ਮੀਂਹ ਕਾਰਨ ਅੰਮਿ੍ਰਤਸਰ ਵਿੱਚ ਜਲ-ਥਲ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਜੂਨ
ਬੀਤੀ ਰਾਤ ਅੰਮ੍ਰਿਤਸਰ ਵਿਚ ਭਾਰੀ ਬਾਰਸ਼ ਹੋਈ ਹੈ। ਮੌਸਮ ਵਿਭਾਗ ਤੋਂ ਮਿਲ਼ੇ ਆਂਕੜਿਆਂ ਮੁਤਾਬਕ ਸਵੇਰੇ ਅੱਠ ਵਜੇ ਤੱਕ ਲਗਭਗ 100 ਐਮ ਐਮ ਤੋਂ ਵੱਧ ਬਾਰਸ਼ ਦਰਜ ਕੀਤੀ ਗਈ ਸੀ। ਭਾਰੀ ਬਾਰਸ਼ ਦੇ ਕਾਰਣ ਸ਼ਹਿਰ ਦੇ ਵਧੇਰੇ ਇਲਾਕਿਆਂ ਵਿੱਚ ਪਾਣੀ ਇਕੱਠਾ ਹੋ ਗਿਆ ਸੀ। ਇਨ੍ਹਾਂ ਇਲਾਕਿਆਂ ਵਿਚ ਹੈਰੀਟੇਜ ਸਟਰੀਟ, ਲਾਰੈਂਸ ਰੋਡ, ਮਦਨ ਮੋਹਨ ਮਾਲਵੀਆ ਰੋਡ, ਨੇੜੇ ਭੰਡਾਰੀ ਪੁਲ, ਟੇਲਰ ਰੋਡ, ਐਲੀਵੇਟਿਡ ਰੋਡ ਸਮੇਤ ਸ਼ਹਿਰ ਦੇ ਅੰਦਰੂਨੀ ਇਲਾਕੇ ਸ਼ਾਮਲ ਹਨ। ਜਿਨ੍ਹਾਂ ਵਿੱਚ ਅੱਜ ਦੇਰ ਤਕ ਬਾਰਸ਼ ਦਾ ਪਾਣੀ ਖੜ੍ਹਾ ਰਿਹਾ ਹੈ ਅਤੇ ਇਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਮੀਂਹ ਨਾਲ ਤਾਪਮਾਨ ਹੇਠਾਂ ਆਇਆ ਹੈ ਅਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ।
ਸ਼ਾਹਕੋਟ (ਪੱਤਰ ਪ੍ਰੇਰਕ): 25 ਅਤੇ 26 ਜੂਨ ਦੀ ਦਰਮਿਆਨੀ ਰਾਤ ਤੋਂ ਇਲਾਕੇ ਵਿਚ ਪਏ ਮੀਂਹ ਨਾਲ ਇਲਾਕਾ ਵਾਸੀਆਂ ਨੂੰ ਅੱਤ ਦੀ ਪੈ ਰਹੀ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ ਹੈ। ਪਿਛਲੇ ਕੁਝ ਦਿਨਾਂ ਤੋਂ ਗਰਮੀ ਅਤੇ ਹੁੰਮਸ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਸੀ। ਗਰਮੀ ਕਾਰਨ ਬਿਜਲੀ ਦੀ ਮੰਗ ਵੀ ਵਧ ਰਹੀ ਸੀ। ਇਸ ਸਥਿਤੀ ਵਿਚ ਪੈਵਰਕੌਮ ਵੱਲੋਂ ਬਿਜਲੀ ਦੇ ਕੱਟ ਵੀ ਲਗਾਏ ਜਾ ਰਹੇ ਸਨ,ਜੋਂ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵੀ ਵਾਧਾ ਕਰ ਰਹੇ ਸਨ। ਜ਼ੋਰਦਾਰ ਪਏ ਮੀਂਹ ਨਾਲ ਝੋਨਾ ਲਗਾਉਣ ਵਿਚ ਵੀ ਤੇਜੀ ਆਵੇਗੀ। ਝੋਨਾ ਲਗਾਉਣ ਵਾਲੇ ਕਿਸਾਨ ਇਸ ਮੀਂਹ ਤੋਂ ਬੇਹੱਦ ਖੁਸ਼ ਦਿਖਾਈ ਦੇ ਰਹੇ ਹਨ,ਪਰ ਮੱਕੀ ਕਾਸਤਕਾਰ ਕੁਝ ਮਾਯੂਸ ਹੋ ਗਏ ਹਨ। ਮੀਂਹ ਕਾਰਨ ਮੱਕੀ ਦੀ ਚੱਲ ਰਹੀ ਕਟਾਈ ਨੂੰ ਬਰੇਕਾਂ ਲੱਗ ਗਈਆਂ ਹਨ। ਮੀਂਹ ਨਾਲ ਭਾਂਵੇ ਮੱਕੀ ਕਾਸਤਕਾਰਾਂ ਨੂੰ ਕੁਝ ਪ੍ਰੇਸ਼ਾਨੀਆਂ ਆਉਣਗੀਆਂ,ਇਸਦੇ ਬਾਵਜੂਦ ਇਹ ਝੋਨਾ ਕਾਸਤਕਾਰਾਂ ਤੇ ਆਮ ਲੋਕਾਂ ਨੂੰ ਖੁਸ਼ੀ ਹੀ ਪ੍ਰਦਾਨ ਕਰੇਗਾ।
ਮੀਂਹ ਅਤੇ ਝੱਖੜ ਕਾਰਨ ਦਰੱਖਤ ਡਿੱਗੇ
ਤਰਨ ਤਾਰਨ (ਪੱਤਰ ਪ੍ਰੇਰਕ): ਬੀਤੀ ਦੇਰ ਸ਼ਾਮ ਜਿਲ੍ਹੇ ਅੰਦਰ ਆਈ ਭਾਰੀ ਬਾਰਸ਼ ਅਤੇ ਝਖੱੜ ਨੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨ ਦੀ ਖੂਬ ਮੌਜ ਬਣਾ ਦਿੱਤੀ| ਇਹ ਬਾਰਸ਼ ਜਿਥੇ ਲਗਾਏ ਝੋਨੇ ਲਈ ਘਿਓ ਦੇ ਬਰਾਬਰ ਹੋਵੇਗੀ ਉਥੇ ਕਿਸਾਨ ਨੂੰ ਝੋਨਾ ਲਗਾਉਣ ਲਈ ਖੇਤ ਤਿਆਰ ਵਿੱਚ ਵੀ ਬਹੁਤ ਮਦਦਗਾਰ ਸਾਬਤ ਹੋ ਰਹੀ ਹੈ| ਇਸ ਦੇ ਨਾਲ ਹੀ ਤੁੂਫਾਨ ਨੇ ਚਾਰ ਚੁਫੇਰੇ ਸੜਕਾਂ ਦੇ ਕਿਨਾਰਿਆਂ ਲੱਗੇ ਸੈਂਕੜੇ ਰੁੱਖ ਉਖਾੜ ਸੁੱਟੇ ਹਨ| ਸਰਹੱਦੀ ਖੇਤਰ ਦੇ ਪਿੰਡ ਦੋਦੇ ਕਲਸੀਆਂ ਦੇ ਸਰਪੰਚ ਜਗਮੋਹਨ ਸਿੰਘ ਨੇ ਦੱਸਿਆ ਕਿ ਇਹ ਭਾਰੀ ਬਾਰਸ਼ ਇਲਾਕੇ ਅੰਦਰ ਖਾਲੜਾ, ਭਿੱਖੀਵਿੰਡ, ਖੇਮਕਰਨ, ਰਾਜੋਕੇ, ਵਲਟੋਹਾ, ਵਰਨਾਲਾ, ਘਰਿਆਲਾ, ਹਰੀਕੇ, ਗੰਡੀਵਿੰਡ ਸਰਾਂ, ਝਬਾਲ ਆਦਿ ਸਾਰੇ ਪਿੰਡਾਂ ਵਿੱਚ ਇਕ ਸਮਾਨ ਹੋਈ ਹੈ| ਉਨ੍ਹਾਂ ਕਿਹਾ ਕਿ ਬਾਰਸ਼ ਪਿਛਲੇ ਕੁਝ ਦਿਨਾਂ ਤੋਂ ਅਤਿ ਦੀ ਪੈ ਰਹੀ ਗਰਮੀ ਅਤੇ ਹੁੰਮਤ ਤੋਂ ਮਨੁੱਖਾਂ ਅਤੇ ਜੀਵ-ਜੰਤੂਆਂ ਨੂੰ ਭਾਰੀ ਰਾਹਤ ਦਿੱਤੀ ਹੈ| ਕਿਸਾਨ ਬਾਰਸ਼ ਦੇ ਇਸ ਪਾਣੀ ਤੋਂ ਲਾਹਾ ਲੈਣ ਲਈ ਮਹਿੰਗੀ ਮਜ਼ਦੂਰੀ ਨਾਲ ਵੀ ਝੋਨਾ ਲਗਾਉਣ ਨੂੰ ਤਿਆਰ ਹੋ ਰਿਹਾ ਹੈ| ਜਿਲ੍ਹੇ ਅੰਦਰ ਤੂੁਫਾਨ ਨੇ ਵੀ ਸਾਰੇ ਪਾਸੇ ਵੱਡੀ ਗਿਣਤੀ ਰੁੱਖਾਂ ਨੂੰ ਉਖਾੜ ਸੁੱਟਿਆ ਹੈ| ਜੰਗਲਾਤ ਵਿਭਾਗ ਦੇ ਅਧਿਕਾਰੀਆਂ ਆਵਾਜਾਈ ਵਿੱਚ ਕਿਸੇ ਕਿਸਮ ਦੀ ਰੁਕਾਵਟ ਆਉਣ ਤੋਂ ਬਚਾਅ ਕਰਨ ਲਈ ਦਿਨ ਭਰ ਸੜਕਾਂ ‘ਤੇ ਡਿੱਗੇ ਰੁੱਖਾਂ ਨੂੰ ਠੀਕ ਕਰਨ ਦੀ ਕਾਰਵਾਈ ਕੀਤੀ| ਬਲਾਕ ਜੰਗਲਾਤ ਅਧਿਕਾਰੀ ਨੌਸ਼ਹਿਰਾ ਪੰਨੂੰਆਂ ਮਨਜਿੰਦਰ ਸਿੰਘ ਨੇ ਦੱਸਿਆ ਕਿ ਤਰਨ ਤਾਰਨ-ਪੱਟੀ, ਸ਼ੇਰੋਂ-ਢੋਟੀਆਂ, ਗੋਇੰਦਵਾਲ ਸਾਹਿਬ ਸੜਕਾਂ ਨੂੰ ਸਾਫ਼ ਕਰਵਾ ਦਿੱਤਾ ਗਿਆ ਹੈ| ਵਣ ਰੇਂਜ ਅਧਿਕਾਰੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਸੜਕਾਂ ਤੇ ਡਿੱਗੇ ਰੁੱਖਾਂ ਨੂੰ ਹਟਾਉਣ ਦੀ ਕਾਰਵਾਈ ਸਮੇਂ ਸਿਰ ਕੀਤੇ ਜਾਣ ਨਾਲ ਕਿਧਰੋਂ ਵੀ ਆਵਾਜਾਈ ਵਿੱਚ ਰੁਕਾਵਟ ਆਉਣ ਦੀ ਸੂਚਨਾ ਨਹੀਂ ਮਿਲੀ ਹੈ| ਮੁੱਖ ਖੇਤੀਬਾੜੀ ਅਧਿਕਾਰੀ ਹਰਪਾਲ ਸਿੰਘ ਪੰਨੂੰ ਨੇ ਦੱਸਿਆ ਕਿ ਬੀਤੀ ਰਾਤ ਤਰਨ ਤਾਰਨ ਤਹਿਸੀਲ ਵਿੱਚ 80.4 ਐਮ ਐਮ, ਪੱਟੀ ਵਿੱਚ 36 ਐਮ ਐਮ ਅਤੇ ਖਡੂਰ ਸਾਹਿਬ ਵਿੱਚ 25 ਐਮ ਐਮ ਬਾਰਸ਼ ਹੋਈ ਹੈ| ਅਧਿਕਾਰੀ ਨੇ ਬਾਰਸ਼ ਨੂੰ ਕਿਸਾਨ ਲਈ ਕਾਫੀ ਲਾਹੇਵੰਦ ਕਿਹਾ ਹੈ| ਉਨ੍ਹਾਂ ਕਿਹਾ ਕਿ ਬਾਰਸ਼ ਨਾਲ ਦੁਧਾਰੂ ਪਸ਼ੂਆਂ ਨੂੰ ਵੀ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਹੈ|
ਰੇਲਵੇ ਪੁਲ ਹੇਠਾਂ ਪਾਣੀ ਖੜ੍ਹਨ ਕਾਰਨ ਪਿੰਡ ਵਾਸੀਆਂ ਵੱਲੋਂ ਨਾਅਰੇਬਾਜ਼ੀ
ਚੇਤਨਪੁਰਾ (ਪੱਤਰ ਪ੍ਰੇਰਕ): ਭਾਰੀ ਮੀਂਹ ਨੇ ਪਿੰਡ ਕੋਟਲਾ ਗੁੱਜਰਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕਰ ਦਿੱਤਾ ਕਿਉਂਕਿ ਇਸ ਪਿੰਡ ਵਿੱਚ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਵਾਇਆ ਫ਼ਤਹਿਗੜ੍ਹ ਚੂੜੀਆਂ ਹੋ ਕੇ ਜਾਣ ਵਾਲੀ ਰੇਲ ਪਟੜੀ ਦੇ ਹੇਠਾਂ ਇਸ ਪਿੰਡ ਵਿੱਚ ਰੇਲਵੇ ਵਿਭਾਗ ਵੱਲੋਂ ਇੱਕ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਜੋ ਕੇ ਨੀਵਾਂ ਹੋਣ ਕਰਕੇ ਇੱਥੇ ਅਕਸਰ ਪਾਣੀ ਖੜ੍ਹਾ ਹੋ ਜਾਂਦਾ ਹੈ, ਜਦ ਕਿ ਬੀਤੇ ਕੱਲ੍ਹ ਪਏ ਭਾਰੀ ਮੀਂਹ ਕਾਰਨ ਇਸ ਪੁਲ ਹੇਠਾਂ 3 ਤੋਂ 4 ਫੁੱਟ ਦੇ ਕਰੀਬ ਪਾਣੀ ਖੜ੍ਹਾ ਹੋਣ ਕਰਕੇ ਲੋਕਾਂ ਦਾ ਸੰਪਰਕ ਦੂਜੇ ਇਲਾਕ਼ੇ ਨਾਲੋਂ ਟੁੱਟ ਗਿਆ ਹੈ ਜਿਸ ਤੇ ਪਿੰਡ ਕੋਟਲਾ ਗੁੱਜਰਾਂ ਦੇ ਲੋਕਾਂ ਨੇ ਦੁਖੀ ਹੋ ਕੇ ਪੰਜਾਬ ਸਰਕਾਰ ਤੇ ਰੇਲਵੇ ਵਿਭਾਗ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਈ ਕੁਲਵੰਤ ਸਿੰਘ ਕੋਟਲਾ ਗੁੱਜਰਾਂ ਪ੍ਰਧਾਨ ਹਲਕਾ ਮਜੀਠਾ ਸ਼ੋ੍ਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦੱਸਿਆ ਕਿ ਅੱਜ ਪਿੰਡ ਕੋਟਲਾ ਗੁੱਜਰਾਂ ਵਿਖੇ ਫਿਰ ਤੋਂ ਭਾਰੀ ਮੀਂਹ ਪੈਣ ਨਾਲ ਪੁਲ ਥੱਲਿਉਂ ਕਿਸਾਨਾਂ ਨੂੰ ਲੰਘਣਾ ਹੋਇਆ ਔਖਾ ਹੋਇਆ ਪਿਆ ਹੈ ਤੇ ਰਾਹਗੀਰ ਵੀ ਖੱਜਲ ਖੁਆਰ ਹੋ ਰਹੇ ਹਨ ਜਦ ਕਿ ਇਸ ਮਾਮਲੇ ਸਬੰਧੀ ਕਈ ਵਾਰ ਸਰਕਾਰ ਤੇ ਰੇਲਵੇ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਇਸ ਪੁਲ ਹੇਠਾਂ ਪਾਣੀ ਖੜ੍ਹਾ ਹੋਣ ਦਾ ਕੋਈ ਪੁਖਤਾ ਹੱਲ ਕੀਤਾ ਜਾਵੇ ਪਰ ਉਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਇੱਥੋਂ ਗੁਜ਼ਰਨ ਵਾਲੀ ਟਰੇਨ ਨੂੰ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਬਲਰਾਜ ਸਿੰਘ ਬੱਲੀ, ਸ੍ਰ ਸੁਖਵੰਤ ਸਿੰਘ ਸਾਬਕਾ ਜੇਈ, ਸ੍ਰ ਅਮਰੀਕ ਸਿੰਘ ਫੌਜੀ, ਸ੍ਰ ਰਵੇਲ ਸਿੰਘ ਫੋਜੀ, ਡਰਾਈਵਰ ਜੋਨੀ ਭੁੱਲਰ, ਇੰਦਰਬੀਰ ਸਿੰਘ, ਗੁਰਪ੍ਰੀਤ ਸਿੰਘ, ਗੋਰੂ ਬਾਬਾ ਆਦਿ ਹਾਜ਼ਰ ਸਨ।