For the best experience, open
https://m.punjabitribuneonline.com
on your mobile browser.
Advertisement

ਗੜੇਮਾਰੀ: ਬਠਿੰਡਾ ਦੇ 70 ਪਿੰਡਾਂ ’ਚ 85 ਹਜ਼ਾਰ ਏਕੜ ਰਕਬਾ ਪ੍ਰਭਾਵਿਤ

07:52 AM Mar 04, 2024 IST
ਗੜੇਮਾਰੀ  ਬਠਿੰਡਾ ਦੇ 70 ਪਿੰਡਾਂ ’ਚ 85 ਹਜ਼ਾਰ ਏਕੜ ਰਕਬਾ ਪ੍ਰਭਾਵਿਤ
ਬਠਿੰਡਾ ਦੇ ਇੱਕ ਪਿੰਡ ਵਿੱਚ ਖੇਤ ’ਚ ਵਿੱਛੀ ਕਣਕ ਦੀ ਫ਼ਸਲ।
Advertisement

ਮਨੋਜ ਸ਼ਰਮਾ
ਬਠਿੰਡਾ, 3 ਮਾਰਚ
ਬਠਿੰਡਾ ਪੱਟੀ ਵਿੱਚ ਕੱਲ੍ਹ ਬਾਅਦ ਦੁਪਹਿਰ ਹੋਈ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਨੇ ਕਣਕ, ਸਰ੍ਹੋਂ, ਛੋਲੇ, ਸਬਜ਼ੀਆਂ ਅਤੇ ਆਲੂਆਂ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ ਹੈ। ਵੇਰਵਿਆਂ ਮੁਤਾਬਕ ਬਠਿੰਡਾ ਜ਼ਿਲ੍ਹੇ ਵਿੱਚ 70 ਪਿੰਡ ’ਚ 85 ਹਜ਼ਾਰ ਦੇ ਕਰੀਬ ਕਣਕ ਅਤੇ ਸਰ੍ਹੋਂ ਦਾ ਰਕਬਾ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਮਿਲੀ ਰਿਪੋਰਟ ਮੁਤਾਬਕ ਬਠਿੰਡਾ ਬਲਾਕ ਦੇ 32, ਨਥਾਣਾ ਦੇ 8, ਫੂਲ ਬਲਾਕ ਦੇ 16 ਅਤੇ ਸੰਗਤ ਦੇ 14 ਪਿੰਡਾਂ ਵਿੱਚ ਕੁਦਰਤ ਦਾ ਕਹਿਰ ਵਾਪਰਿਆ ਹੈ। ਬਠਿੰਡਾ ਬਲਾਕ ਦੇ 32 ਪਿੰਡ ਜਿਨ੍ਹਾਂ ’ਚੋਂ ਮਹਿਮਾ ਸਰਜਾ, ਮਹਿਮਾ ਸਰਕਾਰੀ, ਮਹਿਮਾ ਸਵਾਈ, ਮਹਿਮਾ ਭਗਵਾਨਾ ਵਿੱਚ ਸਭ ਤੋਂ ਵੱਧ ਗੜੇਮਾਰੀ ਹੋਈ ਹੈ। ਇਸ ਤਰ੍ਹਾਂ ਨਥਾਣਾ ਬਲਾਕ ਦੇ 8 ਪਿੰਡਾਂ ਵਿੱਚ ਕਲਿਆਣ ਸੁੱਖਾ, ਕਲਿਆਣ ਮਲਕਾ, ਕਲਿਆਣ ਸੱਦਾ, ਗਿੱਦੜ ਢੇਲਮਾ, ਗੋਬਿੰਦਪੁਰਾ, ਨਥਾਣਾ, ਨਾਥਪੁਰਾ ਪਿੰਡਾਂ ਵਿੱਚ ਮੀਂਹ ਪਿਆ ਹੈ। ਫੂਲ ਬਲਾਕ ਦੇ 16 ਪਿੰਡਾਂ ’ਚ ਗੁਰੂਸਰ ਜਲਾਲ, ਭੋਡੀਪੁਰਾ, ਜਲਾਲ ਕੌਰਿਆਨਾ ਵਾਲਾ, ਹਮੀਰਗੜ੍ਹ ਰਾਮਾਵਾਲਾ, ਬੁਰਜ ਲੱਧਾ ਬੁੱਗਰ, ਭਗਤਾ, ਕੇਸਰ ਵਾਲਾ, ਸਿਰੀਏਵਾਲਾ, ਬੁਰਜ ਥਰੋੜ ਮਲੂਕਾ, ਨਿਉਰ ਕੋਠਾ, ਗੁਰੂ ਦਿਆਲਪੁਰਾ ਮਿਰਜਾ ਆਦਿ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸੇ ਤਰ੍ਹਾਂ ਹੀ ਸੰਗਤ ਬਲਾਕ ਦੇ 14 ਪਿੰਡਾਂ ’ਚੋਂ ਸਰਕਲ ਘੁੱਦਾ, ਕਾਲਝਰਾਣੀ ਰਾਏ ਕਲਾਂ ਦੇ ਸਾਰੇ ਪਿੰਡਾਂ ਵਿੱਚ ਨੁਕਸਾਨ ਹੋਣ ਦਾ ਸਮਾਚਾਰ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਕਾਮਰੇਡ ਬਲਕਰਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਗੜੇਮਾਰੀ ਅਤੇ ਮੀਂਹ ਕਾਰਨ ਫਸਲਾਂ ਦਾ ਖਾਸਾ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ। ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ 5 ਮਾਰਚ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨੇ ਦਿੱਤੇ ਜਾ ਰਹੇ ਹਨ, ਜਿਸ ਵਿੱਚ ਮੁਆਵਜ਼ੇ ਦੀ ਮੰਗ ਨੂੰ ਜ਼ੋਰ ਨਾਲ ਉਠਾਇਆ ਜਾਵੇਗਾ।

Advertisement

ਕੀ ਕਹਿੰਦੇ ਨੇ ਮੁੱਖ ਖੇਤੀਬਾੜੀ ਅਫਸਰ

ਖੇਤੀਬਾੜੀ ਵਿਭਾਗ ਦੇ ਮੁੱਖ ਅਫਸਰ ਡਾ. ਕਰਨਜੀਤ ਸਿੰਘ ਨੇ ਕਿਹਾ ਕਿ ਬਠਿੰਡਾ ਬਲਾਕ ਦੇ 70 ਪਿੰਡ ਗੜੇਮਾਰੀ ਕਾਰਨ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਪ੍ਰਭਾਵਿਤ ਹੋਈ ਕਣਕ ਦੀ ਫਸਲ ਦਾ ਸਹੀ ਅੰਦਾਜ਼ਾ ਮੌਸਮ ਸਾਫ਼ ਹੋਣ ਤੋਂ ਬਾਅਦ ਹੀ ਲਗਾਇਆ ਜਾਵੇਗਾ।

Advertisement

ਮੀਂਹ ਤੇ ਗੜੇਮਾਰੀ ਦੀ ਲਪੇਟ ’ਚ ਆਏ ਪੀੜਤਾਂ ਲਈ ਮੁਆਵਜ਼ਾ ਮੰਗਿਆ

ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿੱਚ ਕੱਲ੍ਹ ਪਏ ਮੀਂਹ ਅਤੇ ਗੜੇਮਾਰੀ ਦੇ ਨਾਲ ਵੱਡੀ ਗਿਣਤੀ ਵਿੱਚ ਦਰੱਖਤ, ਖੰਭੇ ਡਿੱਗ ਪਏ, ਲੋਕਾਂ ਦੇ ਘਰ ਨੁਕਸਾਨੇ ਗਏ ਤੇ ਬਰਾਂਡਿਆਂ ਦੀਆਂ ਛੱਤਾਂ ਉੱਡ ਗਈਆਂ। ਤੇਜ਼ ਬਾਰਿਸ਼ ਕਾਰਨ ਕਣਕਾਂ ਵਿਛ ਗਈਆਂ। ਪਿੰਡ ਪੱਤੋਂ ਹੀਰਾ ਸਿੰਘ ਦੇ ਬੂਟਾ ਸਿੰਘ ਪੁੱਤਰ ਭਜਨ ਸਿੰਘ ਦੇ ਘਰ ਦੇ ਬਰਾਂਡੇ ਦੀ ਛੱਤ ਅਤੇ ਮਕਾਨ ਦਾ ਛੇਜਾ ਡਿੱਗ ਪਿਆ। ਉਨ੍ਹਾਂ ਦੇ ਪਰਿਵਾਰ ਦਾ ਜਾਨੀ ਨੁਕਸਾਨ ਹੋਣੋ ਮਸਾ ਬਚਾਅ ਰਿਹਾ। ‘ਆਪ’ ਆਗੂ ਪਰਮਿੰਦਰ ਸਿੰਘ, ਨਿਰਭੈ ਸਿੰਘ ਬੱਬੂ ਨੇ ਦੱਸਿਆ ਕਿ ਪੱਤੋਂ ਵਿੱਚ ਹੀ ਝੱਖੜ ਨੇ ਟਰਾਂਸਫਾਰਮਰ, ਪੁਰਾਣੇ ਦਰੱਖਤ ਪੁੱਟ ਦਿੱਤੇ ਅਤੇ ਕਈ ਘਰਾਂ ਨੂੰ ਨੁਕਸਾਨ ਪੁੱਜਾ ਹੈ। ਜ਼ੋਰਦਾਰ ਗੜੇਮਾਰੀ ਕਾਰਨ ਦੀਨਾ, ਪੱਤੋਂ, ਰੌਂਤਾ, ਖੋਟੇ, ਖਾਈ ਦੀਦਾਰੇ ਵਾਲਾ ਆਦਿ ਪਿੰਡਾਂ ਦੇ ਖੇਤਾਂ ਵਿੱਚ ਅਗੇਤੀਆਂ ਕਣਕਾਂ ਦੀਆਂ ਬੱਲੀਆਂ ਟੁੱਟ ਗਈਆਂ। ਬਰਸੀਨ, ਸਰ੍ਹੋਂ ਅਤੇ ਸਬਜ਼ੀਆਂ ਦੀ ਫ਼ਸਲ ਦਾ ਬੇਹੱਦ ਨੁਕਸਾਨ ਹੋਇਆ ਹੈ। ਕਿਸਾਨ ਆਗੂ ਮੁਖਤਿਆਰ ਸਿੰਘ ਦੀਨਾ, ਦਰਸ਼ਨ ਸਿੰਘ ਮਧੇ, ਨਾਜਰ ਸਿੰਘ ਖਾਈ, ਬੂਟਾ ਸਿੰਘ ਭਾਗੀ ਕੇ, ਬਿੱਕਰ ਸਿੰਘ ਰੌਂਤਾ ਨੇ ਮੀਂਹ ਤੇ ਗੜੇਮਾਰੀ ਦੀ ਮਾਰ ਹੇਠ ਆਏ ਲੋਕਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

Advertisement
Author Image

sanam grng

View all posts

Advertisement