ਪੰਜਾਬ ਵਿੱਚ ਭਰਵੇਂ ਮੀਂਹ ਕਾਰਨ ਜਲ-ਥਲ
ਆਤਿਸ਼ ਗੁਪਤਾ
ਚੰਡੀਗੜ੍ਹ, 4 ਸਤੰਬਰ
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਲੰਘੀ ਰਾਤ ਪਏ ਭਰਵੇਂ ਮੀਂਹ ਨੇ ਸ਼ਹਿਰਾਂ ਨੂੰ ਜਲ-ਥਲ ਕਰ ਦਿੱਤਾ ਹੈ। ਮੀਂਹ ਕਾਰਨ ਕਈ ਥਾਈਂ ਸੜਕਾਂ ’ਤੇ ਪਾਣੀ ਭਰ ਗਿਆ ਅਤੇ ਕਈ ਥਾਵਾਂ ’ਤੇ ਗੋਡੇ-ਗੋਡੇ ਪਾਣੀ ਖੜ੍ਹਨ ਕਾਰਨ ਰਾਹਗੀਰ ਪ੍ਰੇਸ਼ਾਨ ਹੋਏ। ਅੱਜ ਤੜਕੇ ਤੋਂ ਰੁਕ-ਰੁਕ ਕੇ ਪਾ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਮੀਂਹ ਕਰਕੇ ਤਾਪਮਾਨ ਵਿੱਚ ਵੀ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਨੇ 7, 8, 9 ਤੇ 10 ਸਤੰਬਰ ਨੂੰ ਮੁੜ ਪੰਜਾਬ ਵਿੱਚ ਕਈ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਵਿੱਚ ਰਾਤ 1 ਵਜੇ ਦੇ ਕਰੀਬ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, ਜੋ ਸਵੇਰੇ 11-12 ਵਜੇ ਤੱਕ ਪੈਂਦਾ ਰਿਹਾ। ਇਸ ਦੌਰਾਨ ਕਈ ਸ਼ਹਿਰਾਂ ਦੇ ਰਿਹਾਇਸ਼ੀ ਤੇ ਵਪਾਰਕ ਇਲਾਕਿਆ ਵਿੱਚ ਪਾਣੀ ਭਰ ਗਿਆ। ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ। ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਨ ਕਰਕੇ ਇਕ ਵਾਰ ਫੇਰ ਪ੍ਰਸ਼ਾਸਨ ਦੀ ਰੋਡ-ਗਲੀਆਂ ਅਤੇ ਨਾਲਿਆਂ ਦੀ ਸਫਾਈ ਕਰਨ ਦੀ ਪੋਲ ਖੋਲ੍ਹ ਦਿੱਤੀ। ਅੱਜ ਸੜਕਾਂ ’ਤੇ ਪਾਣੀ ਭਰਨ ਕਰਕੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਕੰਮਕਾਜ ’ਤੇ ਜਾਣ ਵਾਲਿਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ 45 ਐੱਮਐੱਮ, ਅੰਮ੍ਰਿਤਸਰ ਵਿੱਚ 1.7, ਲੁਧਿਆਣਾ ਵਿੱਚ 34.4, ਪਟਿਆਲਾ ਵਿੱਚ 88.8, ਬਠਿੰਡਾ ਏਅਰਪੋਰਟ ’ਤੇ 32.6, ਬਠਿੰਡਾ ਵਿੱਚ 17.8, ਗੁਰਦਾਸਪੁਰ ਵਿੱਚ 35.2, ਨਵਾਂ ਸ਼ਹਿਰ ਵਿੱਚ 61.2, ਫਰੀਦਕੋਟ ਵਿੱਚ 41, ਫ਼ਤਹਿਗੜ੍ਹ ਸਾਹਿਬ ਵਿੱਚ 70, ਫਾਜ਼ਿਲਕਾ ਵਿੱਚ 24.5, ਫਿਰੋਜ਼ਪੁਰ ਵਿੱਚ 48, ਮੋਗਾ ਵਿੱਚ 19, ਮੁਹਾਲੀ ਵਿੱਚ 12.5, ਸੰਗਰੂਰ ਵਿੱਚ 25.5 ਅਤੇ ਰੋਪੜ ਵਿੱਚ 5.5 ਐੱਮਐੱਮ ਮੀਂਹ ਪਿਆ।