ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਨਸਾ ਤੇ ਮੋਗਾ ਵਿੱਚ ਮੌਨਸੂਨ ਦੇ ਪਹਿਲੇ ਮੀਂਹ ਨਾਲ ਜਲਥਲ

07:23 AM Jul 05, 2024 IST
ਮਾਨਸਾ ਵਿੱਚ ਵੀਰਵਾਰ ਨੂੰ ਸਕੂਲ ’ਚੋਂ ਛੁੱਟੀ ਹੋਣ ਮਗਰੋਂ ਸੜਕ ’ਤੇ ਭਰੇ ਮੀਂਹ ਦੇ ਪਾਣੀ ’ਚੋਂ ਲੰਘਦੇ ਹੋਏ ਬੱਚੇ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 4 ਜੁਲਾਈ
ਇਥੇ ਅੱਜ ਪਏ ਮੀਂਹ ਨੇ ਮਾਨਸਾ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਮੁੜ ਪੋਲ ਖੋਲ੍ਹ ਦਿੱਤੀ ਹੈ। ਨਗਰ ਕੌਂਸਲ ਦੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਮੀਂਹ ਕਾਰਨ ਦੇਰ ਸ਼ਾਮ ਤੱਕ ਸ਼ਹਿਰ ਦੇ ਬੱਸ ਅੱਡੇ ਤੇ ਹੋਰ ਸਾਰੇ ਮੁੱਖ ਮਾਰਗ ਜਲਥਲ ਹੋ ਗਏ ਸਨ ਜਿਸ ਕਾਰਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ, ਮੀਂਹ ਦੇ ਪਾਣੀ ਵਿੱਚ ਰਲ ਗਿਆ ਜਿਸ ਕਾਰਨ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨੀ ਝੱਲਣੀ ਪਈ।
ਦੂਜੇ ਪਾਸੇ ਮੀਂਹ ਦੇ ਪਾਣੀ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵੀ ਘੇਰ ਲਈ ਅਤੇ ਪਾਣੀ ਨੂੰ ਰਿਹਾਇਸ਼ ਅੰਦਰ ਜਾਣ ਤੋਂ ਰੋਕਣ ਲਈ ਮਿੱਟੀ ਦੇ ਗੱਟਿਆਂ ਦਾ ਸਹਾਰਾ ਲੈਣਾ ਪਿਆ। ਇਸੇ ਦੌਰਾਨ ਵਾਟਰ ਵਰਕਸ ਰੋਡ ਸਥਿਤ ਐਸਬੀਆਈ ਬੈਂਕ ਵਿਚ ਪਾਣੀ ਭਰਨ ਕਾਰਨ ਕੰਮਕਾਰ ਠੱਪ ਹੋ ਗਿਆ। ਬੈਂਕ ਵਿਚ ਕੰਮਕਾਜ ਲਈ ਆਏ ਲੋਕਾਂ ਨੂੰ ਵਾਪਸ ਮੁੜਨਾ ਪਿਆ। ਇਸੇ ਰੋਡ ’ਤੇ ਮੀਂਹ ਕਾਰਨ ਐਕਸਿਸ ਬੈਂਕ ਦੀ ਛੱਤ ਦਾ ਹਿੱਸਾ ਵੀ ਟੁੱਟ ਕੇ ਡਿੱਗ ਗਿਆ, ਜਿਸ ਕਾਰਨ ਬੈਂਕ ਵਿੱਚ ਹਫੜਾ ਦਫੜੀ ਮੱਚ ਗਈ। ਭਾਵੇਂ ਨਗਰ ਕੌਂਸਲ ਨੇ ਮੀਂਹਾਂ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਅੱਜ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ ਕਿਉਂਕਿ ਸ਼ਹਿਰ ਦੇ ਹਰ ਹਿੱਸੇ ਵਿਚਲੀਆਂ ਗਲੀਆਂ ਵਿੱਚ ਮੀਂਹ ਦਾ ਪਾਣੀ ਭਰ ਗਿਆ। ਸ਼ਹਿਰ ਦੇ ਅੰਡਰ ਬਰਿੱਜ ਵਿਚ ਪਾਣੀ ਜਮ੍ਹਾਂ ਹੋਣ ਕਾਰਨ ਦੋ ਪਹੀਆ ਵਾਹਨਾਂ ਲਈ ਵੱਡੀ ਮੁਸੀਬਤ ਬਣ ਗਈ, ਅਨੇਕਾਂ ਲੋਕਾਂ ਦੇ ਸਕੂਟਰ-ਮੋਟਰ ਸਾਈਕਲ ਇਸ ਪਾਣੀ ਵਿਚ ਬੰਦ ਹੋ ਗਏ। ਕਈ ਮੁਹੱਲਿਆਂ ਵਿਚ ਮੀਂਹ ਦਾ ਪਾਣੀ ਗਲੀਆਂ ਭਰਨ ਤੋਂ ਬਾਅਦ ਘਰਾਂ ਵਿਚ ਦਾਖਲ ਹੋ ਗਿਆ, ਲੋਕਾਂ ਨੂੰ ਇਹ ਪਾਣੀ ਘਰਾਂ ’ਚੋਂ ਬਾਲਟੀਆਂ ਨਾਲ ਬਾਹਰ ਕੱਢਣਾ ਪਿਆ। ਸਰਕਾਰੀ ਦਫ਼ਤਰਾਂ ਦੇ ਬਾਬੂਆਂ ਅਤੇ ਸਕੂਲੀ ਬੱਚਿਆਂ ਨੂੰ ਛੁੱਟੀ ਤੋਂ ਬਾਅਦ ਘਰਾਂ ਨੂੰ ਪਰਤਣ ਵਿੱਚ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਮੀਂਹ ਪੈਣ ਕਾਰਨ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ। ਮੀਂਹ ਪੈਣ ਮਗਰੋਂ ਝੋਨੇ ਦੀ ਲੁਆਈ ਦਾ ਕੰਮ ਤੇਜ਼ ਹੋ ਗਿਆ ਹੈ। ਇਲਾਕੇ ਵਿੱਚ ਪਹਿਲੀ ਵਾਰ ਖੇਤਾਂ ਦੀਆਂ ਮੋਟਰਾਂ ਤੇ ਟਿਊਬਵੈਲ ਬੰਦ ਪਏ ਵੇਖੇ ਗਏ। ਅੱਜ ਮੀਂਹ ਪੈਣ ਮਗਰੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਖੇਤੀਬਾੜੀ ਵਿਭਾਗ ਨੇ ਇਸ ਮੀਂਹ ਨੂੰ ਝੋਨੇ ਸਮੇਤ ਹੋਰ ਫਸਲਾਂ ਲਈ ਲਾਹੇਵੰਦ ਦੱਸਿਆ ਹੈ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਮੌਨਸੂਨ ਦੇ ਪਹਿਲੇ ਮੋਹਲੇਧਾਰ ਮੀਂਹ ਕਾਰਨ ਰੇਲਵੇ ਅੰਡਰ ਬਰਿੱਜ ਤੇ ਹੋਰ ਨੀਵੇਂ ਖੇਤਰਾਂ ਵਿਚ ਪਾਣੀ ਭਰ ਗਿਆ। ਸੀਵਰੇਜ ਸਿਸਟਮ ਵੀ ਮੀਂਹ ਦਾ ਪਾਣੀ ਨਾ ਝੱਲ ਸਕਿਆ ਅਤੇ ਗਲੀਆਂ ਪਾਣੀ ਨਾਲ ਭਰ ਗਈ। ਮੀਂਹ ਪੈਣ ਨਾਲ ਕਿਸਾਨ ਵੀ ਬਾਗੋ ਬਾਗ ਹਨ। ਪਿੰਡ ਸਮਾਧਭਾਈ ਵਿਖੇ ਮੀਂਹ ਕਾਰਨ ਦੀਵਾਰ ਵਿਹੜੇ ’ਚ ਸੁੱਤੇ ਪਏ ਪਰਿਵਾਰਕ ਮੈਂਬਰਾਂ ਉੱਤੇ ਡਿੱਗ ਪਈ। ਦੀਵਾਰ ਹੇਠ ਦਬਕੇ ਪਰਿਵਾਰ ਦੇ ਚਾਰ ਜੀਅ ਜਖ਼ਮੀ ਹੋ ਗਏ। ਜਿਨ੍ਹਾਂ ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇੱਕ ਜੀਅ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਫ਼ਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਹੈ। ਇਸ ਮੀਂਹ ਨਾਲ ਭਾਵੇਂ ਤਾਪਮਾਨ ਵਿੱਚ ਕਮੀ ਆਈ ਪਰ ਮੌਸਮ ਵਿੱਚ ਹੁੰਮਸ ਵਧ ਹੋਣ ਕਰਕੇ ਗਰਮੀ ਕਾਰਨ ਬੁਰਾ ਹਾਲ ਰਿਹਾ।

Advertisement

Advertisement