ਹੜ੍ਹ ਪੀੜਤਾਂ ਨੂੰ ਜਲਦੀ ਮੁਆਵਜ਼ਾ ਦਿੱਤਾ ਜਾਵੇਗਾ: ਖੁੱਡੀਆਂ
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 22 ਜੁਲਾਈ
ਪੰਜਾਬ ਦੇ ਹੜ੍ਹ ਪੀੜਤ ਲੋਕਾਂ ਨੂੰ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਜਲਦੀ ਮੁਆਵਜ਼ਾ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇੱਥੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਕੀਤਾ। ਸ੍ਰੀ ਖੁੱਡੀਆਂ ਨੂੰ ਮੈਨੇਜਰ ਭਾਈ ਨੱਥਾ ਸਿੰਘ ਵੱਲੋਂ ਦਫਤਰ ਵਿਚ ਸਿਰਪਾਓ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੀਬ 2.5 ਲੱਖ ਏਕੜ ਰਕਬੇ ਵਿੱਚ ਮੁੜ ਝੋਨੇ ਦੀ ਬਿਜਾਈ ਦਾ ਟੀਚਾ ਮਿਥਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਸਮੇਂ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਜਲਦੀ ਹੀ ਗਿਰਦਾਵਰੀ ਕਰਵਾਕੇ ਪੀੜ੍ਹਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਹੜ੍ਹਾਂ ਦੀ ਸਥਿਤੀ ’ਤੇ ਪੂਰੀ ਨਜ਼ਰ ਰੱਖੀ ਹੋਈ ਹੈ ਤੇ ਉਹ ਨਿਰੰਤਰ ਸਬੰਧਤ ਵਿਭਾਗ ਤੋਂ ਰਿਪੋਰਟਾਂ ਵੀ ਲੈ ਰਹੇ ਹਨ। ਸ੍ਰੀ ਖੁੱਡੀਆਂ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਮੁਹੱਈਆ ਕਰਵਾਉਣ ਲਈ ਪਨੀਰੀ ਦੀ ਬਿਜਾਈ ਤੋਂ ਲੈ ਕੇ ਬੀਜ ਮੁਫਤ ਵੰਡਣ ਤੱਕ ਹਰ ਲੋੜੀਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਰਿਆਵਾਂ ਅਤੇ ਨਦੀਆਂ ਦੇ ਟੁੱਟ ਚੁੱਕੇ ਬੰਨ੍ਹਾਂ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ।