For the best experience, open
https://m.punjabitribuneonline.com
on your mobile browser.
Advertisement

ਭਰਵੇਂ ਮੀਂਹ ਨਾਲ ਮਾਨਸਾ ’ਚ ਜਲ-ਥਲ

09:57 AM Aug 20, 2024 IST
ਭਰਵੇਂ ਮੀਂਹ ਨਾਲ ਮਾਨਸਾ ’ਚ ਜਲ ਥਲ
ਮਾਨਸਾ ਦੇ ਮੁੱਖ ਬਾਜ਼ਾਰ ’ਚ ਮੀਂਹ ਦਾ ਪਾਣੀ ਭਰਨ ਕਾਰਨ ਬੰਦ ਪਈਆਂ ਦੁਕਾਨਾਂ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 19 ਅਗਸਤ
ਰੱਖੜੀ ਦੇ ਤਿਉਹਾਰ ਵਾਲੇ ਦਿਨ ਸਵੇਰ ਵੇਲੇ ਪਏ ਮੀਂਹ ਨੇ ਸ਼ਹਿਰ ਵਿਚ ਜਲ-ਥਲ ਕਰ ਦਿੱਤਾ। ਇਹ ਮੀਂਹ ਭਾਵੇਂ ਥੋੜਾ ਸਮਾਂ ਹੀ ਵਰ੍ਹਿਆ ਪਰ ਇਸ ਨੇ ਦੇਰ ਸ਼ਾਮ ਤਕ ਮਾਨਸਾ ਵਾਸੀਆਂ ਲਈ ਮੁਸੀਬਤਾਂ ਖੜ੍ਹੀਆਂ ਕਰੀ ਰੱਖੀਆਂ। ਰੱਖੜੀ ਦਾ ਤਿਉਹਾਰ ਹੋਣ ਕਾਰਨ ਸ਼ਹਿਰ ਵਿਚ ਪਏ ਇਸ ਮੀਂਹ ਨੇ ਰਾਹਗੀਰਾਂ ਅਤੇ ਗਾਹਕਾਂ ਲਈ ਅੜਿੱਕੇ ਖੜ੍ਹੇ ਕੀਤੇ। ਬਹੁਤੇ ਦੁਕਾਨਦਾਰਾਂ ਵੱਲੋਂ ਬਾਜ਼ਾਰ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਦੁਕਾਨਾਂ ਬੰਦ ਰੱਖੀਆਂ ਗਈਆਂ।
ਭਾਵੇਂ ਨਗਰ ਕੌਂਸਲ ਅਤੇ ਪ੍ਰਸ਼ਾਸ਼ਨ ਨੇ ਜਲ ਨਿਕਾਸੀ ਦੇ ਪ੍ਰਬੰਧਾਂ ਵਿਚ ਸੁਧਾਰ ਲਿਆਂਦਾ ਸੀ, ਪਰ ਅੱਜ ਪਏ ਮੀਂਹ ਅੱਗੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਦੇਰ ਸ਼ਾਮ ਤੱਕ ਸ਼ਹਿਰ ਦੇ ਬੱਸ ਸਟੈਂਡ ਸਣੇ ਹੋਰ ਸਾਰੇ ਮੁੱਖ ਮਾਰਗਾਂ ’ਤੇ ਜਲ-ਥਲ ਹੋਇਆ ਪਿਆ ਸੀ। ਇਸ ਕਾਰਨ ਲੰਘਣ-ਟੱਪਣ ਵਾਲਿਆਂ ਨੂੰ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪਿਆ ਹੈ। ਸੀਵਰੇਜ ਦੇ ਜਾਮ ਹੋਣ ਕਾਰਨ ਗੰਦਾ ਪਾਣੀ, ਮੀਂਹ ਦੇ ਪਾਣੀ ਵਿੱਚ ਰਲ ਗਿਆ ਜਿਸ ਨੇ ਲੋਕਾਂ ਨੂੰ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ।
ਇਸੇ ਦੌਰਾਨ ਮਾਨਸਾ ਦੇ ਬੱਸ ਸਟੈਂਡ ਦੇ ਚੌਕ ਸਾਹਮਣੇ ਦੁਰਗਾ ਸਵੀਟਸ ਸ਼ਾਪ ਦੇ ਮਾਲਕ ਬੱਬੂ ਕੁਮਾਰ ਨੇ ਦੱਸਿਆ ਕਿ ਮੀਂਹ ਕਾਰਨ ਚੌਕ ਵਿੱਚ ਪਾਣੀ ਭਰ ਗਿਆ ਅਤੇ ਲੋਕ ਮਿਠਾਈਆਂ ਅਤੇ ਰੱਖੜੀਆਂ ਲੈਣ ਲਈ ਘਰਾਂ ’ਚੋਂ ਹੀ ਨਾ ਨਿਕਲ ਸਕੇ। ਇਸੇ ਤਰ੍ਹਾਂ ਫ਼ਲ ਵਿਕਰੇਤਾ ਬਲਵਿੰਦਰ ਕੁਮਾਰ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਵੇਚਣ ਲਈ ਵੱਡੀ ਮਾਤਰਾ ’ਚ ਫ਼ਲ ਲਿਆਂਦੇ ਸਨ, ਪਰ ਚੌਕ ਵਿੱਚ ਖੜ੍ਹੇ ਮੀਂਹ ਦੇ ਪਾਣੀ ਕਾਰਨ ਕੋਈ ਗਾਹਕ ਬਾਹਰ ਨਹੀਂ ਨਿਕਲ ਸਕਿਆ। ਇਸ ਕਾਰਨ ਉਨ੍ਹਾਂ ਦੇ ਫ਼ਲ ਵੇਚਣ ਵਾਲੇ ਸੁਫ਼ਨਿਆਂ ਨੂੰ ਬੂਰ ਨਹੀਂ ਪਿਆ। ਇਹੋ ਹਾਲ ਜਨਰਲ ਸਟੋਰ ’ਤੇ ਰੱਖੜੀਆਂ ਵੇਚਣ ਵਾਲਿਆਂ ਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅਨੇਕਾਂ ਪਰਿਵਾਰ ਰੱਖੜੀ ਵਾਲੇ ਦਿਨ ਸਵੇਰੇ ਹੀ ਰੱਖੜੀਆਂ ਖ਼ਰੀਦਦੇ ਹਨ, ਜੋ ਮੀਂਹ ਪੈਣ ਕਾਰਨ ਬਾਹਰ ਨਹੀਂ ਨਿਕਲ ਸਕੇ ਹਨ।
ਬੇਸ਼ੱਕ ਨਗਰ ਕੌਂਸਲ ਨੇ ਮੀਂਹਾਂ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਸੀ, ਪਰ ਅੱਜ ਪਏ ਮੀਂਹ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿੱਕਲਣ ਜੋਗੇ ਨਹੀਂ ਛੱਡਿਆ ਕਿਉਂਕਿ ਸ਼ਹਿਰ ਦੇ ਬੱਸ ਸਟੈਂਡ ਵਾਲੇ ਅਨੇਕਾਂ ਹਿੱਸਿਆਂ ਵਿਚ ਮੀਂਹ ਦਾ ਪਾਣੀ ਭਰ ਗਿਆ ਸੀ। ਸ਼ਹਿਰ ਵਿੱਚ ਵੱਡੀ ਮਾਤਰਾ ’ਚ ਪਾਣੀ ਜਮ੍ਹਾਂ ਹੋਣ ਕਾਰਨ ਦੋ ਪਹੀਆ ਵਾਹਨਾਂ ਲਈ ਵੱਡੀ ਮੁਸੀਬਤ ਬਣ ਗਈ। ਵੱਡੀ ਗਿਣਤੀ ਲੋਕਾਂ ਦੇ ਸਕੂਟਰ ਤੇ ਮੋਟਰਸਾਈਕਲ ਇਸ ਪਾਣੀ ਵਿਚ ਬੰਦ ਹੋ ਗਏ।

Advertisement

ਮੀਂਹ ਕਾਰਨ ਤਪਾ ਮੰਡੀ ਵਿੱਚ ਬਾਜ਼ਾਰ ਬੰਦ ਰਹੇ

ਨਗਰ ਕੌਂਸਲ ਤਪਾ ਦੇ ਦਫ਼ਤਰ ਅੱਗੇ ਭਰਿਆ ਹੋਇਆ ਮੀਂਹ ਦਾ ਪਾਣੀ।

ਤਪਾ ਮੰਡੀ (ਸੀ ਮਾਰਕੰਡਾ):

Advertisement

ਇਲਾਕੇ ’ਚ ਸਾਉਣ ਦੇ ਮਹੀਨੇ ਵਿੱਚ ਭਰਵਾਂ ਮੀਂਹ ਨਹੀਂ ਪਿਆ ਤੇ ਲੋਕ ਗਰਮੀ ਵਿੱਚ ਪ੍ਰੇਸ਼ਾਨ ਹੁੰਦੇ ਰਹੇ। ਭਾਦੋਂ ਦੀ ਪਹਿਲੀ ਬਰਸਾਤ ਨੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਇੱਥੇ ਸ਼ਹਿਰ ਵਿੱਚ ਪਾਣੀ ਦਾ ਨਿਕਾਸੀ ਸਿਸਟਮ ਠੱਪ ਹੋ ਗਿਆ ਜਿਸ ਕਾਰਨ ਸਾਰੇ ਬਾਜ਼ਾਰ ਵਿੱਚ ਮੀਂਹ ਦਾ ਪਾਣੀ ਭਰ ਗਿਆ। ਅੱਜ ਪਏ ਭਰਵੇਂ ਮੀਂਹ ਕਾਰਨ ਘਰਾਂ ਅਤੇ ਦੁਕਾਨਾਂ ਦੇ ਅੰਦਰ ਵੀ ਪਾਣੀ ਦਾਖ਼ਲ ਹੋ ਗਿਆ। ਭਾਵੇਂ ਨਗਰ ਕੌਂਸਲ ਪਾਣੀ ਨਿਕਾਸੀ ਦੇ ਦਾਅਵੇ ਕਰ ਰਹੀ ਸੀ ਪਰ ਅੱਜ ਦੀ ਬਰਸਾਤ ਨੇ ਲੋਕਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ। ਅੱਜ ਕੌਂਸਲ ਦਫ਼ਤਰ ਅੱਗੇ ਵੀ ਪਾਣੀ ਭਰ ਗਿਆ। ਸੜਕਾਂ ’ਤੇ ਪਾਣੀ ਭਰਨ ਕਾਰਨ ਦੁਕਾਨਦਾਰਾਂ ਨੂੰ ਕਈ ਬਾਜ਼ਾਰ ਬੰਦ ਰੱਖਣੇ ਪਏ।

Advertisement
Author Image

joginder kumar

View all posts

Advertisement