For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ’ਚ ਅੱਧੇ ਘੰਟੇ ਦੇ ਮੀਂਹ ਨਾਲ ਜਲ-ਥਲ

07:03 AM Sep 26, 2024 IST
ਚੰਡੀਗੜ੍ਹ ’ਚ ਅੱਧੇ ਘੰਟੇ ਦੇ ਮੀਂਹ ਨਾਲ ਜਲ ਥਲ
ਚੰਡੀਗੜ੍ਹ ਦੀ ਇੱਕ ਸੜਕ ’ਤੇ ਪਾਣੀ ਭਰਨ ਕਾਰਨ ਵਾਹਨਾਂ ਦਾ ਲੱਗਿਆ ਜਾਮ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰਦਾ ਹੋਇਆ ਪੁਲੀਸ ਮੁਲਾਜ਼ਮ। -ਫੋਟੋ: ਵਿੱਕੀ ਘਾਰੂ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 25 ਸਤੰਬਰ
ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਬਾਅਦ ਅੱਜ ਸ਼ਾਮ ਸਮੇਂ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਅੱਜ ਅੱਧਾ ਘੰਟਾ ਪਏ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਨੂੰ ਜਲ-ਥਲ ਕਰ ਦਿੱਤਾ ਜਿਸ ਕਰ ਕੇ ਕਈ ਸੜਕਾਂ ’ਤੇ ਗੋਡੇ-ਗੋਡੇ ਪਾਣੀ ਖੜ੍ਹਾ ਹੋ ਗਿਆ। ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਰ ਕੇ ਲੋਕਾਂ ਨੂੰ ਆਵਾਜਾਈ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਵਿੱਚ ਅੱਧੇ ਘੰਟੇ ਵਿੱਚ ਹੀ 31.4 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਅੱਜ ਸ਼ਹਿਰ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 27.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਦੋਵੇਂ ਹੀ ਆਮ ਨਾਲੋਂ 4 ਡਿਗਰੀ ਸੈਲਸੀਅਸ ਘੱਟ ਦਰਜ ਕੀਤੇ ਗਏ ਹਨ। ਮੌਸਮ ਵਿਗਿਆਨੀਆਂ ਨੇ 26, 27 ਤੇ 28 ਸਤੰਬਰ ਨੂੰ ਸ਼ਹਿਰ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਕਈ ਦਿਨਾਂ ਤੋਂ ਹੁੰਮਸ ਭਰੀ ਗਰਮੀ ਪੈ ਰਹੀ ਸੀ, ਜਿਸ ਕਰ ਕੇ ਲੋਕਾਂ ਨੂੰ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅੱਜ ਸ਼ਾਮ ਨੂੰ 4 ਵਜੇ ਅਚਾਨਕ ਮੌਸਮ ਤਬਦੀਲ ਹੋ ਗਿਆ। ਇਸ ਤੋਂ ਬਾਅਦ ਇਕਦਮ ਮੀਂਹ ਪੈਣਾ ਸ਼ੁਰੂ ਹੋ ਗਿਆ। ਮੀਂਹ ਨੇ ਮੌਸਮ ਵੀ ਖੁਸ਼ਗਵਾਰ ਕਰ ਦਿੱਤਾ, ਜਿਸ ਕਰ ਕੇ ਵੱਡੀ ਗਿਣਤੀ ਵਿੱਚ ਲੋਕ ਮੀਂਹ ਦਾ ਆਨੰਦ ਮਾਣਦੇ ਦਿਖਾਈ ਦਿੱਤੇ। ਮੀਂਹ ਤੋਂ ਬਾਅਦ ਸ਼ਹਿਰ ਦੇ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ, ਵੱਡੀ ਗਿਣਤੀ ਵਿੱਚ ਲੋਕ ਸੁਖਨਾ ਝੀਲ ਤੇ ਰੋਜ਼ ਗਾਰਡਨ ਵਿੱਚ ਪਹੁੰਚ ਕੇ ਖੁਸ਼ਗਵਾਰ ਮੌਸਮ ਦਾ ਆਨੰਦ ਮਾਣਦੇ ਦਿਖਾਈ ਦਿੱਤੇ।

Advertisement

ਪੰਜਾਬ ਯੂਨੀਵਰਸਿਟੀ ਅਤੇ ਪੀਜੀਆਈ ’ਚ ਭਰਿਆ ਪਾਣੀ

Advertisement

ਪੀਜੀਆਈ ਵਿੱਚ ਭਰੇ ਪਾਣੀ ਵਿੱਚੋਂ ਵ੍ਹੀਲਚੇਅਰ ਤੋਂ ਬਾਹਰ ਆਉਂਦਾ ਹੋਇਆ ਮਰੀਜ਼। -ਫੋਟੋ: ਪ੍ਰਦੀਪ ਤਿਵਾੜੀ

ਚੰਡੀਗੜ੍ਹ (ਕੁਲਦੀਪ ਸਿੰਘ): ਸ਼ਹਿਰ ਵਿੱਚ ਅੱਜ ਬਾਅਦ ਦੁਪਹਿਰ ਪਏ ਮੀਂਹ ਨੇ ਪੰਜਾਬ ਯੂਨੀਵਰਸਿਟੀ ਤੇ ਪੀਜੀਆਈ ਵਿੱਚ ਜਲ ਨਿਕਾਸ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਦੋਵੇਂ ਸੰਸਥਾਵਾਂ ਵਿੱਚ ਰੋਡ ਗਲ਼ੀਆਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਵਾਲੇ ਸਿਸਟਮ ਬੰਦ ਹੋਣ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇੱਥੇ ਆਵਾਜਾਈ ਜਾਮ ਹੋ ਗਈ। ਪੀਜੀਆਈ ਵਿੱਚ ਨਹਿਰੂ ਹਸਪਤਾਲ ਅਤੇ ਆਸ-ਪਾਸ ਦੇ ਨੀਵੇਂ ਇਲਾਕਿਆਂ ਵਿੱਚ ਬਰਸਾਤੀ ਪਾਣੀ ਭਰ ਗਿਆ। ਰੇਡੀਓਥੈਰੇਪੀ ਅਤੇ ਰੇਡੀਓ ਡਾਇਗਨੋਸਿਸ ਦੇ ਵਿਭਾਗਾਂ ਵਿੱਚ ਕੁਝ ਉੱਚ-ਤਕਨੀਕੀ ਉਪਕਰਨਾਂ ਨੂੰ ਸਾਵਧਾਨੀ ਵਜੋਂ ਬੰਦ ਕਰਨਾ ਪਿਆ। ਸੰਸਥਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. ਆਰਕੇ ਰਾਠੋ ਅਤੇ ਮੈਡੀਕਲ ਸੁਪਰਡੈਂਟ ਪ੍ਰੋ. ਵਿਪਿਨ ਕੌਸ਼ਲ ਨੇ ਸੈਨੀਟੇਸ਼ਨ ਅਤੇ ਇੰਜੀਨੀਅਰਿੰਗ ਟੀਮਾਂ ਨੂੰ ਨਾਲ ਲੈ ਕੇ ਨਹਿਰੂ ਹਸਪਤਾਲ ਤੇ ਹੋਰ ਇਮਾਰਤਾਂ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਭਰਨ ਤੇ ਪਾਣੀ ਇਕੱਠਾ ਹੋਣ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇਗੀ। ਪੰਜਾਬ ਯੂਨੀਵਰਸਿਟੀ ਵਿੱਚ ਵੀ ਬਰਸਾਤੀ ਪਾਣੀ ਭਰਨ ਕਾਰਨ ਕੈਂਪਸ ਵਿੱਚ ਆਵਾਜਾਈ ਜਾਮ ਹੋ ਗਈ। ਪਾਣੀ ਦਾ ਪੱਧਰ ਕਾਫ਼ੀ ਉੱਚਾ ਹੋਣ ਕਰ ਕੇ ਕਈ ਵਾਹਨ ਇੰਜਣ ਵਿੱਚ ਪਾਣੀ ਜਾਣ ਕਾਰਨ ਬੰਦ ਹੋ ਗਏ। ਗੇਟ ਨੰਬਰ 1 ਤੋਂ ਲੈ ਕੇ ਸਾਰੇ ਕੈਂਪਸ ਵਿੱਚ ਪਾਣੀ ਭਰਿਆ ਹੋਇਆ ਸੀ। ਪੀਯੂ ਦਾ ਸਕਿਓਰਿਟੀ ਸਟਾਫ਼ ਆਵਜਾਈ ਬਹਾਲ ਕਰਨ ਵਿੱਚ ਲੱਗਿਆ ਹੋਇਆ ਸੀ।

Advertisement
Author Image

Advertisement