ਰੇਲਵੇ ਅੰਡਰਬ੍ਰਿਜ ਵਿੱਚ ਪਾਣੀ ਭਰਿਆ; ਆਵਾਜਾਈ ਠੱਪ
ਰਮੇਸ ਭਾਰਦਵਾਜ
ਲਹਿਰਾਗਾਗਾ, 3 ਅਗਸਤ
ਇੱਥੇ ਲੰਘੀ ਰਾਤ ਪਏ ਮੀਂਹ ਕਾਰਨ ਲਹਿਰਾਗਾਗਾ ਦਾ ਰੇਲਵੇ ਅੰਡਰਬ੍ਰਿਜ ਪਾਣੀ ਨਾਲ ਨੱਕੋ ਨੱਕ ਭਰ ਗਿਆ। ਇਸ ਕਾਰਨ ਦੋਵੇਂ ਪਾਸੇ ਵਸੇ ਲਹਿਰਾਗਾਗਾ ਸ਼ਹਿਰ ਦਾ ਇਸ ਪਾਸੇ ਤੋਂ ਲਿੰਕ ਟੁੱਟ ਗਿਆ। ਹੁਣ ਲੋਕਾਂ ਨੂੰ ਕਈ ਕਿਲੋਮੀਟਰ ਦਾ ਗੇੜ ਪਾ ਕੇ ਦੂਜੇ ਪਾਸੇ ਬਣੇ ਰੇਲਵੇ ਕਰਾਸਿੰਗ ਵਾਲੇ ਪਾਸੇ ਤੋਂ ਆਉਣਾ ਜਾਣਾ ਪੈ ਰਿਹਾ ਹੈ। ਸ਼ਹਿਰ ਦੇ ਅੰਡਰਬ੍ਰਿਜ ਵਾਲੇ ਪਾਸਿਉਂ ਆਵਾਜਾਈ ਰੁਕਣ ਕਾਰਨ ਰੇਲਵੇ ਕਰਾਸ ਵਾਲੇ ਪਾਸੇ ਜਦੋਂ ਫਾਟਕ ਲੱਗ ਜਾਂਦਾ ਹੈ ਤਾਂ ਉਸ ਸਮੇਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੀ ਪ੍ਰਧਾਨ ਕਾਂਤਾ ਗੋਇਲ ਨੇ ਦੋ ਕੁ ਮਹੀਨੇ ਪਹਿਲਾਂ ਇਸ ਅੰਡਰਬ੍ਰਿਜ ਦੀ ਸਫਾਈ ਵੀ ਕਰਵਾਈ ਸੀ। ਇਸ ਕਾਰਨ ਬਾਰਿਸ਼ਾਂ ਕਾਰਨ ਇਸ ਪੁਲ ਵਿੱਚ ਆਵਾਜਾਈ ਆਮ ਵਾਂਗ ਬਹਾਲ ਰਹੀ ਪਰ ਇਸ ਤੋਂ ਬਾਅਦ ਹੁਣ ਫਿਰ ਇਹ ਅੰਡਰਬ੍ਰਿਜ ਨੱਕੋ-ਨੱਕ ਭਰ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਸ ਅੰਡਰਬ੍ਰਿਜ ਵਿੱਚ ਜ਼ਿਆਦਾ ਪਾਣੀ ਭਰ ਜਾਣ ਕਾਰਨ ਇਕ ਬੱਸ ਡੁੱਬ ਗਈ ਸੀ ਜਿਸ ਦੀਆਂ ਸਵਾਰੀਆਂ ਨੂੰ ਪੌੜੀਆਂ ਲਾ ਕੇ ਬਾਹਰ ਕੱਢਿਆ ਗਿਆ। ਸ਼ਹਿਰ ਨਿਵਾਸੀਆਂ ਦੀ ਮੰਗ ਹੈ ਕਿ ਇਸ ਅੰਡਰਬ੍ਰਿਜ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।