਣੀ ਦਿੱਲੀ ਵਿੱਚ ਮੀਂਹ ਦਾ ਅਸਰ ਜ਼ਿਆਦਾ ਸੀ। ਆਸ਼ਰਮ, ਭੋਗਲ, ਬਦਰਪੁਰ ਵਿਖੇ ਦਿੱਲੀ ਵਿੱਚ ਤੇਜ਼ ਬਾਰਸ਼ ਪਈ। ਇਸ ਕਾਰਲ ਕਈ ਥਾਈਂ ਆਵਾਜਾਈ ਜਾਮ ਹੋ ਗਈ। ਸੜਕਾਂ ’ਤੇ ਪਾਣੀ ਖੜ੍ਹਨ ਕਾਰਨ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਨੋਇਡਾ, ਗਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਭਾਰੀ ਮੀਹ ਪਿਆ ਅਤੇ ਸੜਕਾਂ ਜਲ-ਥਲ ਹੋ ਗਈਆਂ।
ਕਈ ਥਾਵਾਂ ਉੱਪਰ ਪਾਣੀ ਭਰਨ ਕਰਕੇ ਜਾਮ ਵੀ ਲੱਗਿਆ। ਦੁਪਹਿਰ ਵੇਲੇ ਕਰੀਬ ਇਕ ਘੰਟਾ ਲਗਾਤਾਰ ਮੀਂਹ ਇਨ੍ਹਾਂ ਖੇਤਰਾਂ ਵਿੱਚ ਪਿਆ। ਹਾਲਾਂਕਿ ਦਿੱਲੀ ਨਗਰ ਨਿਗਮ ਨੇ ਦਿੱਲੀ ਵਿੱਚ ਪਾਣੀ ਦੀ ਨਿਕਾਸੀ ਦੇ ਪੁਖਤਾ ਇੰਤਜ਼ਾਮ ਕਰਨ ਦੇ ਦਾਅਵੇ ਕੀਤੇ ਸਨ ਪਰ ਫਿਰ ਵੀ ਕਈ ਥਾਈਂ ਸੜਕਾਂ ’ਤੇ ਪਾਣੀ ਖੜ੍ਹਿਆ ਦਿਖਾਈ ਦਿੱਤਾ। ਇਹ ਪਾਣੀ ਕਈ ਘੰਟੇ ਸੜਕਾਂ ’ਤੇ ਖੜ੍ਹਿਆ ਰਿਹਾ। ਇਸ ਕਾਰਨ ਕਈ ਵਾਹਨ ਬੰਦ ਹੋ ਗਏ। ਰਾਜਧਾਨੀ ਵਿੱਚ ਮੀਂਹ ਪੈਣ ਤੋਂ ਪਹਿਲਾਂ ਤੇਜ਼ ਹਵਾਵਾਂ ਚੱਲੀਆਂ। ਮਗਰੋਂ ਲਛਮੀਨਗਰ, ਦਿੱਲੀ ਛਾਉਣੀ, ਪਾਲਮ, ਸਫਦਰਜੰਗ, ਸੰਸਦ ਮਾਰਗ, ਦਿਲਸ਼ਾਦ ਗਾਰਡਨ, ਆਈਟੀਓ ਅਤੇ ਗਰੇਟਰ ਕੈਲਾਸ਼ ਸਣੇ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਭਰਵਾਂ ਮੀਂਹ ਪਿਆ। ਕਈ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਕਾਰਨ ਰਾਜਧਾਨੀ ਵਿੱਚ ਕਈ ਥਾਈਂ ਜਾਮ ਲੱਗਿਆ ਦੇਖਿਆ ਗਿਆ।
12 ਅਤੇ 13 ਨੂੰ ਹਲਕੀ ਤੇ ਦਰਮਿਆਨੀ ਬਾਿਰਸ਼ ਪੈਣ ਦੀ ਚਿਤਾਵਨੀ
ਦਿੱਲੀ: ਰਾਜਧਾਨੀ ’ਚ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਲਗਾਤਾਰ ਛੇਵੇਂ ਦਿਨ ‘ਤਸੱਲੀਬਖਸ਼’ ਸ਼੍ਰੇਣੀ ’ਚ ਰਿਹਾ। ਮੌਸਮ ਵਿਭਾਗ ਨੇ 12 ਅਤੇ 13 ਜੁਲਾਈ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਲਈ ਇੱਕ ਪੀਲੀ ਚਿਤਾਵਨੀ ਵੀ ਦਿੱਤੀ ਹੈ। ਅੱਜ ਨੂੰ ਦਿੱਲੀ ਦਾ ਤਾਪਮਾਨ 34.06 ਡਿਗਰੀ ਸੈਲਸੀਅਸ ਸੀ। ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ 27.84 ਡਿਗਰੀ ਸੈਲਸੀਅਸ ਅਤੇ 38.42 ਡਿਗਰੀ ਸੈਲਸੀਅਸ ਦਰਸਾਉਂਦਾ ਸੀ। ਨਮੀ 55 ਫ਼ੀਸਦ ਰਹੀ ਅਤੇ ਹਵਾ ਦੀ ਗਤੀ 55 ਕਿਲੋਮੀਟਰ ਪ੍ਰਤੀ ਘੰਟਾ ਸੀ। ਬੁੱਧਵਾਰ ਨੂੰ ਦਿੱਲੀ ’ਚ ਕ੍ਰਮਵਾਰ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ 32.61 ਡਿਗਰੀ ਸੈਲਸੀਅਸ ਅਤੇ 40.94 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਸੀ। ਕੱਲ੍ਹ ਨਮੀ ਦਾ ਪੱਧਰ 36 ਫ਼ੀਸਦ ਰਹੇਗਾ।